ਨਰਾਤੇ ਸ਼ੁਰੂ ਹੋਣ ਅਤੇ ਦੁਸਹਿਰੇ ਦਾ ਤਿਉਹਾਰ ਨੇੜੇ ਆਉਣ ਕਾਰਨ ਵੱਖ-ਵੱਖ ਮਾਰਕੀਟਾਂ ਵਿੱਚ ਰੌਣਕਾਂ ਲੱਗੀਆਂ

ਐਸ ਏ ਐਸ ਨਗਰ, 23 ਸਤੰਬਰ- ਅਸੂ ਮਹੀਨੇ ਦੇ ਪਵਿੱਤਰ ਨਰਾਤਿਆਂ ਦੇ ਸ਼ੁਰੂ ਹੋਣ ਅਤੇ ਦੁਸਹਿਰੇ ਦਾ ਤਿਉਹਾਰ ਨੇੜੇ ਆਉਣ ਕਾਰਨ ਮੁਹਾਲੀ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਰੌਣਕਾਂ ਲੱਗ ਗਈਆਂ ਹਨ। ਅਨੇਕਾਂ ਮਾਰਕੀਟਾਂ ਵਿੱਚ ਤਾਂ ਦੁਕਾਨਦਾਰਾਂ ਨੇ ਬਿਜਲਈ ਲੜੀਆਂ ਲਗਾ ਕੇ ਦੁਕਾਨਾਂ ਨੂੰ ਸਜਾਇਆ ਹੋਇਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰਾਂ ਨੇ ਨਵਾਂ ਸਮਾਨ ਲਿਆ ਕੇ ਵੇਚਣ ਲਈ ਲਗਾਇਆ ਹੋਇਆ ਹੈ ਅਤੇ ਦੁਕਾਨਾਂ ਨੂੰ ਚੰਗੀ ਤਰ੍ਹਾਂ ਸਜਾਇਆ ਹੋਇਆ ਹੈ।

ਐਸ ਏ ਐਸ ਨਗਰ, 23 ਸਤੰਬਰ- ਅਸੂ ਮਹੀਨੇ ਦੇ ਪਵਿੱਤਰ ਨਰਾਤਿਆਂ ਦੇ ਸ਼ੁਰੂ ਹੋਣ ਅਤੇ ਦੁਸਹਿਰੇ ਦਾ ਤਿਉਹਾਰ ਨੇੜੇ ਆਉਣ ਕਾਰਨ ਮੁਹਾਲੀ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿੱਚ ਰੌਣਕਾਂ ਲੱਗ ਗਈਆਂ ਹਨ। ਅਨੇਕਾਂ ਮਾਰਕੀਟਾਂ ਵਿੱਚ ਤਾਂ ਦੁਕਾਨਦਾਰਾਂ ਨੇ ਬਿਜਲਈ ਲੜੀਆਂ ਲਗਾ ਕੇ ਦੁਕਾਨਾਂ ਨੂੰ ਸਜਾਇਆ ਹੋਇਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰਾਂ ਨੇ ਨਵਾਂ ਸਮਾਨ ਲਿਆ ਕੇ ਵੇਚਣ ਲਈ ਲਗਾਇਆ ਹੋਇਆ ਹੈ ਅਤੇ ਦੁਕਾਨਾਂ ਨੂੰ ਚੰਗੀ ਤਰ੍ਹਾਂ ਸਜਾਇਆ ਹੋਇਆ ਹੈ।
ਇਸ ਸਮੇਂ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਪੂਰੀ ਰੌਣਕ ਦਿਖਾਈ ਦੇ ਰਹੀ ਹੈ। ਦੁਸਹਿਰੇ ਦਾ ਤਿਉਹਾਰ ਨੇੜੇ ਆਉਣ ਕਰਕੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਚਹਿਲ-ਪਹਿਲ ਵੱਧ ਗਈ ਹੈ। ਭਾਵੇਂਕਿ ਦੁਸਹਿਰੇ ਦਾ ਤਿਉਹਾਰ ਆਉਣ ਵਿੱਚ ਅਜੇ ਕਾਫੀ ਦਿਨ ਪਏ ਹਨ, ਪਰ ਇਸ ਸੰਬੰਧੀ ਮਾਰਕੀਟਾਂ ਵਿੱਚ ਰੌਣਕਾਂ ਹੁਣੇ ਤੋਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਰਕਸ਼ਬੰਧਨ ਦੇ ਤਿਉਹਾਰ ਤੋਂ ਹੀ ਤਿਉਹਾਰੀ ਸੀਜਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਤਿਉਹਾਰਾਂ ਦੇ ਸੀਜਨ ਮੌਕੇ ਚੰਗੀ ਕਮਾਈ ਲਈ ਵੱਖ-ਵੱਖ ਦੁਕਾਨਦਾਰਾਂ ਵੱਲੋਂ ਜਿੱਥੇ ਨਵਾਂ ਸਮਾਨ ਲਿਆ ਕੇ ਦੁਕਾਨਾਂ ਵਿੱਚ ਪਾਇਆ ਜਾਂਦਾ ਹੈ, ਉੱਥੇ ਪੁਰਾਣੇ ਸਮਾਨ ਦੀ ਵਿਕਰੀ ਲਈ ਪੁਰਾਣਾ ਸਮਾਨ ਸਸਤਾ ਕਰਕੇ ਜਾਂ ਸੇਲ ਲਗਾ ਕੇ ਜਾਂ ਇਕ ਦੇ ਨਾਲ ਇਕ ਮੁਫਤ ਦੀਆਂ ਸਕੀਮਾਂ ਲਗਾ ਕੇ ਵੇਚਿਆ ਜਾ ਰਿਹਾ ਹੈ ਤਾਂ ਜੋ ਪੁਰਾਣੇ ਸਮਾਨ ਵੇਚ ਕੇ ਖਾਲੀ ਹੋਈ ਦੁਕਾਨ ਦੀ ਥਾਂ ਵਿੱਚ ਨਵਾਂ ਸਮਾਨ ਰੱਖਿਆ ਜਾ ਸਕੇ।
ਦੁਸਹਿਰੇ ਦੇ ਤਿਉਹਾਰ ਮੌਕੇ ਵੇਚੀਆਂ ਜਾਣ ਵਾਲੀਆਂ ਮਿਠਾਈਆਂ ਬਣਾਉਣ ਸੰਬੰਧੀ ਹਲਵਾਈਆਂ ਵੱਲੋਂ ਹੁਣੇ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਮਿਠਾਈਆਂ ਵਿੱਚ ਪਾਇਆ ਜਾਣ ਵਾਲਾ ਡਰਾਈਫਰੂਟ ਖਰੀਦਣਾ ਵੀ ਆਰੰਭ ਕਰ ਦਿੱਤਾ ਗਿਆ ਹੈ, ਜਿਸ ਕਾਰਨ ਡਰਾਈ ਫਰੂਟ ਦੀ ਮੰਗ ਵੱਧ ਗਈ ਹੈ ਤੇ ਉਸ ਦੇ ਦਾਮ ਵੀ ਵੱਧ ਗਏ ਹਨ।
ਦੁਕਾਨਦਾਰਾਂ ਅਨੁਸਾਰ ਤਿਉਹਾਰਾਂ ਦੇ ਸੀਜਨ ਵਿੱਚ ਉਹਨਾਂ ਨੇ ਸਾਰੇ ਸਾਲ ਦੀ ਕਮਾਈ ਕਰਨੀ ਹੁੰਦੀ ਹੈ, ਇਸ ਕਰਕੇ ਹਰ ਦੁਕਾਨਦਾਰ ਵੱਲੋਂ ਤਿਉਹਾਰਾਂ ਦੇ ਸੀਜਨ ਲਈ ਵਿਸ਼ੇਸ਼ ਤਿਆਰੀ ਕੀਤੀ ਜਾਂਦੀ ਹੈ। ਕੁਝ ਦੁਕਾਨਦਾਰ ਤਾਂ ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ ਦੁਕਾਨਾਂ ਨੂੰ ਨਵਾਂ ਰੰਗ-ਰੋਗਨ ਵੀ ਕਰਵਾਉਂਦੇ ਹਨ ਅਤੇ ਕਰੀਬ ਸਾਰੇ ਦੁਕਾਨਦਾਰ ਤਿਉਹਾਰਾਂ ਦੇ ਸੀਜਨ ਮੌਕੇ ਆਪਣੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸਜਾਉਂਦੇ ਹਨ।
ਕਿਹਾ ਜਾਂਦਾ ਹੈ ਕਿ ਜਿਸ ਦੁਕਾਨਦਾਰ ਦੀ ਦੁਕਾਨ ਸਭ ਤੋਂ ਜਿਆਦਾ ਸਜੀ ਅਤੇ ਜਗਮਗ ਜਗਮਗ ਕਰਦੀ ਹੁੰਦੀ ਹੈ, ਉਸ ਦੁਕਾਨ ਉੱਤੇ ਖਰੀਦਦਾਰੀ ਕਰਨ ਵਾਲਿਆਂ ਦੀ ਵੀ ਭੀੜ ਨਜਰ ਆਉਂਦੀ ਹੈ। ਇਹੀ ਕਾਰਨ ਹੈ ਕਿ ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ ਹੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਸਜਾਉਣ ਅਤੇ ਸਾਫ-ਸਫਾਈ ਕਰਵਾ ਕੇ ਦੁਕਾਨਾਂ ਵਿੱਚ ਨਵਾਂ ਸਮਾਨ ਪਾਉਣ ਦਾ ਕੰਮ ਆਰੰਭ ਕਰ ਦਿੱਤਾ ਜਾਂਦਾ ਹੈ।
ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਦੁਸਹਿਰੇ ਦੇ ਤਿਉਹਾਰ ਪ੍ਰਤੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਆਲੜ ਅਤੇ ਨੌਜਵਾਨ ਮੁੰਡੇ-ਕੁੜੀਆਂ ਨੂੰ ਮਾਰਕੀਟਾਂ ਵਿੱਚ ਇਧਰ-ਉਧਰ ਘੁੰਮਦੇ ਵੇਖਿਆ ਜਾ ਸਕਦਾ ਹੈ। ਭਾਵੇਂ ਕਿ ਅਜੇ ਲੋਕਾਂ ਨੇ ਦੁਕਾਨਾਂ ਤੇ ਖਰੀਦਦਾਰੀ ਚੰਗੀ ਤਰ੍ਹਾਂ ਕਰਨੀ ਆਰੰਭ ਨਹੀਂ ਕੀਤੀ, ਪਰ ਜਦੋਂ ਉਹ ਮਾਰਕੀਟ ਵਿੱਚ ਆਉਂਦੇ ਹਨ ਤਾਂ ਕੁਝ ਨਾ ਕੁਝ ਖਰੀਦਦੇ ਅਤੇ ਖਾਂਦੇ-ਪੀਂਦੇ ਜਰੂਰ ਹਨ। ਭਾਵੇਂ ਕਿ ਕੁਝ ਦੁਕਾਨਦਾਰਾਂ ਨੂੰ ਤਿਉਹਾਰਾਂ ਦੇ ਸੀਜਨ ਉੱਤੇ ਮਹਿੰਗਾਈ ਦਾ ਅਸਰ ਹੋਣ ਦੀ ਵੀ ਸੰਭਾਵਨਾ ਹੈ, ਪਰ ਫਿਰ ਵੀ ਵੱਡੀ ਗਿਣਤੀ ਦੁਕਾਨਦਾਰਾਂ ਨੂੰ ਇਸ ਵਾਰ ਤਿਉਹਾਰਾਂ ਦਾ ਸੀਜਨ ਚੰਗਾ ਰਹਿਣ ਦੀ ਉਮੀਦ ਹੈ।