ਮੁਹਾਲੀ ਪੁਲੀਸ ਵਲੋਂ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ਵਿੱਚੋਂ 1 ਕਾਬੂ

ਐਸ ਏ ਐਸ ਨਗਰ, 27 ਮਈ- ਮੁਹਾਲੀ ਪੁਲੀਸ ਵਲੋਂ ਮਿਊਜਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਸੈਕਟਰ 71 ਵਿੱਚ ਸਥਿਤ ਘਰ ’ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ਵਿੱਚੋਂ 1 ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ ਪੀ (ਜਾਂਚ) ਸ੍ਰੀ ਸੌਰਵ ਜਿੰਦਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕਾਲਾ ਰਾਣਾ ਗਰੁੱਪ ਵਲੋਂ ਪੁਸ਼ਪਿੰਦਰ ਸਿੰਘ ਉਰਫ ਪਿੰਕੀ ਧਾਲੀਵਾਲ ਦੀ ਕੋਠੀ (1119 ਸੈਕਟਰ-71) ਵਿਖੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ਵਿੱਚੋਂ 1 ਸ਼ੂਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਐਸ ਏ ਐਸ ਨਗਰ, 27 ਮਈ- ਮੁਹਾਲੀ ਪੁਲੀਸ ਵਲੋਂ ਮਿਊਜਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਸੈਕਟਰ 71 ਵਿੱਚ ਸਥਿਤ ਘਰ ’ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ਵਿੱਚੋਂ 1 ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ ਪੀ (ਜਾਂਚ) ਸ੍ਰੀ ਸੌਰਵ ਜਿੰਦਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਕਾਲਾ ਰਾਣਾ ਗਰੁੱਪ ਵਲੋਂ ਪੁਸ਼ਪਿੰਦਰ ਸਿੰਘ ਉਰਫ ਪਿੰਕੀ ਧਾਲੀਵਾਲ ਦੀ ਕੋਠੀ (1119 ਸੈਕਟਰ-71) ਵਿਖੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ਵਿੱਚੋਂ 1 ਸ਼ੂਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਬੀਤੀ 15 ਮਈ ਨੂੰ ਪਿੰਕੀ ਧਾਲੀਵਾਲ ਦੇ ਪੁੱਤਰ ਗੁਰਕਰਨ ਸਿੰਘ ਧਾਲੀਵਾਲ ਦੇ ਬਿਆਨਾਂ ਦੇ ਆਧਾਰ ’ਤੇ ਨਾ-ਮਾਲੂਮ ਵਿਅਕਤੀਆਂ ਵਿਰੁੱਧ ਬੀ ਐਨ ਐਸ ਦੀ ਧਾਰਾ 125, 109, 308(4), 351(4), 61(2) ਅਤੇ ਆਰਮਸ ਐਕਟ ਦੀ ਧਾਰਾ 25-54-59 ਤਹਿਤ ਥਾਣਾ ਮਟੌਰ ਵਿਖੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਹ ਪੰਜਾਬੀ ਮਿਊਜਿਕ ਇੰਡਸਟਰੀ ਵਿੱਚ ਪ੍ਰੋਡਿਊਸਰ ਹੈ ਅਤੇ ਘਟਨਾ ਵਾਲੇ ਦਿਨ ਆਪਣੇ ਪਰਿਵਾਰ ਸਮੇਤ ਆਪਣੇ ਘਰ ਵਿੱਚ ਮੌਜੂਦ ਸੀ ਜਦੋਂ ਰਾਤ ਦਸ ਵਜੇ ਦੇ ਕਰੀਬ ਉਸਦੇ ਕੇਅਰ ਟੇਕਰ ਅਜੈ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਮੂੰਹ-ਢਕੇ ਵਿਅਕਤੀ ਪੈਦਲ ਉਸਦੇ ਘਰ ਬਾਹਰ ਆਏ ਅਤੇ ਉਸਦੇ ਘਰ ਦਾ ਨੰਬਰ ਪੁੱਛਕੇ ਥੋੜ੍ਹਾ ਅੱਗੇ ਚਲੇ ਗਏ। ਕੁਝ ਕਦਮਾਂ ਤੋਂ ਵਾਪਸ ਮੁੜਕੇ ਉਹਨਾਂ ਨੇ ਘਰ ਦੇ ਗੇਟ ’ਤੇ ਇੱਕ ਨੋਟ ਚਿਪਕਾਇਆ ਅਤੇ ਉਸਦੇ ਘਰ ’ਤੇ ਫਾਇਰ ਕਰਕੇ ਚਲੇ ਗਏ।
