"ਆਦਿ ਧਰਮ" ਇੱਕ ਕ੍ਰਾਂਤੀ ਹੈ ਜਿਸ ਨੇ ਇਤਿਹਾਸ ਬਦਲ ਦਿੱਤਾ" -ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ- ਭਾਰਤ ਦੀ ਧਰਤੀ ਤੇ ਜਦੋਂ-ਜਦੋਂ ਅੱਤਿਆਚਾਰ ਅਤੇ ਅਨਿਆਇ ਨੇ ਸਿਰ ਚੁੱਕਿਆ ਹੈ, ਤਦੋਂ-ਤਦੋਂ ਕਿਸੇ ਨਾ ਕਿਸੇ ਮਹਾਨਾਇਕ ਨੇ ਜਨਮ ਲੈ ਕੇ ਇਤਿਹਾਸ ਦੀ ਧਾਰਾ ਨੂੰ ਮੋੜ ਦਿੱਤਾ ਹੈ। ਇਸੇ ਤਰ੍ਹਾਂ ਦੇ ਇੱਕ ਮਹਾਨਾਇਕ ਸਨ ਬਾਬੂ ਮੰਗੂ ਰਾਮ ਮੁਗੋਵਾਲੀਆ ਜਿਨ੍ਹਾਂ ਨੇ ਆਦਿ ਧਰਮ ਅੰਦੋਲਨ ਦੀ ਨੀਂਹ ਰੱਖ ਕੇ ਨਾ ਸਿਰਫ਼ ਦਲਿਤਾਂ ਅਤੇ ਸ਼ੋਸ਼ਿਤਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ, ਸਗੋਂ ਉਨ੍ਹਾਂ ਦੇ ਦਿਲਾਂ ਵਿੱਚ ਆਤਮ-ਸਨਮਾਨ ਅਤੇ ਸਵਾਭਿਮਾਨ ਦੀ ਜਵਾਲਾ ਜਗਾ ਦਿੱਤੀ।

ਹੁਸ਼ਿਆਰਪੁਰ- ਭਾਰਤ ਦੀ ਧਰਤੀ ਤੇ ਜਦੋਂ-ਜਦੋਂ ਅੱਤਿਆਚਾਰ ਅਤੇ ਅਨਿਆਇ ਨੇ ਸਿਰ ਚੁੱਕਿਆ ਹੈ, ਤਦੋਂ-ਤਦੋਂ ਕਿਸੇ ਨਾ ਕਿਸੇ ਮਹਾਨਾਇਕ ਨੇ ਜਨਮ ਲੈ ਕੇ ਇਤਿਹਾਸ ਦੀ ਧਾਰਾ ਨੂੰ ਮੋੜ ਦਿੱਤਾ ਹੈ। ਇਸੇ ਤਰ੍ਹਾਂ ਦੇ ਇੱਕ ਮਹਾਨਾਇਕ ਸਨ ਬਾਬੂ ਮੰਗੂ ਰਾਮ ਮੁਗੋਵਾਲੀਆ ਜਿਨ੍ਹਾਂ ਨੇ ਆਦਿ ਧਰਮ ਅੰਦੋਲਨ ਦੀ ਨੀਂਹ ਰੱਖ ਕੇ ਨਾ ਸਿਰਫ਼ ਦਲਿਤਾਂ ਅਤੇ ਸ਼ੋਸ਼ਿਤਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ, ਸਗੋਂ ਉਨ੍ਹਾਂ ਦੇ ਦਿਲਾਂ ਵਿੱਚ ਆਤਮ-ਸਨਮਾਨ ਅਤੇ ਸਵਾਭਿਮਾਨ ਦੀ ਜਵਾਲਾ ਜਗਾ ਦਿੱਤੀ। 
