
ਵੈਟਨਰੀ ਯੂਨੀਵਰਸਿਟੀ ਨੇ ਡਿਜ਼ੀਟਲ ਸਾਖਰਤਾ ਵਧਾਉਣ ਹਿਤ ਕਰਵਾਇਆ ਪ੍ਰੋਗਰਾਮ
ਲੁਧਿਆਣਾ 04 ਅਪ੍ਰੈਲ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਿਦਿਆਰਥੀਆਂ ਵਿਚ ਡਿਜ਼ੀਟਲ ਸਾਖਰਤਾ ਵਧਾਉਣ ਅਤੇ ਵਰਤਮਾਨ ਸਿੱਖਿਆ ਢਾਂਚੇ ਵਿਚ ਇਸ ਦੀ ਗਹਿਰੀ ਸਮਝ ਨੂੰ ਪਛਾਨਣ ਹਿਤ ਵਿਭਿੰਨ ਭਾਸ਼ਣਾਂ ਦੀ ਲੜੀ ਦਾ ਆਯੋਜਨ ਕੀਤਾ ਗਿਆ।
ਲੁਧਿਆਣਾ 04 ਅਪ੍ਰੈਲ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਵਿਦਿਆਰਥੀਆਂ ਵਿਚ ਡਿਜ਼ੀਟਲ ਸਾਖਰਤਾ ਵਧਾਉਣ ਅਤੇ ਵਰਤਮਾਨ ਸਿੱਖਿਆ ਢਾਂਚੇ ਵਿਚ ਇਸ ਦੀ ਗਹਿਰੀ ਸਮਝ ਨੂੰ ਪਛਾਨਣ ਹਿਤ ਵਿਭਿੰਨ ਭਾਸ਼ਣਾਂ ਦੀ ਲੜੀ ਦਾ ਆਯੋਜਨ ਕੀਤਾ ਗਿਆ।
ਇਸ ਮੁਹਿੰਮ ਤਹਿਤ ਜੇ-ਪਾਲ ਦੱਖਣੀ ਏਸ਼ੀਆ ਸੰਗਠਨ ਦੇ ਸਹਿਯੋਗ ਨਾਲ ਇਕ ਅਧਿਐਨ ਕਰਵਾਇਆ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਕੈਂਪਸ ਵਿਚ ਸਥਾਪਿਤ ਚਾਰ ਕਾਲਜਾਂ ਅਤੇ ਬੀ ਵੀ ਐਸ ਸੀ ਕਰ ਰਹੇ ਵਿਦਿਆਰਥੀਆਂ ਨੇ ਹਿੱਸਾ ਪਾਇਆ। ਇਹ ਜਾਣਕਾਰੀ ਡਾ. ਨਿਧੀ ਸ਼ਰਮਾ, ਸਹਾਇਕ ਨਿਰਦੇਸ਼ਕ ਪ੍ਰਕਾਸ਼ਨਾ ਤੇ ਐਨ ਐਸ ਐਸ ਸੰਯੋਜਕ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੰਤਵ ਹਿਤ 100 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੇ ਤਹਿਤ ਉਨ੍ਹਾਂ ਦੇ ਆਪਣੇ ਕਾਲਜਾਂ ਵਿਚ ਹੋਏ ਤਜਰਬਿਆਂ ਨੂੰ ਹੀ ਅਧਿਐਨ ਦਾ ਆਧਾਰ ਬਣਾਇਆ ਗਿਆ।
ਪੀ ਏ ਯੂ ਦੇ ਸਹਾਇਕ ਨਿਰੇਦਸ਼ਕ ਪ੍ਰਕਾਸ਼ਨਾ, ਸ਼੍ਰੀਮਤੀ ਗੁਲਨੀਤ ਚਾਹਲ ਨੇ ਬਤੌਰ ਮਹਿਮਾਨ ਵਕਤਾ ਵਿਭਿੰਨ ਵਿਸ਼ਿਆਂ ’ਤੇ ਭਾਸ਼ਣ ਦਿੱਤੇ। ਇਨ੍ਹਾਂ ਭਾਸ਼ਣਾਂ ਰਾਹੀਂ ਡਿਜ਼ੀਟਲ ਗਤੀਵਿਧੀਆਂ ਵਿਚ ਵਧੇਰੇ ਸਮਾਂ ਸਕਰੀਨ ਤੇ ਰਹਿਣਾ, ਇਸ ਦੇ ਮਾੜੇ ਪ੍ਰਭਾਵ, ਇਸ ਦੀਆਂ ਗੁੰਝਲਾਂ ਵਿਚ ਉਲਝਦੇ ਜਾਣਾ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਨਾ ਵਰਗੇ ਵਿਸ਼ਿਆਂ ’ਤੇ ਵਿਚਾਰ ਚਰਚਾ ਹੋਈ। ਚਰਚਾ ਵਿਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਕਰੀਨ ਟਾਈਮ ਘਟਾਉਣਾ ਬਹੁਤ ਜ਼ਰੂਰੀ ਹੈ ਅਤੇ ਡਿਜ਼ੀਟਲ ਮੰਚਾਂ ਦੀ ਸੁਚੱਜੀ ਤੇ ਸੰਜਮੀ ਵਰਤੋਂ ਹੀ ਲਾਭਦਾਇਕ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕੌਮੀ ਸੇਵਾ ਯੋਜਨਾ ਇਕਾਈ ਅਤੇ ਆਯੋਜਕਾਂ ਨੂੰ ਇਹ ਅਧਿਐਨ ਸਫ਼ਲਤਾਪੂਰਵਕ ਕਰਨ ਲਈ ਮੁਬਾਰਕਬਾਦ ਦਿੱਤੀ। ਡਾ. ਸੱਯਦ ਐਸ ਹਸਨ, ਐਨ ਐਸ ਐਸ ਪ੍ਰੋਗਰਾਮ ਅਧਿਕਾਰੀ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਡਿਜ਼ੀਟਲ ਸਾਖਰਤਾ ਪੋ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ ਅਤੇ ਵਿਦਿਆਰਥੀ ਸਮਾਜੀ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਤੋਂ ਬਚਣ ਵਾਸਤੇ ਅਜਿਹੇ ਅਧਿਐਨ ਦਾ ਫਾਇਦਾ ਲੈਣਗੇ ਅਤੇ ਸਰੀਰਕ ਤੇ ਮਾਨਸਿਕ ਤਨਾਓ ਤੋਂ ਬਚਣਗੇ।