ਸ਼ਿਕਾਇਤਕਰਤਾ ਅਨੁਸਾਰ ਕੁਝ ਸਮੇਂ ਬਾਅਦ ਉਹ ਦੁਬਾਰਾ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਸਦੇ ਘਰ ਦੇ ਬਾਹਰ ਆਏ ਅਤੇ ਫਿਰ ਤੋਂ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜਦ ਉਸਨੇ ਘਰ ਦੇ ਬਾਹਰ ਆਕੇ ਸ਼ੂਟਰਾਂ ਵਲੋਂ ਗੇਟ ’ਤੇ ਚਿਪਕਾਇਆ ਹੋਇਆ ਨੋਟ ਵੇਖਿਆ ਤਾਂ ਉਸ ’ਤੇ ਅੰਗਰੇਜੀ ਵਿੱਚ, ‘ਕਾਲਾ ਰਾਣਾ ਲਾਰੈਂਸ ਬਿਸ਼ਨੋਈ ਗਰੁੱਪ’ ਲਿਖਿਆ ਹੋਇਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸਦੇ ਪਿਤਾ ਪੁਸ਼ਪਿੰਦਰ ਸਿੰਘ ਉਰਫ ਪਿੰਕੀ ਧਾਲੀਵਾਲ ਨੂੰ ਪਹਿਲਾਂ ਵੀ ਵੱਖ-ਵੱਖ ਗੈਂਗਸਟਰਾਂ ਵਲੋਂ ਫਿਰੌਤੀ ਵਸੂਲ ਕਰਨ ਸੰਬੰਧੀ ਧਮਕੀਆਂ ਮਿਲਦੀਆਂ ਰਹੀਆਂ ਹਨ।
ਉਹਨਾਂ ਦੱਸਿਆ ਕਿ ਉਕਤ ਵਾਰਦਾਤ ਨੂੰ ਟਰੇਸ ਕਰਨ ਲਈ ਪੁਲੀਸ ਅਧਿਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ। ਇਸ ਸੰਬੰਧੀ ਸੀ.ਆਈ.ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਟੈਕਨੀਕਲ ਢੰਗ ਅਤੇ ਹਿਊਮਨ ਸੋਰਸ ਰਾਹੀਂ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਸ਼ੂਟਰਾਂ ਵਿੱਚੋਂ 1 ਦੋਸ਼ੀ ਨੂੰ ਨਾਮਜ਼ਦ ਕਰਕੇ ਪਿੰਡ ਊਚਾ ਚੰਦਨਾ, ਜਿਲ੍ਹਾ ਯਮੁਨਾ ਨਗਰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਹੈ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਅੰਕਿਤ ਰਾਣਾ ਹੈ ਅਤੇ ਉਹ ਪਿੰਡ ਊਚਾ ਚੰਦਨਾ ਥਾਣਾ ਛੱਪਰ, ਜਿਲ੍ਹਾ ਯਮੁਨਾ ਨਗਰ, ਹਰਿਆਣਾ ਦਾ ਵਸਨੀਕ ਹੈ। ਉਸਦੀ ਉਮਰ ਕਰੀਬ 21 ਸਾਲ ਹੈ, ਜੋ ਬਾਰ੍ਹਵੀਂ ਕਲਾਸ ਪਾਸ ਹੈ ਅਤੇ ਅਣਵਿਆਹਿਆ ਹੈ। ਜਿਸਦੇ ਵਿਰੁੱਧ ਪਹਿਲਾਂ ਵੀ ਥਾਣਾ ਛੱਪਰ ਜਿਲ੍ਹਾ ਯਮੁਨਾ ਨਗਰ, ਹਰਿਆਣਾ ਵਿਖੇ ਸਨੈਚਿੰਗ ਦਾ ਮੁਕੱਦਮਾ ਦਰਜ ਹੈ।
ਉਹਨਾਂ ਦੱਸਿਆ ਕਿ ਅੰਕਿਤ ਰਾਣਾ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਸਨੇ ਆਪਣੇ ਦੂਸਰੇ ਸਾਥੀ ਨਾਲ ਮਿਲਕੇ 15 ਮਈ ਨੂੰ ਪਹਿਲਾਂ ਦੁਪਹਿਰ ਸਮੇਂ ਬਿਲਾਸਪੁਰ, ਜਿਲ੍ਹਾ ਯਮੁਨਾ ਨਗਰ ਵਿਖੇ, ਫਲਾਇੰਗ ਕਲਰਜ਼ ਇੰਟਰਨੈਸ਼ਨਲ ਸੈਂਟਰ (ਜਿੱਥੇ ਬੱਚਿਆਂ ਨੂੰ ਆਈਲੈਟਸ, ਪੀ ਟੀ ਈ, ਸਪੋਕਨ, ਓਰੇਨ ਦੇ ਕੋਰਸ ਕਰਵਾਏ ਜਾਂਦੇ ਹਨ), ਦੇ ਅੰਦਰ ਦਾਖਲ ਹੋ ਕੇ ਫਾਇਰਿੰਗ ਕੀਤੀ ਸੀ ਅਤੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ ਸੀ। ਜਿਸ ਸੰਬੰਧੀ ਥਾਣਾ ਬਿਲਾਸਪੁਰ, ਜਿਲ੍ਹਾ ਯਮੁਨਾ ਨਗਰ ਵਿਖੇ 15 ਮਈ ਨੂੰ ਬੀ ਐਨ ਐਸ ਦੀ ਧਾਰਾ 109(1), 3(5) ਅਤੇ ਆਰਮਸ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਹੋਇਆ ਸੀ। ਉਹਨਾਂ ਦੱਸਿਆ ਕਿ ਇਹ ਵਿਅਕਤੀ ਪੁਲੀਸ ਰਿਮਾਂਡ ਅਧੀਨ ਹੈ, ਜਲਦੀ ਹੀ ਉਸਦੇ ਸਾਥੀ ਅਤੇ ਇਸ ਗਿਰੋਹ ਦੇ ਹੋਰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।