ਹੁਸ਼ਿਆਰਪੁਰ:- ਸਿਵਲ ਸਰਜਨ ਹੁਸ਼ਿਆਰਪੁਰ ਡਾ.ਮਨਦੀਪ ਕਮਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਅੱਜ ਸੀ.ਐਚ.ਸੀ ਭੁੰਗਰਨੀ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਵਿਧਾਇਕ ਚੱਬੇਵਾਲ ਡਾ.ਇੰਸ਼ਾਕ ਕੁਮਾਰ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਕੇ ਮੈਡੀਕਲ ਕੈਂਪ ਦਾ ਜ਼ਾਇਜ਼ਾ ਲਿਆ। ਉਨਾਂ ਮੌਕੇ ਤੇ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸਿਹਤ ਪੱਖ ਨੂੰ ਲੈਕੇ ਹਰ ਦਿਨ ਸਰਕਾਰ ਵਲੋਂ ਨਵੇਂ ਕਦਮ ਚੁੱਕੇ ਜਾ ਰਹੇ ਹਨ। ਇਸੇ ਸੰਦਰਭ ਵਿੱਚ ਅੱਜ ਵਿਸ਼ਵ ਸਿਹਤ ਦਿਵਸ" 'ਤੇ ਪਿੰਡ ਭੁੰਗਰਨੀ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਤਾਂ ਕਿ ਪਿੰਡ ਵਾਸੀਆਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਨਾਲ ਹੀ ਉਹਨਾਂ ਨੂੰ ਤਜਰਬੇਕਾਰ ਡਾਕਟਰਾਂ ਵੱਲੋਂ ਵਧੀਆਂ ਸਿਹਤ ਸੇਵਾਂਵਾਂ ਵੀ ਦਿੱਤੀਆਂ ਜਾ ਸਕਣ। ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਿਹਤ ਸੇਵਾਵਾਂ ਦਾ ਪੂਰਾ ਲਾਭ ਲੈਣ, ਸਮੇਂ-ਸਮੇਂ ‘ਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਤੰਦਰੁਸਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਹਾਜ਼ਰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐਚ.ਸੀ ਹਾਰਟਾ ਬਡਲਾ ਡਾ.ਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਪਿੰਡ ਵਾਸੀਆਂ ਲਈ ਸਮੇਂ ਸਮੇਂ ਤੇ ਮੁਫਤ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀ ਸਿਹਤ ਜਾਂਚ ਅਤੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟੀ.ਬੀ ਦੀ ਬੀਮਾਰੀ ਅਤੇ ਰੋਕਥਾਮ, ਟੀਕਾਕਰਨ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ।
“ਵਿਸ਼ਵ ਸਿਹਤ ਦਿਵਸ" 'ਤੇ ਬੋਲਦਿਆਂ ਡਾ.ਬੈਂਸ ਨੇ ਕਿਹਾ ਕਿ ਚੰਗੀ ਸਿਹਤ ਲਈ ਸੰਤੁਲਿਤ ਅਤੇ ਪੋਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ। ਰੋਜ਼ਾਨਾ ਭੋਜਨ ਵਿੱਚ ਹਰੀ ਸਬਜ਼ੀਆਂ, ਫਲ, ਦਾਲਾਂ, ਦੁੱਧ ਅਤੇ ਅਨਾਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਜੰਕ ਫੂਡ, ਤੇਲੀਆਂ ਅਤੇ ਮਿੱਠੀਆਂ ਚੀਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੋਜ਼ ਘੱਟੋ-ਘੱਟ 30 ਮਿੰਟ ਕਸਰਤ ਜਾਂ ਤੁਰਨਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਲਾਭਕਾਰੀ ਹੈ।
ਉਨਾਂ ਕਿਹਾ ਕਿ ਸਰੀਰਕ ਸਿਹਤ ਦੇ ਨਾਲ ਨਾਲ ਸਾਨੂੰ ਆਪਣੀ ਮਾਨਸਿਕ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਮਾਨਸਿਕ ਅਤੇ ਸਰੀਰਕ ਸਿਹਤ ਦੋਵੇਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਤਣਾਅ ਤੋਂ ਬਚਣ ਲਈ ਯੋਗਾ, ਧਿਆਨ (Meditation) ਅਤੇ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਹਾਜ਼ਰ ਐਲ.ਐਚ.ਵੀ ਸਰਬਜੀਤ ਕੌਰ ਵਲੋਂ ਐਚ.ਪੀ.ਵੀ. ਵੈਕਸੀਨ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਐਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਇੱਕ ਐਸਾ ਵਾਇਰਸ ਹੈ ਜੋ ਬੱਚੇਦਾਨੀ ਦੇ ਕੈਂਸਰ ਦਾ ਮੁੱਖ ਕਾਰਨ ਬਣਦਾ ਹੈ ਅਤੇ ਇਸ ਨਾਲ ਏਨਸ ਅਤੇ ਰੈਕਟਲ ਕੈਂਸਰ ਵੀ ਹੋ ਸਕਦੇ ਹਨ। ਇਸ ਤੋਂ ਬਚਾ ਲਈ ਸਰਕਾਰ ਵੱਲੋਂ 14–15 ਸਾਲ ਦੀਆਂ ਕੁੜੀਆਂ ਲਈ ਐਚ.ਪੀ.ਵੀ. ਵੈਕਸੀਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਐਚ.ਪੀ.ਵੀ. ਵੈਕਸੀਨ ਸੰਬੰਧੀ ਫੈਲ ਰਹੀਆਂ ਬਾਂਝਪਣ ਜਾਂ ਹਾਰਮੋਨ ਬਦਲਾਅ ਵਰਗੀਆਂ ਅਫਵਾਹਾਂ ਨਿਰਾਧਾਰ ਹਨ, ਜਦਕਿ ਵਿਗਿਆਨਕ ਖੋਜ ਅਤੇ ਅੰਕੜੇ ਦਰਸਾਉਂਦੇ ਹਨ ਕਿ ਇਹ ਵੈਕਸੀਨ ਬਿਲਕੁਲ ਸੁਰੱਖਿਅਤ ਹੈ।
ਇਸ ਲਈ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ । ਇਸ ਮੌਕੇ ਮੈਡੀਕਲ ਅਫਸਰ ਡਾ.ਉੱਦਿਤ ਸ਼ਰਮਾ, ਅਮਨਦੀਪ ਸਿੰਘ (ਬੀ.ਈ.ਈ), ਸੀ.ਐਚ.ੳ ਵਰਿੰਦਰ ਕੌਰ, ਅਪਥਾਲਮਿਕ ਅਫਸਰ ਤਰਸੇਮ ਲਾਲ ਐਚ.ਆਈ ਰਣਜੀਤ ਸਿੰਘ,ਮ.ਪ.ਹ.ਵ (ਮੇਲ) ਹਰਮੀਤ ਸਿੰਘ, ,ਐਸ.ਟੀ.ਐਸ ਭੁਪਿੰਦਰ ਕੌਰ, ਏ.ਐਨ.ਐਮ ਅਲਕਾ, ਅਤੇ ਆਸ਼ਾ ਵਰਕਰ ਹਾਜ਼ਰ ਸਨ।
ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਪਿੰਡ ਭੁੰਗਰਨੀ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ
