ਦੁਨੀਆ ਭਰ ’ਚ ਉਤਸ਼ਾਹ ਨਾਲ ਮਨਾਇਆ ਕੌਮਾਂਤਰੀ ਯੋਗ ਦਿਵਸ

ਨਿਊਯਾਰਕ/ਪੇਈਚਿੰਗ: ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਦੁਨੀਆ ਭਰ ਦੇ ਵੱਡੀ ਗਿਣਤੀ ਲੋਕਾਂ ਨੇ ਇਸ ਪ੍ਰਾਚੀਨ ਭਾਰਤੀ ਵਿਧਾ ਦਾ ਅਭਿਆਸ ਕੀਤਾ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸੰਯੁਕਤ ਰਾਸ਼ਟਰ ਮੁੱਖ ਦਫਤਰ ਵਿੱਚ ਕੌਮਾਂਤਰੀ ਯੋਗ ਦਿਵਸ ਮੌਕੇ ਡਾਕਟਰ, ਲੇਖਕ ਅਤੇ ਸਿਹਤ ਗੁਰੂ ਦੀਪਕ ਚੋਪੜਾ ਨੇ ਧਿਆਨ ਸੈਸ਼ਨ ਦੀ ਅਗਵਾਈ ਕੀਤੀ।

ਇਹ ਸਮਾਗਮ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਵੱਲੋਂ ਕਰਵਾਇਆ ਗਿਆ ਸੀ। ਇਸ ਵਿੱਚ 1,200 ਤੋਂ ਵੱਧ ਯੋਗ ਅਭਿਆਸੀਆਂ, ਡਿਪਲੋਮੈਟਾਂ, ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ, ਡਿਪਲੋਮੈਟਿਕ ਕੋਰ ਦੇ ਮੈਂਬਰਾਂ ਅਤੇ ਪਰਵਾਸੀ ਭਾਈਚਾਰੇ ਨੇ ਹਿੱਸਾ ਲਿਆ।
ਆਪਣੇ ਸਵਾਗਤੀ ਭਾਸ਼ਣ ਦੌਰਾਨ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਪੀ. ਹਰੀਸ਼ ਨੇ ਕਿਹਾ ਕਿ ਇਸ ਸਾਲ ਯੋਗ ਦਿਵਸ ਦਾ ਵਿਸ਼ਾ ‘ਇੱਕ ਧਰਤੀ, ਇੱਕ ਸਿਹਤ’ ਹੈ। ਇਸ ਤੋਂ ਪਹਿਲਾਂ ਨਿਊਯਾਰਕ ਵਿੱਚ ਭਾਰਤ ਦੇ ਕੌਂਸੂਲੇਟ ਜਨਰਲ ਨੇ ਟਾਈਮਜ਼ ਸਕੁਏਅਰ ਅਲਾਇੰਸ ਦੇ ਸਹਿਯੋਗ ਨਾਲ ਟਾਈਮਜ਼ ਸਕੁਏਅਰ ’ਤੇ ਯੋਗ ਦਿਵਸ ਮਨਾਇਆ, ਜਿੱਥੇ ਅਦਾਕਾਰ ਅਨੁਪਮ ਖੇਰ ਨੇ ਹਿੱਸਾ ਲਿਆ। ਇੰਗਲੈਂਡ ਦੇ ਲੰਡਨ ਵਿੱਚ ਬਰਤਾਨੀਆ ’ਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਚੀਨ ਦੇ ਪੇਈਚਿੰਗ ਭਾਰਤੀ ਰਾਜਦੂਤ ਪ੍ਰਦੀਪ ਕੁਮਾਰ ਰਾਵਤ ਹੋਰ ਡਿਪਲੋਮੈਟਾਂ ਨਾਲ ਪੁਰਾਣੇ ਭਾਰਤੀ ਸਫਾਰਤਖਾਨਾ ਕੰਪਲੈਕਸ ਵਿੱਚ ਇੱਕ ਸਮਾਗਮ ’ਚ ਸ਼ਾਮਲ ਹੋਏ। ਸਿੰਗਾਪੁਰ ਦੇ ‘ਸੁਪਰਟ੍ਰੀ ਲਾਅਨ’ ਵਿੱਚ ਸਮਾਗਮ ਕਰਵਾਇਆ ਗਿਆ। ਇਸੇ ਤਰ੍ਹਾਂ ਨੇਪਾਲ ਦੇ ਕਾਠਮੰਡੂ ਵਿੱਚ ਭਾਰਤੀ ਸਫਾਰਖਾਨੇ ਨੇ ਪੋਖਰਾ ’ਚ ਸੁੰਦਰ ਫੇਵਾ ਝੀਲ ਦੇ ਕੰਢੇ ਯੋਗ ਅਤੇ ਧਿਆਨ ਸੈਸ਼ਨ ਕਰਵਾਇਆ।
ਜਪਾਨ ਦੇ ਟੋਕੀਓ ਵਿੱਚ ਪ੍ਰਸਿੱਧ ਸੁਕੀਜੀ ਹੋਂਗਵਾਂਜੀ ਮੰਦਰ ’ਚ ਯੋਗ ਉਤਸਵ ਮਨਾਇਆ ਗਿਆ। ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਭਾਰਤੀ ਸੱਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ ਬਾਟੂ ਕੇਵਜ਼ ਕੰਪਲੈਕਸ ’ਚ ਪ੍ਰੋਗਰਾਮ ਕਰਵਾਇਆ। ਇਸ ਤੋਂ ਇਲਾਵਾ ਸ੍ਰੀਲੰਕਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਵੀ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।