ਪੀ.ਐਸ.ਪੀ.ਸੀ.ਐਲ. ਨੇ ਪੈਰਾ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਰਾਜ ਕੁਮਾਰ ਨੂੰ ਕੀਤਾ ਸਨਮਾਨਤ

ਪਟਿਆਲਾ, 7 ਨਵੰਬਰ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਜੂਨੀਅਰ ਸਪੋਰਟਸ ਅਫਸਰ ਰਾਜ ਕੁਮਾਰ ਨੂੰ ਹਾਲ ਹੀ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਚੌਥੀ ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਉਪਲਬਧੀ ਹਾਸਲ ਕਰਨ ਲਈ ਸਨਮਾਨਤ ਕੀਤਾ।

ਪਟਿਆਲਾ, 7 ਨਵੰਬਰ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਜੂਨੀਅਰ ਸਪੋਰਟਸ ਅਫਸਰ ਰਾਜ ਕੁਮਾਰ ਨੂੰ ਹਾਲ ਹੀ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਹੋਈਆਂ ਚੌਥੀ ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਨਦਾਰ ਉਪਲਬਧੀ ਹਾਸਲ ਕਰਨ ਲਈ ਸਨਮਾਨਤ ਕੀਤਾ। ਰਾਜ ਕੁਮਾਰ ਨੇ ਆਪਣੇ ਸਾਥੀ ਉੱਤਰਾਖੰਡ ਦੇ ਇੱਕ ਆਈਟੀਓ ਚਿਰਾਗ ਬਰੇਥਾ ਦੇ ਸਹਿਯੋਗ ਨਾਲ ਦੇਸ਼ ਭਰ ਦੇ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਜਿੱਤਦੇ ਹੋਏ ਪੁਰਸ਼ਾਂ ਦੇ ਡਬਲ ਬੈਡਮਿੰਟਨ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। 
ਪੀਐੱਸਪੀਸੀਐੱਲ ਦੇ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਸੁਰ ਸਿੰਘ ਨੇ ਰਾਜ ਕੁਮਾਰ ਨੂੰ ਉਨ੍ਹਾਂ ਦੀ ਬੇਮਿਸਾਲ ਕਾਰਗੁਜ਼ਾਰੀ ਲਈ ਤਹਿ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੀਐਸਪੀਸੀਐਲ ਆਪਣੇ ਸਟਾਫ਼ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਰਾਜ ਕੁਮਾਰ ਦੀ ਪ੍ਰਾਪਤੀ ਸਾਰੇ ਕਰਮਚਾਰੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਕਾਰਪੋਰੇਸ਼ਨ ਨੂੰ ਆਪਣੇ ਸਮਰਪਿਤ ਖੇਡ ਅਫਸਰਾਂ ਅਤੇ ਅਥਲੀਟਾਂ 'ਤੇ ਮਾਣ ਹੈ, ਜੋ ਸੰਸਥਾ ਅਤੇ ਪੰਜਾਬ ਰਾਜ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ  ਖੁਲਾਸਾ ਕੀਤਾ ਕਿ ਰਾਜ ਕੁਮਾਰ ਦੀ ਸ਼ਾਨਦਾਰ ਉਪਲਬਧੀ ਨੂੰ ਸਨਮਾਨ ਦਿੰਦੇ ਹੋਏ, ਪੀਐਸਪੀਸੀਐਲ ਨੇ ਉਸਨੂੰ ਵਿਤੀ ਸਹਾਇਤਾ ਦਾ ਫਾਇਦਾ ਦਿੱਤਾ ਸੀ।  ਉਨ੍ਹਾਂ ਨੂੰ ਪੀਐਸਪੀਸੀਐਲ ਦੀ ਖੇਡ ਨੀਤੀ ਅਨੁਸਾਰ ਖੇਡ ਅਧਿਕਾਰੀ ਵਜੋਂ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ  ਕਰਮਚਾਰੀਆਂ ਦੀ ਸਮੁੱਚੀ ਤੰਦਰੁਸਤੀ ਨੂੰ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਅਤਿ-ਆਧੁਨਿਕ ਜਿਮਨੇਜ਼ੀਅਮ ਸਥਾਪਤ ਕਰਨ ਦੀ ਤਜਵੀਜ਼ ਪੀਐਸਪੀਸੀਐਲ ਪ੍ਰਬੰਧਕਾਂ ਕੋਲ ਵਿਚਾਰ ਅਧੀਨ ਹੈ, ਜਿਸਦਾ ਉਦੇਸ਼ ਸੰਸਥਾ ਦੇ ਅਥਲੀਟਾਂ ਅਤੇ ਸਟਾਫ਼ ਲਈ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਪ੍ਰਦਾਨ ਕਰਨਾ ਹੈ।
ਡਾਇਰੈਕਟਰ ਐਡਮਿਨ ਨੇ ਖ਼ੁਲਾਸਾ ਕੀਤਾ ਕਿ ਜਿੰਮ ਤੋਂ ਇਲਾਵਾ, ਪੀਐਸਪੀਸੀਐਲ ਇੱਕ ਪਟਿਆਲਾ ਅਤੇ ਦੂਜੇ ਅੰਮ੍ਰਿਤਸਰ ਵਿੱਚ ਦੋ ਖੇਡ ਮੈਦਾਨਾਂ ਦੇ ਵਿਕਾਸ 'ਤੇ ਵੀ ਵਿਚਾਰ ਕਰ ਰਿਹਾ ਹੈ। ਪੀ.ਐੱਸ.ਪੀ.ਸੀ.ਐੱਲ. ਦੇ ਸਪੋਰਟਸ ਸੈੱਲ ਦੇ ਡਿਪਟੀ ਚੀਫ ਇੰਜੀਨੀਅਰ/ਟੈਕਨੀਕਲ ਕਮ ਇੰਚਾਰਜ ਤੇਜ ਪਾਲ ਬਾਂਸਲ ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਦੇ ਅੰਦਰ ਬੈਡਮਿੰਟਨ ਨੂੰ ਤਰਜੀਹੀ ਖੇਡ ਵਜੋਂ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਜਲਦੀ ਹੀ ਅੰਤਰ-ਬੋਰਡ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾਵੇਗਾ।