ਚੈਰਿਟੀ ਤੇ ਸੰਗੀਤਕ ਪ੍ਰੋਗਰਾਮਾਂ ਨਾਲ ਮੁਹੰਮਦ ਰਫ਼ੀ ਸਾਹਿਬ ਨੂੰ ਕੀਤਾ ਜਾਂਦੈ ਯਾਦ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਲੰਮੇ ਸਮੇਂ ਤੋਂ ਕਰਵਾ ਰਹੀ ਹੈ ਪ੍ਰੋਗਰਾਮ

ਪਟਿਆਲਾ: ਹਿੰਦੀ ਫ਼ਿਲਮ ਜਗਤ ਦੇ ਮਹਾਨ ਗਾਇਕ, ਸੁਰ ਸਮਰਾਟ ਤੇ "ਭਗਵਾਨ ਦੀ ਆਵਾਜ਼" ਦਾ ਦਰਜਾ ਹਾਸਿਲ ਕਰਨ ਵਾਲ਼ੇ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ ਦੇਸ਼ ਭਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਜੁਲਾਈ ਅਤੇ ਦਸੰਬਰ ਮਹੀਨੇ ਵਿੱਚ ਸੰਗੀਤਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਪਰ ਪਟਿਆਲ਼ਾ ਦੀ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ (ਰਜਿ:) ਨੇ ਮਹਾਨ ਗਾਇਕ ਦੀ ਯਾਦ ਨੂੰ ਸੰਗੀਤਕ ਪ੍ਰੋਗਰਾਮਾਂ ਦੇ ਆਯੋਜਨ ਦੇ ਨਾਲ ਨਾਲ ਦਾਨ-ਪੁੰਨ (ਚੈਰਿਟੀ) ਕਰਕੇ ਮਨਾਉਣ ਦੀ ਨਵੀਂ ਪਿਰਤ ਪਾਈ ਹੈ। ਆਲ ਇੰਡੀਆ ਰੇਡੀਓ ਦੇ ਸੇਵਾਮੁਕਤ ਅਨਾਉਂਸਰ ਤੇ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ (ਰਜਿ.) ਦੇ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਤੇ ਉਨ੍ਹਾਂ ਦੇ ਸਾਥੀਆਂ ਨੇ ਸੰਸਥਾ ਦਾ ਗਠਨ ਤਾਂ 2002 ਵਿੱਚ ਕਰ ਲਿਆ ਸੀ ਪਰ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ ਪ੍ਰੋਗਰਾਮਾਂ ਦੀ ਲੜੀ 2009 ਤੋਂ ਸ਼ੁਰੂ ਕੀਤੀ।

ਪਹਿਲਾਂ ਤਾਂ ਪਟਿਆਲਾ ਦੇ ਸਥਾਨਕ ਕਲਾਕਾਰਾਂ ਨੂੰ ਲੈ ਕੇ ਗਾਇਕੀ ਦੇ ਕੁਝ ਪ੍ਰੋਗਰਾਮ ਕਰਵਾਏ ਗਏ ਪਰ ਜਦੋਂ ਸੰਸਥਾ ਨੂੰ ਪਟਿਆਲਾ ਦੇ ਸੰਗੀਤ ਪ੍ਰੇਮੀਆਂ ਵੱਲੋਂ ਚੰਗਾ ਹੁੰਗਾਰਾ ਮਿਲਣ ਲੱਗਾ  ਤਾਂ ਸੰਸਥਾ ਨੇ ਇਸਦਾ ਦਾਇਰਾ ਵਧਾ ਕੇ ਗਾਇਕੀ ਦਾ ਮੁਕਾਬਲਾ ਸ਼ੁਰੂ ਕੀਤਾ ਜਿਸਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਜਿਸ ਵਿੱਚ ਹਰ ਉਮਰ ਵਰਗ ਦੇ ਗਾਇਕਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਗਾਇਕ ਕਲਾਕਾਰਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਦਾ ਟਾਈਟਲ ਰੱਖਿਆ ਗਿਆ "ਮੁਝਕੋ ਮੇਰੇ ਬਾਦ ਜ਼ਮਾਨਾ ਢੂੰਡੇਗਾ "। ਕੌਂਸਲ ਹੁਣ ਤਕ 12 ਮੁਕਾਬਲੇ ਕਰਵਾ ਚੁੱਕੀ ਹੈ। ਮੀਡੀਆ ਰਾਹੀਂ ਪੂਰੇ ਉੱਤਰੀ ਭਾਰਤ ਵਿੱਚ ਇਸ ਮੁਕਾਬਲੇ ਦੀ ਕਾਫ਼ੀ ਚਰਚਾ ਹੋਈ। 
