ਗੋਦ ਲਏ ਪਿੰਡਾਂ ਲਈ ਭਵਿੱਖ ਵਿੱਚ ਹੜ੍ਹਾਂ ਤੋਂ ਬਚਾਉਣ ਲਈ ਸਕੀਮਾਂ ਬਣਾ ਰਹੀਆਂ ਹਨ ਸੰਸਥਾਵਾਂ
ਚੰਡੀਗੜ੍ਹ, 10 ਸਤੰਬਰ- ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦੇ ਦੌਰਾਨ ਅਤੇ ਉਸ ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਆਪਣੇ ਪੱਧਰ ਤੇ ਉਹਨਾਂ ਦੀ ਸਹਾਇਤਾ ਲਈ ਯੋਗਦਾਨ ਪਾ ਰਹੀਆਂ ਹਨ। ਇਸ ਦੌਰਾਨ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ, ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਆਪਣੇ ਪੱਧਰ ਤੇ ਪਿੰਡਾਂ ਤੱਕ ਰਾਹਤ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਭਵਿੱਖ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਬਚਾਅ ਲਈ ਕਈ ਤਰ੍ਹਾਂ ਦੀ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ।

ਇਸ ਦੌਰਾਨ ਖਾਲਸਾ ਏਡ ਵੱਲੋਂ ਇੱਕ ਨਿਵੇਕਲੀ ਪਹਿਲ ਸ਼ੁਰੂ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਖਾਲਸਾ ਏਡ ਵੱਲੋਂ ਉਹਨਾਂ ਇਲਾਕਿਆਂ ਦੇ ਵਿੱਚ ਸਕੂਲਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ, ਜਿਨ੍ਹਾਂ ਇਲਾਕਿਆਂ ਦੇ ਵਿੱਚ ਅਕਸਰ ਹੜ੍ਹ ਆਉਂਦੇ ਰਹਿੰਦੇ ਹਨ। ਇਹਨਾਂ ਸਕੂਲਾਂ ਦੀਆਂ ਇਮਾਰਤਾਂ ਦੀ ਖਾਸੀਅਤ ਇਹ ਹੋਵੇਗੀ ਕਿ ਇਹਨਾਂ ਨੂੰ ਜ਼ਮੀਨੀ ਪੱਧਰ ਤੋਂ ਉੱਚਾ ਰੱਖਿਆ ਜਾਵੇਗਾ। ਇਹਨਾਂ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਹੜ੍ਹ ਆਉਣ ਮੌਕੇ ਪਿੰਡ ਦੇ ਲੋਕਾਂ ਦੇ ਠਹਿਰਨ ਦਾ ਵੀ ਪ੍ਰਬੰਧ ਹੋਵੇਗਾ ਅਤੇ ਪਸ਼ੂਆਂ ਨੂੰ ਰੱਖਣ ਦੀ ਵੀ ਸੁਵਿਧਾ ਹੋਵੇਗੀ। ਇਹਨਾਂ ਇਮਾਰਤਾਂ ਦੀ ਉਸਾਰੀ ਇੰਨੀ ਮਜ਼ਬੂਤ ਕੀਤੀ ਜਾਵੇਗੀ ਕਿ ਭਾਰੀ ਹੜ੍ਹਾਂ ਦੇ ਵਿੱਚ ਵੀ ਇਹਨਾਂ ਸਕੂਲਾਂ ਦੀਆਂ ਇਮਾਰਤਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।
ਇਸਦੇ ਨਾਲ ਹੀ ਜਿੰਨ੍ਹਾਂ ਸੰਸਥਾਵਾਂ ਜਾਂ ਵਿਅਕਤੀਆਂ ਨੇ ਆਪਣੇ ਪੱਧਰ ਤੇ ਪਿੰਡ ਗੋਦ ਲਏ ਹਨ, ਉਹ ਉਹਨਾਂ ਪਿੰਡਾਂ ਲਈ ਆਪਣੇ ਪੱਧਰ ਦੇ ਉੱਤੇ ਬਕਾਇਦਾ ਸਕੀਮਾਂ ਬਣਾ ਰਹੇ ਹਨ ਤਾਂ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਉਹ ਸਥਾਈ ਹਾਲਤ ਦਿੱਤਾ ਜਾ ਸਕੇ ਅਤੇ ਭਵਿੱਖ ਵਿੱਚ ਆਉਣ ਵਾਲੇ ਹੜ੍ਹਾਂ ਦੌਰਾਨ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ।
ਹਾਲਾਂਕਿ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਐਲਾਨੀ 1600 ਕਰੋੜ ਦੀ ਰਾਹਤ ਨੇ ਪੰਜਾਬੀਆਂ ਨੂੰ ਨਿਰਾਸ਼ ਕੀਤਾ ਹੈ। ਇਸਦਾ ਕਾਰਨ ਇਹ ਹੈ ਕਿ ਜਿੱਥੇ 50 ਹਜ਼ਾਰ ਕਰੋੜ ਦੇ ਕਰੀਬ ਨੁਕਸਾਨ ਦਾ ਅੰਦਾਜ਼ਾ ਹੋਵੇ ਉੱਥੇ 1600 ਕਰੋੜ ਦੀ ਰਕਮ ਨਿਗੂਣੀ ਜਿਹੀ ਲੱਗਦੀ ਹੈ। ਭਾਰਤੀ ਜਨਤਾ ਪਾਰਟੀ ਇਸ ਐਲਾਨ ਤੋਂ ਬਾਅਦ ਬੈਕਫੁੱਟ ਤੇ ਹੈ ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਐਲਾਨ ਨੂੰ ਪੰਜਾਬ ਵਿਰੋਧੀ ਗਿਰਦਾਨਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਸਹਾਇਤਾ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਹੈ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਸ ਸਹਾਇਤਾ ਰਾਸ਼ੀ ਨੂੰ ਪੰਜਾਬ ਦੇ ਨਾਲ ਕੋਝਾ ਮਜ਼ਾਕ ਦੱਸਦਿਆਂ ਪੰਜਾਬ ਲਈ ਵੱਡੇ ਆਰਥਿਕ ਪੈਕੇਜ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਕੇਂਦਰ ਸਰਕਾਰ ਦੀ ਬੇਰੁਖੀ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਜਾ ਰਹੀ ਹੈ।
ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਤੇ ਕੋਈ ਅਜਿਹਾ ਯਕੀਨ ਨਹੀਂ ਸੀ ਕਿ ਉਹ ਪੰਜਾਬ ਦੀ ਸਹਾਇਤਾ ਕਰਨਗੇ। ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ ਵੱਲੋਂ ਐਲਾਨੀ ਗਈ ਰਾਸ਼ੀ ਹੜ੍ਹ ਪੀੜਤਾਂ ਤੱਕ ਪਹੁੰਚਦੀ ਹੈ ਤਾਂ ਇਹ ਚੰਗੀ ਗੱਲ ਹੈ। ਜਿਸ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਕੀਤਾ ਵਾਅਦਾ ਵੀ ਸ਼ਾਮਲ ਹੈ।