
ਲੀਬੀਆ ਵਿੱਚ ਤੂਫਾਨ ਤੇ ਹੜ੍ਹ ਕਾਰਨ ਹੁਣ ਤੱਕ 2000 ਤੋਂ ਵੱਧ ਵਿਅਕਤੀਆਂ ਦੀ ਮੌਤ
ਲੀਬੀਆ, 12 ਸਤੰਬਰ ਅਫਰੀਕੀ ਦੇਸ਼ ਲੀਬੀਆ ਵਿੱਚ ਭਿਆਨਕ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਦੇਸ਼ ਦੇ ਪੂਰਬੀ ਤੱਟੀ ਸ਼ਹਿਰਾਂ ਵਿੱਚ ਹੜ੍ਹ ਕਾਰਨ 2 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਵਿਅਕਤੀ ਲਾਪਤਾ ਹਨ।
ਲੀਬੀਆ, 12 ਸਤੰਬਰ ਅਫਰੀਕੀ ਦੇਸ਼ ਲੀਬੀਆ ਵਿੱਚ ਭਿਆਨਕ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਦੇਸ਼ ਦੇ ਪੂਰਬੀ ਤੱਟੀ ਸ਼ਹਿਰਾਂ ਵਿੱਚ ਹੜ੍ਹ ਕਾਰਨ 2 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਵਿਅਕਤੀ ਲਾਪਤਾ ਹਨ। ਪੂਰਬੀ ਲੀਬੀਆ ਦੀ ਸੈਨਾ ਦੇ ਬੁਲਾਰੇ ਨੇ ਬੀਤੇ ਦਿਨ ਦੱਸਿਆ ਕਿ ਡੇਰਨਾ ਸ਼ਹਿਰ ਵਿੱਚ ਹੜ੍ਹ ਕਾਰਨ 2,000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 5,000 ਤੋਂ 6,000 ਵਿਅਕਤੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਤੋਂ ਬਾਅਦ ਡੇਰਨਾ ਸ਼ਹਿਰ ਦੇ ਉਪਰਲੇ ਹਿੱਸਿਆਂ ਵਿੱਚ ਬਣੇ ਬੰਨ੍ਹ ਦੇ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ।
ਪੂਰਬੀ ਲੀਬੀਆ ਸਰਕਾਰ ਦੇ ਪ੍ਰਧਾਨ ਮੰਤਰੀ ਓਸਾਮਾ ਹਮਦ ਨੇ ਕਿਹਾ ਕਿ ਡੇਰਨਾ ਸ਼ਹਿਰ ਹੜ੍ਹ ਨਾਲ ਤਬਾਹ ਹੋ ਗਿਆ ਹੈ। 2,000 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਹੋਰ ਲਾਪਤਾ ਹਨ। ਭੂਮੱਧ ਸਾਗਰ ਤੂਫਾਨ ਡੇਨੀਅਲ ਦੀ ਮਾਰ ਹੇਠ ਆਉਣ ਤੋਂ ਬਾਅਦ ਤੱਟਵਰਤੀ ਸ਼ਹਿਰ ਡੇਰਨਾ ਨੂੰ ਆਫ਼ਤ ਖੇਤਰ ਘੋਸ਼ਿਤ ਕੀਤਾ ਗਿਆ ਹੈ। ਪੂਰਬੀ ਲੀਬੀਆ ਸਰਕਾਰ ਦੇ ਸਿਹਤ ਮੰਤਰੀ ਓਸਮਾਨ ਅਬਦੁਲ ਜਲੀਲ ਨੇ ਮਰਨ ਵਾਲਿਆਂ ਦੀ ਗਿਣਤੀ ਦਾ ਐਲਾਨ ਕੀਤਾ। ਜਲੀਲ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਡੇਰਨਾ ਸ਼ਹਿਰ ਵਿੱਚ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਕਈ ਸ਼ਹਿਰਾਂ ਵਿੱਚ ਹਜ਼ਾਰਾਂ ਘਰ ਅਤੇ ਹੋਰ ਜਾਇਦਾਦਾਂ ਤਬਾਹ ਹੋ ਗਈਆਂ ਹਨ। ਡੇਰਨਾ ਵਿੱਚ ਬਿਜਲੀ ਜਾਂ ਸੰਚਾਰ ਸੇਵਾਵਾਂ ਵਿੱਚ ਵਿਘਨ ਪਿਆ।
ਪੂਰਬੀ ਲੀਬੀਆ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਓਸਾਮਾ ਹਮਦ ਨੇ ਬੀਤੇ ਦਿਨ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਦੇਸ਼ ਭਰ ਵਿੱਚ ਝੰਡੇ ਅੱਧੇ ਝੁਕੇ ਰੱਖਣ ਦਾ ਹੁਕਮ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਨੀਵਾਰ ਨੂੰ ਹੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਤੂਫਾਨ ਤੋਂ ਪਹਿਲਾਂ ਸਾਵਧਾਨੀ ਵਜੋਂ ਸਕੂਲ ਬੰਦ ਕਰ ਦਿੱਤੇ ਗਏ ਸਨ।
