ਹੁਸ਼ਿਆਰਪੁਰ- ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਵੱਲੋਂ ਬੀਤੇ ਦਿਨ ਆਮ ਆਦਮੀ ਕਲੀਨਿਕ ਅਜਨੋਹਾ ਅਤੇ ਫੁਗਲਾਣਾ ਦਾ ਅਚਨਚੇਤ ਦੌਰਾ ਕਰਕੇ ਉਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਦੌਰੇ ਦੌਰਾਨ ਡਾ. ਬਲਵੀਰ ਕੁਮਾਰ ਨੇ ਕਲੀਨਿਕਾਂ ਦੀ ਕਾਰਗੁਜ਼ਾਰੀ, ਮਰੀਜ਼ਾਂ ਦੇ ਰਿਕਾਰਡ, ਦਵਾਈਆਂ ਦੇ ਸਟਾਕ ਅਤੇ ਸਾਫ਼-ਸਫ਼ਾਈ ਦੀ ਵਿਸਥਾਰਪੂਰਵਕ ਜਾਂਚ ਕੀਤੀ।
ਉਹਨਾਂ ਵੱਲੋਂ ਡਿਊਟੀ ’ਤੇ ਮੌਜੂਦ ਸਮੂਹ ਸਟਾਫ ਦੀ ਹਾਜ਼ਰੀ ਚੈਕ ਕੀਤੀ ਗਈ ਅਤੇ ਸਾਰੇ ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਰਹਿਣ, ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਅਤੇ ਮਰੀਜ਼ਾਂ ਨਾਲ ਸੁਚੱਜੇ ਰਵੱਈਏ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ ਗਈ।
ਸਿਵਲ ਸਰਜਨ ਨੇ ਫਾਰਮੇਸੀ ਸਟੋਰਾਂ ਦੀ ਵੀ ਜਾਂਚ ਕੀਤੀ ਅਤੇ ਉੱਥੇ ਉਪਲੱਬਧ ਦਵਾਈਆਂ ਦੀ ਸੂਚੀ ਦੀ ਸਮੀਖਿਆ ਕੀਤੀ। ਉਹਨਾਂ ਨੇ ਕਿਹਾ ਕਿ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਹਰ ਸਮੇਂ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਨੂੰ ਵੀ ਦਵਾਈ ਦੀ ਕਮੀ ਕਾਰਨ ਪਰੇਸ਼ਾਨੀ ਨਾ ਝੱਲਣੀ ਪਵੇ।
ਡਾ. ਬਲਵੀਰ ਕੁਮਾਰ ਨੇ ਕਲੀਨਿਕਾਂ ’ਤੇ ਆਏ ਮਰੀਜ਼ਾਂ ਨਾਲ ਭੇਟ ਕਰਕੇ ਉਨ੍ਹਾਂ ਤੋਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਿਹਤ ਪ੍ਰੋਗਰਾਮਾਂ ਅਤੇ ਦਵਾਈਆਂ ਦੀ ਉਪਲੱਬਧਤਾ ਬਾਰੇ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ।
ਉਹਨਾਂ ਸਟਾਫ ਨੂੰ ਬਾਇਓ-ਮੈਡੀਕਲ ਵੇਸਟ ਦੇ ਨਿਪਟਾਰੇ ਸੰਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਇਸ ਸਬੰਧੀ ਕਿਸੇ ਵੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਾ. ਬਲਵੀਰ ਕੁਮਾਰ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਉਦੇਸ਼ ਗਰੀਬ ਅਤੇ ਆਮ ਵਰਗ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ, ਇਸ ਲਈ ਸਟਾਫ ਦਾ ਫਰਜ ਹੈ ਕਿ ਉਹ ਮਰੀਜ਼ਾਂ ਨਾਲ ਦਿਲੋਂ ਪੇਸ਼ ਆਉਣ ਅਤੇ ਹਰ ਐਮਰਜੈਂਸੀ ਹਾਲਾਤ ਵਿੱਚ ਜ਼ਿੰਮੇਵਾਰੀ ਨਾਲ ਕਾਰਵਾਈ ਕਰਨ।