ਪਟਿਆਲਾ, 26 ਅਗਸਤ:- ਗਲਤ ਢੰਗ ਨਾਲ ਜੀਵਨ ਬਤੀਤ ਕਰਨ, ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ ਅਤੇ ਆਰਾਮਪ੍ਰਸਤੀ ਕਾਰਨ ਛੋਟੇ-ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਚਲਦੇ-ਫਿਰਦੇ ਅਤੇ ਕੰਮ ਕਰਦੇ ਸਮੇਂ ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਐਨਜਾਇਨਾ ਅਤੇ ਬਲੂ ਬੇਬੀ ਸਬੰਧੀ ਸਮੱਸਿਆਵਾਂ ਕਾਰਨ ਮੌਤਾਂ ਦੇ ਮਾਮਲੇ ਵਧ ਰਹੇ ਹਨ।
ਭਾਰਤ ਵਿੱਚ ਹਰ ਰੋਜ਼ 8000 ਤੋਂ ਵੱਧ ਬੱਚਿਆਂ, ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਅਚਾਨਕ ਦਿਲ ਦੇ ਦੌਰੇ ਪੈਣ ਦੀ ਗੱਲ ਦੱਸਦਿਆਂ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ੍ਰੀ ਕਾਕਾ ਰਾਮ ਨੇ ਕਿਹਾ ਕਿ ਪੀੜਤਾਂ ਨੂੰ ਮੌਕੇ ’ਤੇ ਸਹੀ ਫਸਟ ਏਡ, ਸੀ.ਪੀ.ਆਰ. ਅਤੇ ਰਿਕਵਰੀ ਪੁਜ਼ੀਸ਼ਨ ਨਾ ਦੇਣ ਕਾਰਨ ਕਾਰਡੀਅਕ ਅਰੈਸਟ ਹੋ ਸਕਦਾ ਹੈ ਅਤੇ ਕੁਝ ਹੀ ਮਿੰਟਾਂ ਵਿੱਚ ਮੌਤ ਹੋ ਸਕਦੀ ਹੈ।
ਸ੍ਰੀ ਕਾਕਾ ਰਾਮ ਨੇ ਬੁੱਢਾ ਦਲ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਸਾਰੇ ਅਧਿਆਪਕਾਂ ਨੂੰ ਟ੍ਰੇਨਿੰਗ ਦਿੰਦਿਆਂ ਦੱਸਿਆ ਕਿ ਜਦੋਂ ਦਿਲ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤਾਂ ਦਿਲ ਦਾ ਦੌਰਾ ਪੈ ਸਕਦਾ ਹੈ, ਜਦਕਿ ਜਦੋਂ ਦਿਲ, ਦਿਮਾਗ ਅਤੇ ਫੇਫੜਿਆਂ ਦੀਆਂ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ ਤਾਂ ਕਾਰਡੀਅਕ ਅਰੈਸਟ ਕਾਰਨ ਪੀੜਤ ਦੀ ਤੁਰੰਤ ਮੌਤ ਹੋ ਸਕਦੀ ਹੈ।
ਇਸ ਮੌਕੇ ਸ੍ਰੀ ਵਰਮਾ ਜੀ ਨੇ ਬਲੂ ਬੇਬੀ ਦੌਰੇ, ਐਨਜਾਇਨਾ, ਦਿਲ ਦੇ ਦੌਰੇ ਅਤੇ ਕਾਰਡੀਅਕ ਅਰੈਸਟ ਦੇ ਨਾਲ-ਨਾਲ ਬੇਹੋਸ਼ੀ ਦੀ ਹਾਲਤ ਵਿੱਚ ਪੀੜਤਾਂ ਨੂੰ ਬਚਾਉਣ ਦੇ ਢੰਗ ਅਤੇ ਤਰੀਕੇ ਸਿਖਾਏ। ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਲਗਭਗ 90 ਫੀਸਦੀ ਅਧਿਆਪਕਾਂ ਨੇ ਆਪਣੇ ਪ੍ਰਿੰਸੀਪਲ ਮੈਡਮ ਅਤੇ ਸ੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਮਹੱਲਿਆਂ ਵਿੱਚ ਸਭ ਤੋਂ ਵੱਧ ਮੌਤਾਂ ਦਿਲ ਦੇ ਦੌਰੇ, ਕਾਰਡੀਅਕ ਅਰੈਸਟ ਅਤੇ ਬੇਹੋਸ਼ੀ ਕਾਰਨ ਹੋਈਆਂ ਹਨ।
ਅਧਿਆਪਕਾਂ ਨੇ ਕਿਹਾ ਕਿ ਜੀਵਨ ਬਚਾਉਣ ਵਾਲੀ ਟ੍ਰੇਨਿੰਗ ਅਤੇ ਇਸ ਦੇ ਅਭਿਆਸ ਦੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਪੀੜਤਾਂ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਪਰ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਜੇਕਰ ਪੀੜਤਾਂ ਨੂੰ ਤੁਰੰਤ ਫਸਟ ਏਡ, ਸੀ.ਪੀ.ਆਰ. ਅਤੇ ਰਿਕਵਰੀ ਪੁਜ਼ੀਸ਼ਨ ਦਿੱਤੀ ਜਾਵੇ ਤਾਂ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ।
ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਟ੍ਰੇਨਿੰਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਜੀਵਨ-ਰੱਖਿਅਕ ਟ੍ਰੇਨਿੰਗਾਂ ਦੇ ਕੇ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾ ਸਕਦਾ ਹੈ।
ਕਾਰਡੀਅਕ ਅਰੈਸਟ ਐਨਜਾਇਨਾ ਬਲੂ ਬੇਬੀ ਅਤੇ ਦਿਲ ਦੇ ਦੌਰੇ ਸਮੇਂ ਫਸਟ ਏਡ ਤੇ ਸੀਪੀਆਰ ਮਰੀਜ਼ਾਂ ਦੀ ਜਾਨ ਬਚਾ ਸਕਦੇ ਹਨ
