ਚੰਡੀਗੜ੍ਹ, 29 ਜੁਲਾਈ:- ਹਰਿਆਣਾ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦੇ ਟਿਊਬਵੈਲ ਦੇ ਪਾਣੀ ਦੀ ਰੈਗੂਲਰ ਤੌਰ 'ਤੇ ਜਾਂਚ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ "ਕਰਵਾਂਏਗੇ ਪਾਣੀ ਕੀ ਜਾਂਚ, ਨਹੀਂ ਆਏਗੀ ਫ਼ਸਲ ਉਤਪਾਦਨ ਪਰ ਆਂਚ"।
ਸ੍ਰੀ ਰਾਣਾ ਨੇ ਕਿਹਾ कि ਸਿੰਜਾਈ ਦੇ ਪਾਣੀ ਦੀ ਗੁਣਵੱਤਾ ਫ਼ਸਲ ਉਤਪਾਦਨ ਅਤੇ ਪੈਦਾਵਾਰ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਪਾਣੀ ਵਿੱਚ ਵੱਧ ਲੂਣਪਣ (ਨਮਕ ਦੀ ਮਾਤਰਾ) ਅਤੇ ਖਾਰਾਪਣ ਹੋਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਉਤਪਾਦਨ ਸਮਰੱਥਾ 'ਤੇ ਮਾੜਾ ਅਸਰ ਪੈ ਸਕਦਾ ਹੈ। ਸਮੇਂ ਸਿਰ ਟਿਊਬਵੈਲ ਦੇ ਪਾਣੀ ਦੀ ਜਾਂਚ ਕਰਵਾਉਣ ਨਾਲ ਕਿਸਾਨ ਸਹੀ ਫ਼ਸਲ ਦੀ ਚੋਣ ਕਰ ਸਕਦੇ ਹਨ ਅਤੇ ਖਾਦ ਤੇ ਫਰਟੀਲਾਈਜਰ ਦਾ ਸਹੀ ਅਤੇ ਸੰਤੁਲਿਤ ਪ੍ਰਬੰਧਨ ਕਰ ਸਕਦੇ ਹਨ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਟਿਊਬਵੈਲ ਦੇ ਪਾਣੀ ਦੇ ਸੈਂਪਲ ਲੈਣ ਦਾ ਸਹੀ ਢੰਗ ਦੱਸਦਿਆਂ ਕਿਹਾ ਕਿ ਕਿਸਾਨ ਟਿਊਬਵੈਲ ਨੂੰ ਘੱਟੋ-ਘੱਟ 30 ਮਿੰਟ ਤੱਕ ਲਗਾਤਾਰ ਚਲਾਉਣ ਤੋਂ ਬਾਅਦ ਹੀ ਪਾਣੀ ਦਾ ਸੈਂਪਲ ਲੈਣ। ਇਸ ਲਈ ਲਗਭਗ 500 ਮਿਲੀਲੀਟਰ (ਜਾਂ 1 ਲੀਟਰ) ਪਾਣੀ ਇੱਕ ਸਾਫ਼ ਪਲਾਸਟਿਕ ਦੀ ਬੋਤਲ ਵਿੱਚ ਭਰੋ। ਬੋਤਲ ਦੇ ਉੱਪਰ ਕਿਸਾਨ ਆਪਣਾ ਨਾਮ, ਐਮ.ਐਫ਼.ਐਮ.ਬੀ. (ਮੇਰੀ ਫ਼ਸਲ-ਮੇਰਾ ਬਿਉਰਾ) ਆਈ.ਡੀ., ਪਿੰਡ ਦਾ ਨਾਮ, ਕਿਲਾ/ਖਸਰਾ ਨੰਬਰ, ਮੋਬਾਈਲ ਨੰਬਰ ਅਤੇ ਬੋਰਵੈਲ ਦੀ ਡੂੰਘਾਈ (ਫ਼ੁੱਟ ਵਿੱਚ) ਸਪੱਸ਼ਟ ਤੌਰ 'ਤੇ ਦਰਜ਼ ਕਰਨ। ਤਿਆਰ ਕੀਤੇ ਗਏ ਇਸ ਨਮੂਨੇ ਨੂੰ ਕਿਸਾਨ ਆਪਣੀ ਨਜ਼ਦੀਕੀ ਮਿੱਟੀ ਸਿਹਤ ਜਾਂਚ ਪ੍ਰਯੋਗਸ਼ਾਲਾ (ਸੌਇਲ ਟੈਸਟਿੰਗ ਲੈਬ) ਵਿੱਚ ਜਮ੍ਹਾਂ ਕਰਵਾ ਸਕਦੇ ਹਨ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਾਂਚ ਰਿਪੋਰਟ ਦੇ ਆਧਾਰ 'ਤੇ ਹੀ ਉਹ ਫ਼ਸਲਾਂ ਦੀ ਚੋਣ ਕਰਨ ਅਤੇ ਸਿੰਜਾਈ ਪਾਣੀ ਦਾ ਸਹੀ ਪ੍ਰਬੰਧਨ ਅਪਣਾਉਣ। ਯੋਜਨਾ ਅਤੇ ਪ੍ਰਯੋਗਸ਼ਾਲਾਵਾਂ ਦੀ ਵਧੇਰੇ ਜਾਣਕਾਰੀ ਲਈ ਕਿਸਾਨ ਟੋਲ-ਫ੍ਰੀ ਨੰਬਰ 1800-180-2117 'ਤੇ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਡਿਪਟੀ-ਡਾਇਰੈਕਟਰ ਨਾਲ ਸੰਪਰਕ ਕਰ ਸਕਦੇ ਹਨ।