ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਵਾ ਕੇ ਸਮਾਨਤਾ ਵਾਲਾ ਸਮਾਜ ਸਿਰਜਣਾ ਹੀ ਸ਼ਹੀਦ ਭਗਤ ਸਿੰਘ ਦਾ ਨਿਸ਼ਾਨਾ ਸੀ : ਤਰਕਸ਼ੀਲ ਆਗੂ

ਖਰੜ 4 ਅਕਤੂਬਰ - ਆਰੀਆ ਕਾਲਜ ਫਾਰ ਵੂਮਨ, ਖਰੜ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਆਰੀਆ ਕਾਲਜ ਫਾਰ ਵੂਮਨ, ਖਰੜ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੀਡੀਆ ਇੰਚਾਰਜ ਕਰਮਜੀਤ ਸਕਰੁਲਾਂਪੁਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕੇਵਲ ਇਸ ਕਰਕੇ ਸਾਡਾ ਹਰਮਨ ਪਿਆਰਾ ਕੌਮੀ ਨਾਇਕ ਨਹੀਂ ਕਿ ਉਸਨੇ ਸੁਤੰਤਰਤਾ ਸੰਗਰਾਮ ਵਿੱਚ ਅੰਗਰੇਜ਼ੀ ਹਕੂਮਤ ਤੋਂ ਸਿਰਫ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ, ਸਗੋਂ ਭਗਤ ਸਿੰਘ ਇਸ ਕਰਕੇ ਸਾਡਾ ਹਰਮਨ ਪਿਆਰਾ ਕੌਮੀ ਨਾਇਕ ਤੇ ਸ਼ਹੀਦ ਏ ਆਜ਼ਮ ਹੈ ਕਿਉਂਕਿ ਉਸ ਕੋਲ਼ ਆਜ਼ਾਦੀ ਤੋਂ ਬਾਅਦ ਦੇ ਭਾਰਤ ਲਈ ਇਸ ਤਰ੍ਹਾਂ ਦਾ ਪਲਾਨ -ਪ੍ਰਬੰਧ ਸੀ ਜਿਸ ਵਿੱਚ ਸਭ ਨੂੰ ਯੋਗਤਾ ਅਨੁਸਾਰ ਰੁਜਗਾਰ ਅਤੇ ਲੋੜ ਅਨੁਸਾਰ ਸਹੂਲਤਾਂ ਮਿਲਣੀਆਂ ਸਨ।
ਇਕਾਈ ਦੇ ਜਥੇਬੰਦਕ ਮੁੱਖੀ ਕੁਲਵਿੰਦਰ ਨਗਾਰੀ ਨੇ ਆਪਣੇ ਭਾਸ਼ਣ ਵਿੱਚ ਕਈ ਕਿਸਮ ਦੇ ਕੀਤੇ ਜਾ ਰਹੇ ਵਹਿਮਾਂ ਭਰਮਾਂ ਦਾ ਰਾਜ਼ ਖੋਲਿਆ, ਬੱਚਿਆਂ ਅਤੇ ਸਮੂਹ ਸਟਾਫ ਵੱਲੋਂ ਉਹਨਾਂ ਦੇ ਵਿਚਾਰਾਂ ਨੂੰ ਬਹੁਤ ਹੀ ਧਿਆਨ ਨਾਲ ਕੇਵਲ ਸੁਣਿਆ ਹੀ ਨਹੀਂ ਗਿਆ ਸਗੋਂ ਪ੍ਰਚਲਿਤ ਵਹਿਮ ਭਰਮਾਂ ਬਾਰੇ ਵੀ ਖੁੱਲ੍ਹ ਕੇ ਸਵਾਲ ਜਵਾਬ ਕੀਤੇ ਗਏ ।
ਪ੍ਰੋਗਰਾਮ ਦੇ ਆਖਿਰ ਵਿਚ ਚੰਡੀਗੜ੍ਹ ਜ਼ੋਨ ਦੇ ਮੁੱਖੀ ਗੁਰਮੀਤ ਖਰੜ ਨੇ ਤਰਕਸ਼ੀਲ ਸੋਸਾਇਟੀ ਦਾ ਉਦੇਸ਼, ਬਣਤਰ ਅਤੇ ਕਾਰਜਵਿਧੀ ਵਾਰੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਨੇ ਭਗਤ ਸਿੰਘ ਦੀਆਂ ਪ੍ਰਸਿੱਧ ਲਿਖਤਾਂ ਜਿਹਨਾਂ ਵਿੱਚ ‘ਮੈਂ ਨਾਸਤਿਕ ਕਿਉਂ ਹਾਂ?’ ‘ਬੰਬ ਦਾ ਫਲਸਫ਼ਾ’ ‘ਮਜ਼ਹਬੀ ਦੰਗੇ ਅਤੇ ਇਲਾਜ਼ ‘ ਪੜ੍ਹਨ ਲਈ ਦੱਸੀਆਂ ਗਈਆਂ ।
ਇਸ ਮੌਕੇ ਸੀਨੀਅਰ ਤਰਕਸ਼ੀਲ ਆਗੂ ਸੁਜਾਨ ਸਿੰਘ ਬਡਾਲਾ, ਵਿਕਰਮਜੀਤ ਸੋਨੀ, ਸੁਰਿੰਦਰ ਸਿੰਬਲ ਮਾਜਰਾ ਅਤੇ ਗੁਰਮੀਤ ਸਹੋੜਾ ਸੋਸਾਇਟੀ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਤੇ ਹਾਜਰ ਰਹੇ।