ਵੈਟਨਰੀ ਯੂਨੀਵਰਸਿਟੀ ਨੇ ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਪਛਾਣਨ ਹਿਤ ਸਿਰ ਜੋੜ ਕੀਤਾ ਵਿਚਾਰ ਵਟਾਂਦਰਾ

ਲੁਧਿਆਣਾ 16 ਜੂਨ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਐਨੀਮਲ ਬਾਇਓਤਕਨਾਲੋਜੀ ਦੀ ਰਾਸ਼ਟਰੀ ਸੰਸਥਾ, ਹੈਦਰਾਬਾਦ ਦੇ ਸਹਿਯੋਗ ਨਾਲ ਇਕ ਦਿਨਾ ਕਾਰਜਸ਼ਾਲਾ ਕਰਵਾਈ ਗਈ। ਮਿਲਨ - 2025 ਸਿਰਲੇਖ ਅਧੀਨ ਕਰਵਾਈ ਇਸ ਕਾਰਜਸ਼ਾਲਾ ਦਾ ਵਿਸ਼ਾ ਸੀ ‘ਪੰਜਾਬ ਦੇ ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਦੀ ਪਛਾਣ’।

ਲੁਧਿਆਣਾ 16 ਜੂਨ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਐਨੀਮਲ ਬਾਇਓਤਕਨਾਲੋਜੀ ਦੀ ਰਾਸ਼ਟਰੀ ਸੰਸਥਾ, ਹੈਦਰਾਬਾਦ ਦੇ ਸਹਿਯੋਗ ਨਾਲ ਇਕ ਦਿਨਾ ਕਾਰਜਸ਼ਾਲਾ ਕਰਵਾਈ ਗਈ। ਮਿਲਨ - 2025 ਸਿਰਲੇਖ ਅਧੀਨ ਕਰਵਾਈ ਇਸ ਕਾਰਜਸ਼ਾਲਾ ਦਾ ਵਿਸ਼ਾ ਸੀ ‘ਪੰਜਾਬ ਦੇ ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਦੀ ਪਛਾਣ’।
          ਇਸ ਬਹੁ-ਭਾਗੀਦਾਰੀ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪਸ਼ੂਧਨ ਕਿਸਾਨਾਂ ਦੀ ਵੱਧ ਰਹੀ ਭੂਮਿਕਾ ਨੂੰ ਅਗਰਭੂਮਿਤ ਕੀਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਕਿਸਾਨਾਂ ਦੀਆਂ ਲੋੜਾਂ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਪਛਾਣ ਕੇ ਵਿਗਿਆਨਕ ਗਿਆਨ ਅਤੇ ਵਿਹਾਰਕ ਹੱਲ ਦੇਣੇ ਲੋੜੀਂਦੇ ਹਨ।
          ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਅਤੇ ਪ੍ਰਬੰਧਕੀ ਸਕੱਤਰ ਨੇ ਇਸ ਕੇਂਦਰ ਦੇ ਮੰਤਵ ਨੂੰ ਚਿੰਨ੍ਹਿਤ ਕਰਦਿਆਂ ਪਸ਼ੂ-ਮਨੁੱਖ ਅਤੇ ਵਾਤਾਵਰਣ ਦੇ ਅੰਤਰ-ਸੰਬੰਧਾਂ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਸਿਰਫ ਪਸ਼ੂ ਉਤਪਾਦਨ ਵਿੱਚ ਹੀ ਯੋਗਦਾਨ ਨਹੀਂ ਪਾ ਰਿਹਾ ਬਲਕਿ ਉਹ ਵਿਗਿਆਨਕ ਤਰੱਕੀ ਦਾ ਵੀ ਭਾਈਵਾਲ ਬਣ ਰਿਹਾ ਹੈ।
          ਡਾ. ਤਾਰੂ ਸ਼ਰਮਾ, ਨਿਰਦੇਸ਼ਕ, ਰਾਸ਼ਟਰੀ ਸੰਸਥਾ ਐਨੀਮਲ ਬਾਇਓਤਕਨਾਲੋਜੀ ਨੇ ਇਸ ਮਿਲਨ ਪ੍ਰੋਗਰਾਮ ਦੇ ਉਦੇਸ਼ ਅਤੇ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੰਸਥਾਵਾਂ ਦੀ ਭਾਈਵਾਲੀ ਪਸ਼ੂ ਪਾਲਕਾਂ ਦੀਆਂ ਚੁਣੌਤੀਆਂ ਦੇ ਹੱਲ ਲਈ ਬਹੁਤ ਕਾਰਗਰ ਸਾਬਿਤ ਹੋ ਸਕਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਸੰਸਥਾ ਵੱਲੋਂ ਪਸ਼ੂਧਨ ਆਧਾਰਿਤ ਆਰਥਿਕਤਾ ਦੇ ਟਿਕਾਊ ਵਿਕਾਸ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਅਤੇ ਉਦਮੀਪਨ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਵੈਟਨਰੀ ਯੂਨੀਵਰਸਿਟੀ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਕਿ ਉਹ ਏਕੀਕ੍ਰਿਤ ਖੋਜ, ਖੇਤਰੀ ਪੱਧਰ ਦੀਆਂ ਲੋੜਾਂ ਅਤੇ ਯੋਜਨਾ ਦ੍ਰਿਸ਼ਟੀ ਤੋਂ ਬਹੁਤ ਅਹਿਮ ਕੰਮ ਕਰ ਰਹੀ ਹੈ।
          ਤਕਨੀਕੀ ਸੈਸ਼ਨਾਂ ਵਿੱਚ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਧੁਨਿਕ ਫਾਰਮ ਪ੍ਰਬੰਧਨ ਅਤੇ ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਡੇਅਰੀ ਪਸ਼ੂਆਂ ਲਈ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ। 100 ਤੋਂ ਵਧੇਰੇ ਅਗਾਂਹਵਧੂ ਕਿਸਾਨਾਂ, ਵੈਟਨਰੀ ਅਧਿਕਾਰੀਆਂ, ਉਦਯੋਗ ਨੁਮਾਇੰਦਿਆਂ, ਵਿਗਿਆਨੀਆਂ ਅਤੇ ਯੂਨੀਵਰਸਿਟੀ ਮਾਹਿਰਾਂ ਨੇ ਭਖਵੀਂ ਵਿਚਾਰ ਚਰਚਾ ਵਿੱਚ ਹਿੱਸਾ ਲਿਆ ਅਤੇ ਵਰਤਮਾਨ ਦੀਆਂ ਲੋੜਾਂ ਅਤੇ ਸਮੱਸਿਆਵਾਂ ਦੀ ਚਰਚਾ ਕੀਤੀ। ਕਾਰਜਸ਼ਾਲਾ ਇਸ ਸਨੇਹੇ ਨਾਲ ਸੰਪੂਰਨ ਹੋਈ ਕਿ ਕਿਸਾਨ ਦੀਆਂ ਬਰੂਹਾਂ ’ਤੇ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੁਗਠਿਤ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ ਜਿਸ ਵਿੱਚ ਵਿਗਿਆਨ ਆਧਾਰਿਤ ਪਹੁੰਚ ਵਿਧੀਆਂ ਅਪਣਾਅ ਕੇ ਕਿਸਾਨਾਂ ਨੂੰ ਉੱਚਿਆਂ ਚੁੱਕਿਆ ਜਾਏ।