ਹੁਸ਼ਿਆਰਪੁਰ- ਪੂਰਵ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਖ਼ਣ ਸੂਦ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2025 ਤੋਂ ਹਰ ਕਿਸਮ ਦੀ ਸੰਪੱਤੀ 'ਤੇ 5% ਪ੍ਰਾਪਰਟੀ ਟੈਕਸ ਵਧਾਉਣ ਦੇ ਫੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਮੱਧਵਰਗ ਲਈ ਔਰ ਵੀ ਵੱਡਾ ਝਟਕਾ ਸਾਬਤ ਹੋਵੇਗਾ।
ਉਨ੍ਹਾਂ ਯਾਦ ਦਿਲਾਇਆ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਅੰਗਰੇਜ਼ੀ ਦੌਰ ਦੇ ਨਾਜਾਇਜ਼ ਹਾਊਸ ਟੈਕਸ ਸਿਸਟਮ ਤੋਂ ਮੁਕਤੀ ਦਿਲਾ ਕੇ ਲੋਕਾਂ ਨੂੰ ਇਕ ਤਰਕਸੰਗਤ ਪ੍ਰਾਪਰਟੀ ਟੈਕਸ ਯੁੱਗ ਵਿਚ ਲਿਆਂਦਾ ਗਿਆ ਸੀ, ਜਿਸਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਖ਼ੁਦ ਵਿਰੋਧ ਕਰਦੇ ਹੋਏ ਰਦ ਕਰਨ ਦੀ ਮੰਗ ਕੀਤੀ ਸੀ। ਇਨ੍ਹਾਂ ਪਾਰਟੀਆਂ ਨੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਅੰਦੋਲਨ ਵੀ ਕੀਤੇ ਤੇ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਆਉਣ 'ਤੇ ਇਹ ਟੈਕਸ ਰੱਦ ਕਰ ਦਿੱਤਾ ਜਾਵੇਗਾ।
ਤੀਖ਼ਣ ਸੂਦ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੀ ਸਰਕਾਰ ਆਉਣ ਮਗਰੋਂ ਵੀ ਇਹ ਟੈਕਸ ਵਧਾਇਆ ਗਿਆ, ਜਿਸ ਨਾਲ ਆਮ ਲੋਕ, ਖ਼ਾਸ ਕਰਕੇ ਮੱਧਵਰਗ, ਵਧੇਰੇ ਪੀੜਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਮੱਧਵਰਗ ਦੇ ਲੋਕ ਹੀ ਸਭ ਤੋਂ ਵੱਧ ਪ੍ਰਾਪਰਟੀ ਟੈਕਸ ਦੀ ਮਾਰ ਝੱਲਦੇ ਹਨ, ਅਤੇ ਹੁਣ ਇਸ ਵਾਧੇ ਨਾਲ ਉਹਨਾਂ ਦੀ ਆਰਥਿਕ ਸਥਿਤੀ ਹੋਰ ਖ਼ਰਾਬ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਹੀ ਸੀਵਰੇਜ, ਪਾਣੀ ਸਪਲਾਈ, ਫਾਇਰ ਐਨ.ਓ.ਸੀ., ਸੀ.ਐੱਲ.ਯੂ., ਨਕਸ਼ਾ ਫੀਸ, ਲਾਇਸੈਂਸ ਫੀਸ ਆਦਿ ਵਿੱਚ ਵਾਧਾ ਕਰਕੇ ਸਰਕਾਰ ਨੇ ਸ਼ਹਿਰੀ ਆਬਾਦੀ 'ਤੇ ਭਾਰੀ ਬੋਝ ਪਾ ਦਿੱਤਾ ਹੈ। ਹੁਣ ਪ੍ਰਾਪਰਟੀ ਟੈਕਸ ਵਾਧਾ ਲੋਕਾਂ ਲਈ ਜੀਉਣਾ ਮੁਸ਼ਕਲ ਕਰ ਦੇਵੇਗਾ।
ਤੀਖ਼ਣ ਸੂਦ ਨੇ ਸਰਕਾਰ ਕੋਲੋਂ ਇਹ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਸ ਆਮ ਆਦਮੀ ਪਾਰਟੀ ਦੇ ਆਈ.ਆਰ.ਐਸ. ਮੁਖੀ ਨੇ ਹਰ ਸਾਲ 54,000 ਕਰੋੜ ਰੁਪਏ ਭ੍ਰਿਸ਼ਟਾਚਾਰ ਤੋਂ ਬਚਾ ਕੇ ਵਿਕਾਸ 'ਤੇ ਲਗਾਉਣ ਦੇ ਵਾਅਦੇ ਕੀਤੇ ਸਨ, ਉਹ ਕਿੱਥੇ ਗਏ?
5% ਪ੍ਰਾਪਰਟੀ ਟੈਕਸ ਵਧਾ ਕੇ ਸਰਕਾਰ ਨੇ ਸ਼ਹਿਰੀ ਮੱਧਵਰਗ ਦੀ ਕਮਰ ਤੋੜੀ : ਤੀਖ਼ਣ ਸੂਦ
