
ਵੈਟਨਰੀ ਯੂਨੀਵਰਸਿਟੀ ਵਿਖੇ ਆਨੰਦ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
ਲੁਧਿਆਣਾ-15-ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 79ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਭਰਪੂਰ ਮਾਹੌਲ ਵਿਚ ਮਨਾਇਆ ਗਿਆ।ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਰਾਸ਼ਟਰੀ ਝੰਡਾ ਫਹਿਰਾਇਆ ਅਤੇ ਨਮਨ ਕੀਤਾ।ਉਨ੍ਹਾਂ ਨੇ ਦੇਸ਼ ਭਗਤਾਂ ਅਤੇ ਸੂਰਬੀਰਾਂ ਨੂੰ ਯਾਦ ਕੀਤਾ ਜਿਨ੍ਹਾਂ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।
ਲੁਧਿਆਣਾ-15-ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 79ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਭਰਪੂਰ ਮਾਹੌਲ ਵਿਚ ਮਨਾਇਆ ਗਿਆ।ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਰਾਸ਼ਟਰੀ ਝੰਡਾ ਫਹਿਰਾਇਆ ਅਤੇ ਨਮਨ ਕੀਤਾ।ਉਨ੍ਹਾਂ ਨੇ ਦੇਸ਼ ਭਗਤਾਂ ਅਤੇ ਸੂਰਬੀਰਾਂ ਨੂੰ ਯਾਦ ਕੀਤਾ ਜਿਨ੍ਹਾਂ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ।ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ।
ਆਪਣੇ ਸੰਬੋਧਨ ਵਿਚ ਡਾ. ਗਿੱਲ ਨੇ ਕਿਹਾ ਕਿ ਰਾਸ਼ਟਰੀ ਸੰਸਥਾ ਰੈਂਕਿੰਗ ਫਰੇਮਵਰਕ 2025 ਮੁਤਾਬਿਕ ਸਾਡੀ ਯੂਨੀਵਰਸਿਟੀ ਨੂੰ ਮੁਲਕ ਦੀਆਂ ਸਾਰੀਆਂ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀਆਂ ਵਿਚੋਂ ਦੂਜਾ ਸਥਾਨ ਮਿਲਣ ਨਾਲ ਸਾਰੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਬਹੁਤ ਮਹੱਤਵਪੂਰਨ ਖੋੋਜ ਪ੍ਰਾਜੈਕਟ ਚੱਲ ਰਹੇ ਹਨ ਜਿਸ ਨਾਲ ਪਸ਼ੂ ਪਾਲਣ ਅਤੇ ਸਮਾਜੀ ਹਿੱਤ ਵਾਸਤੇ ਕਈ ਲਾਭਕਾਰੀ ਖੋਜਾਂ ਹੋ ਰਹੀਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬਹੁਤ ਛੇਤੀ ਯੂਨੀਵਰਸਿਟੀ ਵਿਖੇ ਘੋੜਿਆਂ ਦਾ ਨਵਾਂ ਹਸਪਤਾਲ, ਵੱਡੇ ਪਸ਼ੂਆਂ ਦਾ ਨਵਾਂ ਹਸਪਤਾਲ, ਪੁਰਾਣੇ ਹਸਪਤਾਲ ਦਾ ਨਵੀਨੀਕਰਨ, ਫੀਡ ਦੀ ਜਾਂਚ ਸੰਬੰਧੀ ਉਨਤ ਪ੍ਰਯੋਗਸ਼ਾਲਾ ਅਤੇ ਹੋਸਟਲਾਂ ਵਿੱਚ ਨਵੀਨ ਸਹੂਲਤਾਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਤੋਂ ਬਾਹਰ ਕੰਮ ਕਰਦੀਆਂ ਸੰਸਥਾਵਾਂ ਦੇ ਆਧਾਰਭੂਤ ਢਾਂਚੇ ਵਿੱਚ ਵੀ ਬਿਹਤਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਬਹੁਤ ਉੱਚ ਦਰਜੇ ਦੀਆਂ ਪ੍ਰਯੋਗਸ਼ਾਲਾਵਾਂ ਅਤੇ ਸਮਰਪਿਤ ਵਿਗਿਆਨੀ ਕਾਰਜਸ਼ੀਲ ਹਨ। ਯੂਨੀਵਰਸਿਟੀ ਵਿੱਚ ਇਕ ਪ੍ਰਯੋਗਸ਼ਾਲਾ ਨੂੰ ਕੇਂਦਰੀ ਪ੍ਰਯੋਗਸ਼ਾਲਾ ਵਜੋਂ ਵਿਕਸਿਤ ਕੀਤਾ ਗਿਆ ਹੈ, ਜਿਥੇ ਕੋਈ ਵੀ ਵਿਗਿਆਨੀ ਨਵੇਂ ਖੋਜ ਉਪਰਾਲਿਆਂ ਲਈ ਇਕੋ ਛੱਤ ਥੱਲੇ ਸਾਰੀਆਂ ਪ੍ਰਯੋਗਸ਼ਾਲਾ ਸਹੂਲਤਾਂ ਪ੍ਰਾਪਤ ਕਰਦਾ ਹੈ। ਯੂਨੀਵਰਸਿਟੀ ਵਿਖੇ ਸਥਾਪਿਤ ਵੈਟਨਰੀ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਫਾਊਂਡੇਸ਼ਨ ਵਿਖੇ ਹੁਣ ਤਕ 14 ਇਨਕਿਊਬੇਟਰਜ਼ ਨੇ ਆਪਣਾ ਨਾਮ ਦਰਜ ਕਰਵਾ ਕੇ ਯੂਨੀਵਰਸਿਟੀ ਨਾਲ ਸਹਿਯੋਗ ਸਥਾਪਿਤ ਕੀਤਾ ਹੈ। ਡਾ. ਗਿੱਲ ਨੇ ਹੋਰ ਉਦਮੀਆਂ ਨੂੰ ਵੀ ਇਸ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਸਾਰ ਸਿੱਖਿਆ ਨੂੰ ਸੁਦ੍ਰਿੜ ਕਰਨ ਲਈ ਵਿਭਿੰਨ ਪਸ਼ੂ ਪ੍ਰਜਾਤੀਆਂ ਜਿਵੇਂ ਘੋੜੇ, ਮੱਝਾਂ, ਭੇਡਾਂ ਅਤੇ ਬੱਕਰੀਆਂ ਸੰਬੰਧੀ ਮਹੱਤਵਪੂਰਨ ਵਿਚਾਰ ਗੋਸ਼ਠੀਆਂ ਕਰਵਾਈਆਂ ਗਈਆਂ ਹਨ। ਪਸ਼ੂ ਪਾਲਕਾਂ ਦੀਆਂ ਜੱਥੇਬੰਦੀਆਂ ਨਾਲ ਵੀ ਨੇੜਲਾ ਤਾਲਮੇਲ ਰੱਖਿਆ ਗਿਆ ਹੈ।
ਪਸ਼ੂ ਪਾਲਣ ਮੇਲਿਆਂ ਰਾਹੀਂ ਹਰ ਵਿਗਿਆਨਕ ਗਤੀਵਿਧੀ ਨੂੰ ਪਸ਼ੂ ਪਾਲਕਾਂ ਨਾਲ ਸਾਂਝਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਨੂੰ ਖੁਰਾਕ ਅਤੇ ਖੇਤੀਬਾੜੀ ਸੰਗਠਨ (FAO) ਨੇ ਵਿਸ਼ੇਸ਼ ਕੇਂਦਰ ਵਜੋਂ ਪਛਾਣਿਆ ਹੈ ਅਤੇ ਵਿਗਿਆਨੀਆਂ ਨੂੰ ਸਿਖਲਾਈ ਸਹੂਲਤਾਂ ਦੇਣ ਲਈ ਚਿੰਨ੍ਹਿਤ ਕੀਤਾ ਹੈ। ਉਨ੍ਹਾਂ ਵਿਗਿਆਨੀਆਂ ਨੂੰ ਇਸ ਗੱਲ ਲਈ ਵੀ ਉਤਸਾਹਿਤ ਕੀਤਾ ਕਿ ਖੋਜ ਪੈਟੇਂਟ ਲੈਣ ਲਈ ਹੋਰ ਹੰਭਲਾ ਮਾਰਨ।
ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਗਿਆਨੀਆਂ ਅਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਸੰਸਥਾ ਦੀ ਮਜ਼ਬੂਤੀ ਲਈ ਆਪਣਾ ਸਰਵਉੱਤਮ ਯੋਗਦਾਨ ਪਾਉਣ। ਵਿਦਿਆਰਥੀਆਂ ਦੀਆਂ ਵਿਦਿਅਕ ਅਤੇ ਕਲਾਤਮਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜ ਦੀ ਬਿਹਤਰੀ ਲਈ ਅਨੁਸ਼ਾਸਿਤ ਅਤੇ ਉਸਾਰੂ ਜੀਵਨ ਜੀਣ ਲਈ ਪ੍ਰੇਰਿਤ ਕੀਤਾ। ਡਾ. ਗਿੱਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਗ਼ੈਰ-ਅਧਿਆਪਨ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰਸ਼ਾਸਕੀ ਯੋਗਦਾਨ, ਪ੍ਰਾਪਤੀਆਂ ਅਤੇ ਮਿਸਾਲੀ ਕਾਰਜਾਂ ਲਈ ਸਨਮਾਨਿਤ ਵੀ ਕੀਤਾ।
ਉਪ-ਕੁਲਪਤੀ ਦੇ ਸੰਬੋਧਨ ਤੋਂ ਬਾਅਦ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਹੋਏ ਗੀਤ ਪੇਸ਼ ਕਰਕੇ ਵਿਦਿਆਰਥੀਆਂ ਨੇ ਸਮਾਗਮ ਨੂੰ ਸੰਗੀਤਮਈ ਢੰਗ ਨਾਲ ਦੇਸ਼ ਪਿਆਰ ਨਾਲ ਜੋੜ ਦਿੱਤਾ। ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਸਮਾਰੋਹ ਵਿਚ ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗ ਮੁਖੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਸਮਾਰੋਹ ਦਾ ਪ੍ਰਬੰਧ ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਸੀ।
