ਚੰਡੀਗੜ੍ਹ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਲ 2015 ਦੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ। ਬਾਦਲ ਨੂੰ ਸੈਕਟਰ-32 ਸਥਿਤ ਪੰਜਾਬ ਪੁਲੀਸ ਆਫ਼ੀਸਰਜ਼ ਇੰਸਟੀਚਿਊਟ ਵਿਖੇ ਐੱਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ।
ਹਾਲਾਂਕਿ, ਉਨ੍ਹਾਂ ਵੱਲੋਂ ਪਰਮਬੰਸ ਸਿੰਘ ਰੋਮਾਨਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਵੇਰੇ 11 ਵਜੇ ਦੇ ਕਰੀਬ ਐੱਸ ਆਈ ਟੀ ਅਧਿਕਾਰੀਆਂ ਨੂੰ ਮਿਲੇ। ਇੱਕ ਲਿਖਤੀ ਬੇਨਤੀ ਵਿੱਚ ਸੁਖਬੀਰ ਸਿੰਘ ਬਾਦਲ ਨੇ ਐੱਸ ਆਈ ਟੀ ਅੱਗੇ ਪੇਸ਼ ਨਾ ਹੋ ਸਕਣ ਦਾ ਕਾਰਨ ਆਪਣੀ ਖ਼ਰਾਬ ਸਿਹਤ ਦੱਸਿਆ। ਬਾਦਲ ਨੇ ਕਿਹਾ ਕਿ ਡਾਕਟਰੀ ਚੈੱਕਅਪ ਲਈ ਡਾਕਟਰ ਕੋਲ ਜਾਣ ਦੀ ਲੋੜ ਹੋਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਸੂਬੇ ਭਰ ਵਿੱਚ ਪਬਲਿਕ ਰੈਲੀਆਂ ਅਤੇ ਲੋਕ ਸੰਪਰਕ ਪ੍ਰੋਗਰਾਮਾਂ ਦੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ 30 ਸਤੰਬਰ ਤੱਕ ਦਾ ਸਮਾਂ ਮੰਗਿਆ ਹੈ।