ਬਿਜਲੀ ਸਪਲਾਈ ਨਾ ਮਿਲਣ ਕਾਰਨ ਸੈਕਟਰ 94 ਦੇ ਵਸਨੀਕਾਂ ਨੇ ਗਰਮੀ ਵਿੱਚ ਕੱਟੀ ਪੂਰੀ ਰਾਤ

ਐਸ.ਏ.ਐਸ. ਨਗਰ, 22 ਮਈ- ਬੀਤੀ ਰਾਤ ਆਈ ਹਨੇਰੀ ਅਤੇ ਤੂਫਾਨ ਕਾਰਨ ਸ਼ਹਿਰ ਦੇ ਜਿਆਦਾਤਰ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਖੱਜਲ-ਖੁਆਰ ਹੋਣਾ ਪਿਆ।

ਐਸ.ਏ.ਐਸ. ਨਗਰ, 22 ਮਈ- ਬੀਤੀ ਰਾਤ ਆਈ ਹਨੇਰੀ ਅਤੇ ਤੂਫਾਨ ਕਾਰਨ ਸ਼ਹਿਰ ਦੇ ਜਿਆਦਾਤਰ ਹਿੱਸਿਆਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਬੁਰੀ ਤਰ੍ਹਾਂ ਖੱਜਲ-ਖੁਆਰ ਹੋਣਾ ਪਿਆ।
ਸੈਕਟਰ 94 ਦੇ ਹਾਲਾਤ ਵੀ ਕਮੋਬੇਸ਼ ਅਜਿਹੇ ਹੀ ਸਨ, ਜਿੱਥੇ ਬੀਤੀ ਸ਼ਾਮ ਪੰਜ ਵਜੇ ਕਰੀਬ ਬਿਜਲੀ ਸਪਲਾਈ ਬੰਦ ਹੋ ਗਈ, ਜਿਹੜੀ ਅੱਜ ਬਾਅਦ ਦੁਪਹਿਰ ਤੱਕ ਬਹਾਲ ਨਹੀਂ ਹੋ ਪਾਈ ਸੀ। ਸਥਾਨਕ ਵਸਨੀਕ ਡਾ. ਜਤਿੰਦਰ ਸਿੰਘ ਕਪੂਰ ਨੇ ਦੱਸਿਆ ਕਿ ਸ਼ਾਮ ਨੂੰ ਹਨੇਰੀ ਆਉਣ ’ਤੇ ਬਿਜਲੀ ਸਪਲਾਈ ਕੱਟ ਦਿੱਤੀ ਗਈ ਅਤੇ ਇਹ ਹੁਣ ਤੱਕ ਬਹਾਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸੈਕਟਰ 94 ਵਿੱਚ ਸਥਿਤ ਜਨਤਾ ਲੈਂਡ ਦੇ ਇਸ ਸੈਕਟਰ ਵਿੱਚ ਬਿਜਲੀ ਸਪਲਾਈ ਪਹਿਲਾਂ ਵੀ ਪ੍ਰਭਾਵਿਤ ਰਹਿੰਦੀ ਹੈ ਅਤੇ ਮਾਮੂਲੀ ਜਿਹੀ ਬਰਸਾਤ ਹੋਣ ’ਤੇ ਵੀ ਬਿਜਲੀ ਸਪਲਾਈ ਕੱਟ ਦਿੱਤੀ ਜਾਂਦੀ ਹੈ, ਜਿਹੜੀ ਕਈ ਘੰਟੇ ਬੰਦ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬਣੇ ਵਟਸਐਪ ਗਰੁੱਪ ’ਤੇ ਵੀ ਕੋਈ ਸਟੀਕ ਜਾਣਕਾਰੀ ਨਹੀਂ ਮਿਲ ਰਹੀ ਅਤੇ ਹਰ ਦੋ ਘੰਟੇ ਬਾਅਦ ਥੋੜ੍ਹਾ ਸਮਾਂ ਹੋਰ ਲੱਗਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਦੇ ਇਨਵਰਟਰ ਰਾਤ ਨੂੰ ਹੀ ਪੂਰੀ ਤਰ੍ਹਾਂ ਜਵਾਬ ਦੇ ਗਏ ਸਨ ਅਤੇ ਅੱਜ ਸਵੇਰੇ ਤੋਂ ਲੋਕ ਭਾਰੀ ਗਰਮੀ ਵਿੱਚ ਬਿਨ੍ਹਾਂ ਬਿਜਲੀ ਤੋਂ ਪਰੇਸ਼ਾਨ ਹੋ ਰਹੇ ਹਨ, ਪਰੰਤੂ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।