ਆਦਿ ਧਰਮ ਸਥਾਪਨਾ ਦਿਵਸ ਤੇ ਵਿਚਾਰ ਪੇਸ਼ ਕਰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ 20ਵੀਂ ਸਦੀ ਦਾ ਭਾਰਤ ਜਿੱਥੇ ਇੱਕ ਪਾਸੇ ਅੰਗਰੇਜ਼ਾਂ ਦੇ ਖਿਲਾਫ਼ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਉੱਥੇ ਦੂਜੇ ਪਾਸੇ ਸਮਾਜ ਦੇ ਅੰਦਰ ਜਾਤੀ ਅਤੇ ਛੂਤ-ਛਾਤ ਦੀਆਂ ਜ਼ੰਜੀਰਾਂ ਲੱਖਾਂ ਲੋਕਾਂ ਨੂੰ ਕੁਚਲ ਰਹੀਆਂ ਸਨ। ਇਸੇ ਦੌਰਾਨ, 11-12 ਜੂਨ 1926 ਨੂੰ ਪੰਜਾਬ ਦੇ ਛੋਟੇ ਜਿਹੇ ਪਿੰਡ ਮੁਗੋਵਾਲ ਵਿੱਚ ਇੱਕ ਇਤਿਹਾਸਕ ਕ੍ਰਾਂਤੀ "ਆਦਿ ਧਰਮ ਅੰਦੋਲਨ"ਦਾ ਜਨਮ ਹੋਇਆ। ਬਾਬੂ ਮੰਗੂ ਰਾਮ ਨੇ15,000 ਲੋਕਾਂ ਦੇ ਵਿਸ਼ਾਲ ਜਨਸਮੂਹ ਦੇ ਸਾਹਮਣੇ ਗਰਜ ਕੇ ਕਿਹਾ ਕਿ ਅਸੀਂ ਇਸ ਦੇਸ਼ ਦੇ ਅਸਲੀ ਵਾਰਸ ਹਾਂ, ਫਿਰ ਵੀ ਸਾਨੂੰ ਗੁਲਾਮ ਬਣਾ ਦਿੱਤਾ ਗਿਆ ਹੈ, ਅੱਜ ਤੋਂ ਅਸੀਂ ਆਪਣੇ ਪੂਰਵਜਾਂ ਦੇ ਗੌਰਵਸ਼ਾਲੀ ਧਰਮ 'ਆਦਿ ਧਰਮ' ਨੂੰ ਅਪਣਾਉਂਦੇ ਹਾਂ। 
ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਦੇਸ਼ ਦੇ ਦੱਬੇ ਕੁਚਲੇ ਤੇ ਪਛਾੜੇ ਗਏ ਆਦਿ ਧਰਮੀਆਂ ਨੂੰ ਆਦਿ ਧਰਮ ਨੇ ਨਾ ਸਿਰਫ਼ ਇੱਕ ਧਾਰਮਿਕ ਪਹਿਚਾਣ ਦਿੱਤੀ, ਸਗੋਂ ਇੱਕ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਇਸ ਦੇ ਮੁੱਖ ਸਿਧਾਂਤ ਸਨ "ਸੋਹੰ,  ਜੈ ਗੁਰਦੇਵ" । ਸਤਿਗੁਰੂ ਰਵਿਦਾਸ, ਸਤਿਗੁਰੂ ਕਬੀਰ, ਸਤਿਗੁਰੂ ਵਾਲਮੀਕੀ ਅਤੇ ਸਤਿਗੁਰੂ ਨਾਮਦੇਵ, ਸਤਿਗੁਰੂ ਘੀਸਾ ਦਾਸ ਦੇ ਮਿਸ਼ਨ ਤੇ ਚੱਲਣਾ।  ਬਾਬੂ ਮੰਗੂ ਰਾਮ ਮੁਗੋਵਾਲੀਆ ਵਲੋੰ ਆਦਿ ਧਰਮ ਅੰਦੋਲਨ ਤਹਿਤ ਸਮਾਜ ਨੂੰ ਸਿੱਖਿਆ ਦੀ ਕ੍ਰਾਂਤੀ ਕਰਕੇ 1929 ਵਿੱਚ ਗਵਰਨਰ ਨੂੰ ਮਿਲ ਕੇ ਆਦਿ ਧਰਮੀ ਬੱਚਿਆਂ ਦੀ ਫੀਸ ਮਾਫ਼ ਕਰਵਾਈ ਅਤੇ ਸੈਂਕੜੇ ਨੌਜਵਾਨਾਂ ਨੂੰ ਅਧਿਆਪਕ ਬਣਾਇਆ।  
