ਮੁੰਬਈ:- ਮਹਾਰਾਸ਼ਟਰ ਦੀ ਸਿਆਸਤ ਵਿੱਚ ਭਾਜਪਾ ਦਾ ਦਬਦਬਾ ਹੋਵੇਗਾ ਕਿਉਂਕਿ ਭਾਜਪਾ ਨੇ ਮੁੰਬਈ ਅਤੇ ਪੁਣੇ ਦੀਆਂ ਨਗਰ ਨਿਗਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਲਗਪਗ ਤਿੰਨ ਦਹਾਕਿਆਂ ਤੋਂ ਸ਼ਿਵ ਸੈਨਾ ਦੇ ਕਬਜ਼ੇ ਹੇਠ ਰਹੀ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਦੀ ਸ਼ਾਨਦਾਰ ਜਿੱਤ ’ਤੇ ਸੂਬੇ ਦੀ ਜਨਤਾ ਦਾ ਧੰਨਵਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਰਾਹੀਂ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਐਨਡੀਏ ਦੇ ਲੋਕ-ਪੱਖੀ ਸ਼ਾਸਨ ਅਤੇ ਵਿਕਾਸ ਦੇ ਏਜੰਡੇ ’ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਦਰਸਾਉਂਦੇ ਹਨ ਕਿ ਭਾਜਪਾ ਗੱਠਜੋੜ ਦਾ ਸੂਬੇ ਦੀ ਜਨਤਾ ਨਾਲ ਰਿਸ਼ਤਾ ਹੋਰ ਗੂੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰਨ ਅਤੇ ਮਹਾਰਾਸ਼ਟਰ ਦੇ ਸ਼ਾਨਦਾਰ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਵੋਟ ਦਿੱਤੀ ਹੈ।
ਭਾਜਪਾ ਦੀ ਅਗਵਾਈ ਵਾਲੇ ਗਠਜੋੜ ਨੂੰ 227 ਵਿੱਚੋਂ ਲਗਪਗ 125 ਸੀਟਾਂ ਮਿਲਣ ਦੀ ਉਮੀਦ ਹੈ। ਮੁੰਬਈ ਨਗਰ ਨਿਗਮ ਦੇਸ਼ ਦੀ ਸਭ ਤੋਂ ਅਮੀਰ ਨਗਰ ਨਿਗਮ ਹੈ, ਜਿਸਦਾ 2025-26 ਦਾ ਬਜਟ ਕਰੀਬ 74,427 ਕਰੋੜ ਰੁਪਏ ਹੈ। ਇਸ ਦੌਰਾਨ ਮੁੱਖ ਮੰਤਰੀ ਫੜਨਵੀਸ ਨੇ ਕਿਹਾ, "ਇਹ ਜਿੱਤ ਮਹਾਰਾਸ਼ਟਰ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਉੱਤੇ ਭਰੋਸੇ ਨੂੰ ਦਰਸਾਉਂਦੀ ਹੈ।’’ ਉਨ੍ਹਾਂ ਕਿਹਾ ਕਿ ਬਾਲਾਸਾਹਿਬ ਦੇ ਆਸ਼ੀਰਵਾਦ ਨਾਲ ਹੀ ਜਿੱਤ ਸੰਭਵ ਹੋਈ।
ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਦੇ ਵਧੀਆ ਪ੍ਰਦਰਸ਼ਨ ਨਾਲ ਭਾਜਪਾ ਨੂੰ ਹੁਣ ਨਗਰ ਨਿਗਮ ਦੀ ਸੱਤਾ ਸੰਭਾਲਣ ਲਈ ਹੋਰ ਮਜ਼ਬੂਤੀ ਮਿਲੀ ਹੈ। ਇਸ ਚੋਣ ਵਿੱਚ ਲਗਪਗ ਦੋ ਦਹਾਕਿਆਂ ਬਾਅਦ ਠਾਕਰੇ ਭਰਾ ਮੁੜ ਇਕੱਠੇ ਹੋਏ ਸਨ, ਪਰ ਨਤੀਜਿਆਂ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਪੁਣੇ ਅਤੇ ਪਿੰਪਰੀ-ਚਿੰਚਵਾੜ ਨਗਰ ਨਿਗਮ ਚੋਣਾਂ ਵਿੱਚ ਵੀ ਭਾਜਪਾ ਨੇ ਐਨਸੀਪੀ ਅਤੇ ਐਨਸੀਪੀ (ਐਸਪੀ) ਦੇ ਗਠਜੋੜ ਨੂੰ ਪਿੱਛੇ ਛੱਡਦਿਆਂ ਵੱਡੀ ਬੜਤ ਬਣਾਈ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ’ਚ ਭਾਜਪਾ ਨੇ 2017 ਦੀਆਂ ਬੀ.ਐਮ.ਸੀ. ਚੋਣਾਂ ਦੇ ਪਿਛਲੇ ਰਿਕਾਰਡ 82 ਸੀਟਾਂ ਨੂੰ ਵੀ ਪਾਰ ਕਰ ਲਿਆ ਹੈ।
 ਭਾਜਪਾ ਦੀ “ਮਿਸ਼ਨ ਮੁੰਬਈ” ਸਫਲਤਾ ਨਾਲ ਪਾਰਟੀ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਇੱਕ ਮੁੱਖ ਸਿਆਸੀ ਤਾਕਤ ਵਜੋਂ ਸਥਾਪਿਤ ਕਰ ਦਿੱਤਾ ਹੈ। ਸਾਲਾਂ ਤੱਕ ਸ਼ਿਵ ਸੈਨਾ ਦਾ ਗੜ੍ਹ ਮੰਨੀ ਜਾਂਦੀ ਬੀ.ਐਮ.ਸੀ. ਵਿੱਚ ਇਹ ਨਤੀਜੇ ਮੁੰਬਈ ਦੀ ਸੱਤਾ ਵਿੱਚ ਵੱਡਾ ਬਦਲਾਅ ਦਰਸਾਉਂਦੇ ਹਨ।