ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਸਤੰਬਰ 2026:- ਜਿ਼ਲ੍ਹਾ ਸਿਹਤ ਵਿਭਾਗ ਨੇ ਜਿ਼ਲ੍ਹਾ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਹੈ ਕਿ ਯੈਲੋ ਫ਼ੀਵਰ ਤੋਂ ਬਚਾਅ ਲਈ ਪੰਜਾਬ ਭਰ ਵਿਚ ਸਿਰਫ਼ ਸਿਵਲ ਹਸਪਤਾਲ ਮੋਹਾਲੀ ਅਤੇ ਏਮਜ਼ ਹਸਪਤਾਲ ਬਠਿੰਡਾ ਹੀ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਟੀਕਾਕਰਨ ਕੇਂਦਰ ਹਨ। ਇਨ੍ਹਾਂ ਦੋਹਾਂ ਤੋਂ ਬਿਨਾਂ ਪੰਜਾਬ ਦਾ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਯੈਲੋ ਫ਼ੀਵਰ ਲਈ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਟੀਕਾਕਰਨ ਕੇਂਦਰ ਨਹੀਂ ਹੈ।

ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਜਿਹੜੇ ਯੈਲੋ ਫ਼ੀਵਰ ਨੋਡਲ ਅਫ਼ਸਰ ਵੀ ਹਨ, ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਕਿਸੇ ਵੀ ਪ੍ਰਾਈਵੇਟ ਹਸਪਤਾਲ ਕੋਲ ਯੈਲੋ ਫ਼ੀਵਰ ਟੀਕਾਕਰਨ ਲਈ ਭਾਰਤ ਸਰਕਾਰ ਦੀ ਪ੍ਰਵਾਨਗੀ ਹਾਸਲ ਨਹੀਂ ਹੈ, ਇਸ ਲਈ ਲੋੜਵੰਦ ਵਿਅਕਤੀਆਂ ਨੂੰ ਨਿੱਜੀ ਹਸਪਤਾਲਾਂ ਵਿਚ ਇਹ ਟੀਕਾਕਰਨ ਨਹੀਂ ਕਰਵਾਉਣਾ ਚਾਹੀਦਾ। ਉਨ੍ਹਾਂ ਦਸਿਆ ਕਿ ਸਿਵਲ ਹਸਪਤਾਲ ਮੋਹਾਲੀ ਵਿਖੇ ਹਰ ਸੋਮਵਾਰ, ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਇਹ ਟੀਕਾ ਲਗਦਾ ਹੈ।ਜਿ਼ਕਰਯੋਗ ਹੈ ਕਿ ਕੁੱਝ ਦੇਸ਼ਾਂ ਵਿਚ ਦਾਖ਼ਲੇ ਲਈ ਯੈਲੋ ਫ਼ੀਵਰ ਟੀਕਾਕਰਨ ਦਾ ਸਰਟੀਫ਼ੀਕੇਟ ਪੇਸ਼ ਕਰਨਾ ਲਾਜ਼ਮੀ ਹੈ।

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸਿਵਲ ਹਸਪਤਾਲ, ਮੋਹਾਲੀ ਵਿਖੇ ਯੈਲੋ ਫੀਵਰ ਟੀਕਾਕਰਨ ਲਈ ਆਉਣ ਵਾਲੇ ਵਿਅਕਤੀ ਆਪਣਾ ਅਸਲ ਪਾਸਪੋਰਟ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਯੈਲੋ ਫ਼ੀਵਰ ਟੀਕਾਕਰਨ ਯਾਤਰਾ ਦੀ ਤਰੀਕ ਤੋਂ ਲਗਭਗ ਦੋ ਹਫ਼ਤੇ ਪਹਿਲਾਂ ਕਰਵਾਉਣਾ ਚਾਹੀਦਾ ਹੈੇੇ।ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਆਖਰੀ ਸਮੇਂ ਦੀ ਉਡੀਕ ਕਰਨ ਦੀ ਬਜਾਏ ਸਹੀ ਸਮੇਂ ਤੇ ਟੀਕਾਕਰਨ ਸਬੰਧੀ ਲੋੜਾਂ ਪੂਰੀਆਂ ਕਰ ਲਈਆਂ ਜਾਣ।

ਯੈਲੋ ਫ਼ੀਵਰ ਵਾਇਰਲ ਬੀਮਾਰੀ ਹੈ ਜੋ ਮੱਛਰਾਂ ਦੁਆਰਾ ਫੈਲਦੀ ਹੈ ਅਤੇ ਜੇਕਰ ਸਹੀ ਤਰੀਕੇ ਨਾਲ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਘਾਤਕ ਵੀ ਹੋ ਸਕਦੀ ਹੈ।