ਇਸੇ ਰਾਜਨੀਤਿਕ ਸ਼ਕਤੀ ਨਾਲ 1937 ਵਿੱਚ 7 ਆਦਿ ਧਰਮੀ ਵਿਧਾਇਕ ਚੁਣੇ ਗਏ, 1946 ਵਿੱਚ ਬਾਬੂ ਮੰਗੂ ਰਾਮ ਖੁਦ ਐਮ.ਐਲ.ਏ  ਬਣੇ। ਆਰਥਿਕ ਸੁਤੰਤਰਤਾ 1900 ਦੇ ਕੁਖਿਆਤ ਇੰਤਕਾਲ ਇਰਾਜ਼ੀ ਐਕਟ ਨੂੰ ਖਤਮ ਕਰਵਾ ਕੇ ਦਲਿਤਾਂ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਦਿਵਾਇਆ।  ਸਮਾਜਿਕ ਸਨਮਾਨ ਬੇਗਾਰ ਪ੍ਰਥਾ ਖਤਮ ਕਰਵਾਈ, ਧਾਰਮਿਕ ਸਥਾਨਾਂ ਵਿੱਚ ਦਾਖਲੇ ਦਾ ਅਧਿਕਾਰ ਦਿਵਾਇਆ।  ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਬਾਬੂ ਮੰਗੂ ਰਾਮ ਇੱਕ ਅਮਰ ਕ੍ਰਾਂਤੀਕਾਰੀ ਸਨ ,ਬਾਬੂ ਜੀ ਨੇ ਕਿਹਾ ਸੀ, ਸਾਡੇ ਕੋਲ ਤਿੰਨ ਅਜੇਤੂ ਸ਼ਕਤੀਆਂ ਹਨ ਮਜ਼ਹਬ (ਧਰਮ), ਮਜਲਿਸ (ਸੰਗਠਨ) ਅਤੇ ਕੌਮੀਅਤ (ਰਾਸ਼ਟਰੀਅਤਾ) ਇਹਨਾਂ ਨੂੰ ਕੋਈ ਸਾਡੇ ਤੋਂ ਖੋਹ ਨਹੀਂ ਸਕਦਾ।ਬਾਬੂ ਜੀ ਦਾ ਸੁਪਨਾ ਸੀ ਆਜ਼ਾਦੀ ਦਲਿਤ ਦੀ ਦਹਿਲੀਜ਼ 'ਤੇ ਪਹੁੰਚਣੀ ਚਾਹੀਦੀ ਹੈ। 
ਉਨਾਂ ਕਿਹਾ ਅੱਜ ਦੀ ਲੋੜ ਹੈ ਕਿ ਆਦਿ ਧਰਮ ਦਾ ਵਿਸ਼ਵ ਪ੍ਰਚਾਰ, ਅੱਜ ਜਦੋਂ ਭਾਰਤ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ, ਤਾਂ ਸਤਿਗੁਰੂ ਰਵਿਦਾਸ ਜੀ ਦੇ ਬੇਗਮਪੁਰਾ (ਇੱਕ ਆਦਰਸ਼ ਸਮਾਜ) ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਦਿ ਧਰਮ ਦੇ ਸਿਧਾਂਤਾਂ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਦੀ ਲੋੜ ਹੈ।  ਓਨਾਂ ਕਿਹਾ ਆਓ ਆਦਿ ਧਰਮ ਦੇ ਝੰਡੇ ਹੇਠ ਇੱਕਜੁੱਟ ਹੋ ਕੇ ਆਦਿ ਧਰਮ ਦੇ ਮਾਰਗ 'ਤੇ ਚੱਲ ਕੇ ਇੱਕ ਨਿਆਂਪੂਰਨ, ਸਮਾਨਤਾਮੂਲਕ ਸਮਾਜ ਦਾ ਨਿਰਮਾਣ ਕਰੀਏ।