
ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚਲੇ ਭ੍ਰਿਸ਼ਟਾਚਾਰ ਤੇ ਕਾਬੂ ਕਰੇ ਸਰਕਾਰ - ਬਲਬੀਰ ਸਿੰਘ ਰਾਜੇਵਾਲ
ਚੰਡੀਗੜ੍ਹ, 20 ਮਈ- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਦਾ ਜੋ ਬੁਰਾ ਹਾਲ ਹੈ, ਉਸਨੂੰ ਮੁੱਖ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਫੌਰੀ ਕਦਮ ਨਾ ਚੁੱਕੇ ਗਏ ਤਾਂ ਇਹ ਪੰਜਾਬ ਵਿੱਚੋਂ ਇਹ ਬਿਲਕੁੱਲ ਖਤਮ ਹੋ ਜਾਵੇਗੀ। ਉਹਨਾਂ ਮੰਗ ਕੀਤੀ ਹੈ ਕਿ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਇਸ ਸੰਬੰਧੀ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਚੰਡੀਗੜ੍ਹ, 20 ਮਈ- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਦਾ ਜੋ ਬੁਰਾ ਹਾਲ ਹੈ, ਉਸਨੂੰ ਮੁੱਖ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਫੌਰੀ ਕਦਮ ਨਾ ਚੁੱਕੇ ਗਏ ਤਾਂ ਇਹ ਪੰਜਾਬ ਵਿੱਚੋਂ ਇਹ ਬਿਲਕੁੱਲ ਖਤਮ ਹੋ ਜਾਵੇਗੀ। ਉਹਨਾਂ ਮੰਗ ਕੀਤੀ ਹੈ ਕਿ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਇਸ ਸੰਬੰਧੀ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬੀਤੀ 30 ਜੁਲਾਈ 2024 ਨੂੰ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚ ਹੋਏ ਵੱਡੇ ਘਪਲਿਆਂ ਦਾ ਜਿਕਰ ਕਰਦਾ ਇੱਕ ਮੈਮੋਰੰਡਮ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਦਿੱਤਾ ਗਿਆ ਸੀ ਪਰੰਤੂ ਉਦੋਂ ਵੀ ਸਥਿਤੀ ਇਹੀ ਸੀ ਅਤੇ ਅੱਜ ਵੀ ਸਥਿਤੀ ਉਹੋ ਹੈ।
ਉਹਨਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਹਾਊਸਫੈਡ, ਸਪਿੰਨ ਫੈਡ, ਵੀਵਕੋ ਬਿਲਕੁੱਲ ਡੁੱਬ ਚੁੱਕੇ ਹਨ। ਸਹਿਕਾਰੀ ਬੈਂਕ ਦੀਆਂ ਘੱਟੋ ਘੱਟ 68 ਬਰਾਂਚਾਂ ਘਾਟੇ ਵਿੱਚ ਹਨ, ਲੈਂਡ ਮਾਰਟਗੇਜ ਬੈਂਕ ਜਿਸਦਾ ਕੰਮ ਕਿਸਾਨਾਂ ਨੂੰ ਖੇਤੀ ਲਈ ਕਰਜ਼ੇ ਦੇਣਾ ਹੁੰਦਾ ਹੈ, ਉਹੋ ਦੋ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਸ਼ੂਗਰਫੈਡ ਘਾਟੇ ਵਿੱਚ ਹੈ। ਸਾਰੀਆਂ ਖੰਡ ਮਿੱਲਾਂ ਡੁੱਬਣ ਕਿਨਾਰੇ ਹਨ। ਮਾਰਕਫੈਡ ਵੀ ਘਾਟੇ ਵਿੱਚ ਹੈ ਅਤੇ ਇਹ ਕਿਸਾਨਾਂ ਲਈ ਠੀਕ ਤਰ੍ਹਾਂ ਡੀ.