ਹੁਸ਼ਿਆਰਪੁਰ:- ਟਾਂਡਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਸਾਬਕਾ ਲੋਕ ਸਭਾ ਮੈਂਬਰ ਵਿਜੇ ਸਾਂਪਲਾ ਅਤੇ ਸੋਮ ਪ੍ਰਕਾਸ਼ ‘ਤੇ ਤਿੱਖਾ ਹਮਲਾ ਬੋਲਿਆ ਹੈ, ਉਹਨਾਂ ਕਿਹਾ ਹੈ ਕਿ ਦੋਵੇਂ ਨੇਤਾਵਾਂ ਦੇ ਕਾਰਜਕਾਲ ਦੌਰਾਨ ਜਨਤਾ ਨੂੰ ਵਿਕਾਸ ਦੇ ਨਾਮ ‘ਤੇ ਸਿਰਫ਼ ਉਡੀਕ ਅਤੇ ਖੋਖਲੇ ਵਾਅਦੇ ਹੀ ਮਿਲੇ। ਰਾਜਾ ਗਿੱਲ ਨੇ ਕਿਹਾ ਕਿ ਸਾਬਕਾ ਲੋਕ ਸਭਾ ਮੈਂਬਰ ਵਿਜੇ ਸਾਂਪਲਾ ਨੇ ਹਾਲ ਹੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਹੀ ਕਾਰਜਕਾਲ ਦੀ ਨਾਕਾਮੀ ਨੂੰ ਬੇਨਕਾਬ ਕੀਤਾ ਹੈ। 
ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ‘ਤੇ ਤੰਜ਼ ਕਰਨ ਤੋਂ ਪਹਿਲਾਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਵੇਖਣ। ਰਾਜਾ ਗਿਲ ਨੇ ਦੱਸਿਆ ਕਿ ਸਾਬਕਾ ਲੋਕ ਸਭਾ ਮੇਂਬਰ ਵਿਜੇ ਸਾਂਪਲਾ ਦੀ 2 ਕਰੋੜ 45 ਲੱਖ ਰੁਪਏ ਅਤੇ ਸੋਮ ਪ੍ਰਕਾਸ਼ ਦੀ 7 ਕਰੋੜ 27 ਲੱਖ 43 ਹਜ਼ਾਰ 550 ਰੁਪਏ ਦੀ ਰਕਮ ਲੰਬੇ ਸਮੇਂ ਤੱਕ ਐਮਪੀ ਲੈਡ ਫੰਡ ਵਿੱਚ ਪਈ ਰਹੀ ਅਤੇ ਵਰਤੋਂ ਨਾ ਹੋਣ ਦੇ ਕਾਰਨ ਵਾਪਸ ਹੋ ਗਈ, ਜਿਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਮਿਲਿਆ। 
ਰਾਜਾ ਗਿੱਲ ਨੇ ਕਿਹਾ ਕਿ ਇਹਨਾਂ ਦੋਵੇਂ ਸਾਬਕਾ ਮੇਂਬਰ ਪਾਰਲੀਮੈਂਟ ਵਲੋਂ ਨਾਂ ਵਰਤ ਕੇ ਮੋੜੀ ਗਈ ਗ੍ਰਾਂਟ ਦੀ ਕੁੱਲ 9 ਕਰੋੜ 72 ਲੱਖ 43 ਹਜ਼ਾਰ 550 ਰੁਪਏ ਦੀ ਗ੍ਰਾਂਟ ਮੌਜੂਦਾ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਦੇ ਪੁਰਜੋਰ ਯਤਨਾਂ ਨਾਲ ਮੁੜ ਜਾਰੀ ਹੋਈ ਹੈ। ਉਨ੍ਹਾਂ ਅੱਡੀ–ਚੋਟੀ ਦਾ ਜ਼ੋਰ ਲਾ ਕੇ ਇਹ ਰਕਮ ਹਲਕੇ ਲਈ ਦੁਬਾਰਾ ਲਿਆਈ ਹੈ, ਜਿਸ ਨਾਲ ਟਾਂਡਾ ਅਤੇ ਹੁਸ਼ਿਆਰਪੁਰ ਹਲਕੇ ਵਿੱਚ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਮੁੜ ਗਤੀ ਮਿਲੇਗੀ।
 ਵਿਧਾਇਕ ਨੇ ਕਿਹਾ ਕਿ “ਵਿਕਾਸ ਦਾ ਪੈਸਾ ਜਨਤਾ ਦਾ ਹੁੰਦਾ ਹੈ, ਕਿਸੇ ਦੀ ਨਿੱਜੀ ਜਾਗੀਰ ਨਹੀਂ। ਇਹ ਧਨ ਲੋਕ ਭਲਾਈ ਅਤੇ ਇਲਾਕੇ ਦੇ ਵਿਕਾਸ ਲਈ ਹੁੰਦਾ ਹੈ, ਨਾ ਕਿ ਕਿਸੇ ਦੀ ਤਿਜੋਰੀ ਵਿੱਚ ਬੰਦ ਰੱਖਣ ਲਈ।” ਉਨ੍ਹਾਂ ਤਿੱਖੇ ਲਹਿਜ਼ੇ ਵਿੱਚ ਪੁੱਛਿਆ, “ਆਪਣੇ ਕਾਰਜਕਾਲ ਦੌਰਾਨ ਇਹ ਲੋਕ ਸਭਾ ਮੈਂਬਰ ਕਰ ਕੀ ਰਹੇ ਸਨ? ਕੀ ਪੂਰੇ ਪੰਜ ਸਾਲ ਸੁੱਤੇ ਰਹੇ?” 
ਰਾਜਾ ਗਿੱਲ ਨੇ ਇਹ ਵੀ ਕਿਹਾ ਕਿ ਸਾਬਕਾ ਮੇਂਬਰ ਪਾਰਲੀਮੈਂਟ ਵਿਜੇ ਸਾਂਪਲਾ ਜੋ ਹੁਣ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕਰ ਰਹੇ ਹਨ ਕਿ ਇਹ ਉਨ੍ਹਾਂ ਦੀਆਂ ਜਾਰੀ ਕਰਵਾਈਆਂ ਗ੍ਰਾਂਟਾਂ ਹਨ, ਉਹ ਲੋਕਾਂ ਨੂੰ ਇਹ ਵੀ ਦੱਸਣ ਕਿ ਆਪਣੇ ਕਾਰਜਕਾਲ ਵਿੱਚ ਅਤੇ ਫਿਰ ਆਪਣੇ ਹੀ ਪਾਰਟੀ ਸਾਥੀ ਸੋਮ ਪ੍ਰਕਾਸ਼ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਦੋਹਾਂ ਨੇ ਹੀ ਇਹ ਰਕਮ ਲੋਕਾਂ ਦੀ ਸੇਵਾ ਵਿੱਚ ਕਿਉਂ ਨਹੀਂ ਲਗਾਈ? 
 ਰਾਜਾ ਗਿੱਲ ਨੇ ਕਿਹਾ ਕਿ ਅੱਜ ਜਦੋਂ ਡਾ. ਰਾਜਕੁਮਾਰ ਚੱਬੇਵਾਲ ਨੇ ਇਹ ਰਕਮ ਜਾਰੀ ਕਰਵਾ ਲਈ ਹੈ, ਕੁਝ ਲੋਕ ਝੂਠਾ ਸਿਹਰਾ ਆਪਣੇ ਸਿਰ ਸਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, “ਜਨਤਾ ਸਭ ਜਾਣਦੀ ਹੈ ਕਿ ਕਿਸ ਨੇ ਕੰਮ ਕੀਤਾ ਅਤੇ ਕਿਸ ਨੇ ਸਿਰਫ਼ ਬਿਆਨਬਾਜ਼ੀ ਕੀਤੀ।” ਉਨ੍ਹਾਂ ਇਹ ਵੀ ਕਿਹਾ ਕਿ ਇਹ ਉਹ ਸੰਸਦ ਮੈਂਬਰ ਨੇ ਜੋ ਲੋਕਾਂ ਵਿੱਚ ਕਦੇ ਪਹੁੰਚੇ ਹੀ ਨਹੀਂ।
 ਵਿਧਾਇਕ ਨੇ ਦੱਸਿਆ ਕਿ ਹੁਣ ਇਹ ਪੂਰੀ ਰਕਮ ਜਨਤਾ ਦੇ ਹਿੱਤ ਵਿੱਚ ਪਾਰਦਰਸ਼ੀ ਤਰੀਕੇ ਨਾਲ ਖਰਚ ਕੀਤੀ ਜਾਵੇਗੀ। ਆਉਣ ਵਾਲੇ ਮਹੀਨਿਆਂ ਵਿੱਚ ਟਾਂਡਾ ਖੇਤਰ ਵਿੱਚ ਸੜਕਾਂ, ਸਕੂਲਾਂ, ਪੀਣ ਵਾਲੇ ਪਾਣੀ ਅਤੇ ਹੋਰ ਜਨ–ਸੁਵਿਧਾਵਾਂ ਨਾਲ ਜੁੜੇ ਕੰਮ ਤੀਵਰ ਗਤੀ ਨਾਲ ਪੂਰੇ ਕੀਤੇ ਜਾਣਗੇ।
 ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਸ ਦੇ ਜਨ–ਪ੍ਰਤੀਨਿਧੀ ਵਿਕਾਸ ਲਈ ਪੂਰੀ ਤਰ੍ਹਾਂ ਗੰਭੀਰ ਹਨ ਅਤੇ ਹੁਣ ਜਨਤਾ ਨੂੰ ਸਿਰਫ਼ ਵਾਅਦੇ ਨਹੀਂ, ਸੱਚਾ ਵਿਕਾਸ ਦਿਖਾਈ ਦੇਵੇਗਾ।
 ਰਾਜਾ ਗਿੱਲ ਨੇ ਵਿਸ਼ਵਾਸ ਜਤਾਇਆ ਕਿ ਡਾ. ਰਾਜਕੁਮਾਰ ਚੱਬੇਵਾਲ ਦੇ ਸਹਿਯੋਗ ਨਾਲ ਇਹ ਰਕਮ ਵਿਕਾਸ ਦੀ ਨਵੀਂ ਦਿਸ਼ਾ ਤੈਅ ਕਰੇਗੀ ਅਤੇ ਟਾਂਡਾ ਖੇਤਰ ਦੇ ਨਾਲ–ਨਾਲ ਪੂਰਾ ਹੁਸ਼ਿਆਰਪੁਰ ਲੋਕ ਸਭਾ ਹਲਕਾ ਆਉਣ ਵਾਲੇ ਸਮੇਂ ਵਿੱਚ ਤਰੱਕੀ ਦੀ ਮਿਸਾਲ ਬਣੇਗਾ।