ਪਟਿਆਲਾ, 25 ਸਤੰਬਰ:- ਆਪਣੇ ਸਟਾਫ ਮੈਂਬਰਾਂ, ਮਰੀਜ਼ਾਂ, ਪਬਲਿਕ ਅਤੇ ਸਾਮਾਨ ਦੀ ਸੁਰੱਖਿਆ ਅਤੇ ਐਮਰਜੈਂਸੀ ਦੌਰਾਨ ਬਚਾਉ, ਮਦਦ, ਸਾਡੀ ਸਰਵੋਤਮ ਜੁਮੇਵਾਰੀ ਹੈ ਇਸ ਲਈ ਹਰੇਕ 6 ਮਹੀਨੇ ਮਗਰੋਂ ਹਸਪਤਾਲ ਵਿਖੇ ਫਾਇਰ ਸੇਫਟੀ ਅਤੇ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਉਣ ਦੀ ਮੌਕ ਡਰਿੱਲਾਂ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੁੱਖੀ ਡਾਕਟਰ ਮਨਪ੍ਰੀਤ ਸਿੰਘ ਨੇ ਸ਼੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਵਲੋਂ ਦਿੱਤੀ ਵੱਡਮੁੱਲੀ ਟ੍ਰੇਨਿੰਗ ਅਤੇ ਗਲੋਬਲ ਹਸਪਤਾਲ ਨੂੰ ਵਧੀਆ ਹਸਪਤਾਲ ਅਤੇ ਡਾਕਟਰਾਂ ਨੂੰ ਸਿਹਤ ਅਧਿਆਪਕ ਵਜੋਂ ਦਿੱਤੇ ਪ੍ਰਸੰਸਾ ਪੱਤਰ ਹਿੱਤ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ।
ਸ਼੍ਰੀ ਕਾਕਾ ਰਾਮ ਵਰਮਾ ਅਤੇ ਇੰਸਪੈਕਟਰ ਸਰਬਜੀਤ ਕੌਰ ਵਲੋਂ ਅੱਗਾਂ, ਗੈਸਾਂ, ਬਿਜਲੀ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਘਟਨਾਵਾਂ ਦੇ ਕਾਰਨਾਂ, ਅੱਗਾਂ ਦੀ ਕਿਸਮਾਂ, ਅੱਗਾਂ ਬੁਝਾਉਣ, ਅੱਗਾਂ ਲਗਣ ਸਮੇਂ ਆਪਣੀ, ਮਰੀਜ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਖੇਤਰ ਦੇ ਲੋਕਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਹਸਪਤਾਲਾਂ, ਫੈਕਟਰੀਆ, ਹੋਟਲਾਂ, ਢਾਬਿਆਂ, ਪੈਟਰੋਲ ਪੰਪਾਂ ਅਤੇ ਵਿੱਦਿਅਕ ਅਦਾਰਿਆਂ ਵਲੋਂ ਸਾਲ ਵਿੱਚ ਇੱਕ ਦੋ ਵਾਰ ਟ੍ਰੇਨਿੰਗਾਂ ਅਤੇ ਮੌਕ ਡਰਿੱਲਾਂ ਕਰਵਾਉਂਣ ਨਾਲ, 90% ਹਾਦਸੇ, ਜਾਂਨੀ ਅਤੇ ਮਾਲੀ ਨੁਕਸਾਨਾਂ ਨੂੰ ਘਟਾਇਆ ਜਾ ਸਕਦਾ ਹੈ।
ਸਰਬਜੀਤ ਕੌਰ ਨੇ ਬੇਨਤੀ ਕੀਤੀ ਕਿ ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ, ਮੌਸਮੀ, ਮਨੁੱਖੀ ਆਪਦਾਵਾਂ, ਘਰੇਲੂ ਘਟਨਾਵਾਂ, ਆਵਾਜਾਈ ਹਾਦਸਿਆਂ ਨੂੰ ਰੋਕਣ ਲਈ ਸੇਫਟੀ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ।
ਹਸਪਤਾਲ ਦੇ ਸੀਨੀਅਰ ਡਾਕਟਰ ਵਲੋਂ ਸ਼੍ਰੀ ਕਾਕਾ ਰਾਮ ਵਰਮਾ ਅਤੇ ਇੰਸਪੈਕਟਰ ਸਰਬਜੀਤ ਕੌਰ ਦਾ ਸਨਮਾਨ ਕੀਤਾ ਗਿਆ।