ਕੌਂਸਲ ਪ੍ਰਧਾਨ ਪਰਵਾਨਾ ਅਨੁਸਾਰ ਉਨ੍ਹਾਂ ਦੀ ਸੰਸਥਾ ਨੇ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਵਿੱਚ ਸਮਾਜ ਸੇਵਾ ਦੇ ਕਈ ਪ੍ਰੋਜੈਕਟਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਵਿੱਚ ਮੁਹੰਮਦ ਰਫ਼ੀ ਸਾਹਿਬ ਦੇ ਪਿੰਡ ਕੋਟਲਾ ਸੁਲਤਾਨ ਸਿੰਘ (ਨੇੜੇ ਮਜੀਠਾ-ਅੰਮ੍ਰਿਤਸਰ) ਦੇ ਸਰਕਾਰੀ ਸਕੂਲ ਵਿੱਚ ਲੋੜਵੰਦ 100 ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡਣਾ, ਪਟਿਆਲਾ ਦੇ ਬੀਰ ਜੀ ਦਸੌਂਧੀ ਰਾਮ ਪਿੰਗਲਵਾੜਾ ਅਤੇ ਸਨੌਰ ਰੋਡ 'ਤੇ ਸਥਿਤ ਪਿੰਗਲਵਾੜੇ ਨੂੰ ਰਾਸ਼ਨ ਦੇਣਾ, ਅਮਰ ਆਸ਼ਰਮ ਪਟਿਆਲ਼ਾ ਦੇ ਨੇਤਰਹੀਣ ਤੇ ਗੂੰਗੇ -ਬੋਲ਼ੇ ਬੱਚਿਆਂ ਨੂੰ 'ਏ ਕਲਾਸ' ਭੋਜਨ ਕਰਵਾਉਣ ਤੋਂ ਇਲਾਵਾ ਸੁਸਾਇਟੀ ਫਾਰ ਵੈੱਲਫੇਅਰ ਆਫ਼ ਦ ਹੈਂਡੀਕੈਪਡ ਨੂੰ ਨਕਦ ਰਾਸ਼ੀ ਦੇਣਾ, ਪਟਿਆਲਾ ਦੀ ਕੋਹੜੀ ਬਸਤੀ ਵਿੱਚ ਰਹਿਣ ਵਾਲਿਆਂ ਨੂੰ ਰਾਸ਼ਨ ਤੇ ਫ਼ਲ ਵੰਡਣੇ ਸ਼ਾਮਲ ਹਨ। 
ਮੁਹੰਮਦ ਰਫ਼ੀ ਸਾਹਿਬ ਦੇ ਫਨ ਦੇ ਵੱਡੇ ਪ੍ਰਸ਼ੰਸਕ ਪਰਮਜੀਤ ਸਿੰਘ ਪਰਵਾਨਾ ਦਾ ਕਹਿਣਾ ਹੈ "ਰਫ਼ੀ ਸਾਹਿਬ ਵਰਗਾ ਫ਼ਰਿਸ਼ਤਾ ਗਾਇਕ ਸਦੀਆਂ ਬਾਅਦ ਕੋਈ ਇੱਕ ਆਉਂਦਾ ਹੈ। ਉਨ੍ਹਾਂ ਦੀ ਮਖ਼ਮਲੀ ਆਵਾਜ਼ ਤੇ ਅੰਦਾਜ਼ ਦਾ ਜਾਦੂ ਅੱਜ ਵੀ ਸਿਰ ਚੜ੍ਹ ਕੇ ਬੋਲਦਾ ਹੈ ਤੇ ਲੋਕ ਉਨ੍ਹਾਂ ਦੇ ਗੀਤ ਸੁਣਕੇ ਝੂਮਦੇ ਹਨ। 
ਰਫ਼ੀ ਸਾਹਿਬ ਦੀ ਪ੍ਰਸਿੱਧੀ ਦਾ ਆਲਮ ਇਹ ਹੈ ਕਿ ਰਫ਼ੀ ਸਾਹਿਬ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਦੇ 45 ਸਾਲ ਬਾਅਦ ਵੀ ਉਨ੍ਹਾਂ ਦੇ ਕਈ ਪ੍ਰਸ਼ੰਸਕ ਆਪਣੇ ਘਰਾਂ ਵਿੱਚ "ਰਫ਼ੀ ਮੰਦਰ" ਬਣਾ ਕੇ ਮਹਾਨ ਗਾਇਕ ਦੀ ਪੂਜਾ ਕਰਦੇ ਹਨ। ਅਜਿਹੇ ਗਾਇਕ ਇਸ ਦੁਨੀਆ ਤੋਂ ਰੁਖ਼ਸਤ ਹੋਣ ਮਗਰੋਂ ਵੀ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਨੇ, ਅਮਰ ਹੋ ਜਾਂਦੇ ਹਨ।" ਉਨ੍ਹਾਂ ਦੱਸਿਆ ਕਿ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਵੱਲੋਂ ਇਸ ਸਾਲ ਦਸੰਬਰ ਮਹੀਨੇ ਵਿੱਚ ਮੁਹੰਮਦ ਰਫ਼ੀ ਸਾਹਿਬ ਦੇ ਜਨਮ ਦਿਨ ਦੇ ਸਬੰਧ ਵਿੱਚ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।