ਏ.ਪੀ. ਵਰਗੀਆਂ ਖਾਦਾਂ ਦਾ ਪ੍ਰਬੰਧ ਵੀ ਸਮੇਂ ਸਿਰ ਨਹੀਂ ਕਰ ਸਕਦੀ। ਮਿਲਕਫੈਡ ਵੀ ਡੁੱਬ ਚੁੱਕੀ ਹੈ। ਪੰਜਾਬ ਦੇ 12 ਵਿੱਚੋਂ 10 ਮਿਲਕ ਪਲਾਂਟ ਬੁਰੀ ਤਰ੍ਹਾਂ ਘਾਟੇ ਵਿੱਚ ਹਨ।
ਉਹਨਾਂ ਕਿਹਾ ਕਿ ਤਿੰਨ ਮਾਰਚ ਨੂੰ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਰਜਿਸਟਰਾਰ ਨੂੰ 30 ਜੁਲਾਈ 2024 ਨੂੰ ਦਿੱਤੇ ਮੈਮੋਰੰਡਮ ਦੀ ਕਾਪੀ ਦੇ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਪਰ ਹੋਇਆ ਕੁਝ ਵੀ ਨਹੀਂ। ਮਾਮਲਾ ਉੱਥੇ ਹੀ ਨਹੀਂ ਖੜ੍ਹਾ ਹੈ ਬਲਕਿ ਹੋਰ ਵਿਗੜਦਾ ਜਾ ਰਿਹਾ ਹੈ। ਉਸਤੋਂ ਬਾਅਦ ਦੇ ਕੁਝ ਹੋਰ ਘਪਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮਿਲਕ ਪਲਾਂਟ ਲੁਧਿਆਣਾ ਵਿੱਚ ਆਡਿਟ ਵਿਭਾਗ ਨੇ ਇੱਕ ਕਰੋੜ ਗਿਆਰਾਂ ਲੱਖ ਦਾ ਘਪਲਾ ਫੜਿਆ। ਇਹ ਮੁੱਦਾ ਉਠਾਉਣ ਉੱਤੇ ਸ੍ਰੀ ਵੀ.ਸੀ. ਗੁਪਤਾ (ਰਿਟਾਇਰਡ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ) ਨੇ ਜਾਂਚ ਅਧਿਕਾਰੀ ਵਜੋਂ ਸ੍ਰੀ ਸੁਰਜੀਤ ਸਿੰਘ ਜਨਰਲ ਮੈਨੇਜਰ ਨੂੰ ਦੋਸ਼ੀ ਠਹਿਰਾ ਕੇ ਇੱਕ ਕਰੋੜ ਗਿਆਰਾਂ ਲੱਖ ਦੀ ਵਸੂਲੀ ਦੀ ਰਿਪੋਰਟ ਦਿੱਤੀ। ਇਸ ਅਧਿਕਾਰੀ ਨੂੰ 2024 ਵਿੱਚ ਚਾਰਜਸ਼ੀਟ ਵੀ ਕਰ ਦਿੱਤਾ ਗਿਆ, ਪਰ ਉਸ ਉੱਤੇ ਇੱਕ ਸਾਲ ਤੋਂ ਵੱਧ ਬੀਤ ਜਾਣ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ।
ਉਹਨਾਂ ਕਿਹਾ ਕਿ ਸਹਿਕਾਰੀ ਮਿਲਕ ਪਲਾਂਟਾਂ ਵਿੱਚ ਇੱਕ ਅਜੀਬ ਪ੍ਰਥਾ ਚੱਲ ਰਹੀ ਹੈ। ਮਿਲਕ ਪਲਾਂਟ ਦਾ ਜਨਰਲ ਮੈਨੇਜਰ ਇੱਕ ਗੈਰਕਾਨੂੰਨੀ ਗਿੱਦੜ ਪਰਚੀ ਲਿਖ ਕੇ ਸਟੋਰ/ਮਿਲਕ ਬਾਰ ਦੀ ਜਿੰਮੇਵਾਰੀ ਨਿਭਾਉਣ ਵਾਲੇ ਛੋਟੇ ਕਰਮਚਾਰੀ ਨੂੰ ਹੁਕਮ ਕਰ ਦਿੰਦਾ ਹੈ ਕਿ ਇੰਨੇ ਟੀਨ ਦੇਸੀ ਘਿਓ ਜਾਂ ਹੋਰ ਦੁੱਧ ਪਦਾਰਥ ਵਗਾਰ ਵਜੋਂ ਕਿਸੇ ਅਧਿਕਾਰੀ ਜਾਂ ਵੱਡੇ ਆਗੂ ਦੇ ਘਰ ਭੇਜ ਦਿਉ। ਰਿਕਾਰਡ ਕੋਈ ਨਹੀਂ। ਇਹ ਹਰ ਪਲਾਂਟ ਵਿੱਚ ਚੱਲਦਾ ਹੈ। ਸਿੱਟੇ ਵਜੋਂ ਲੁਧਿਆਣਾ ਮਿਲਕ ਪਲਾਂਟ ਵਿੱਚ 45 ਲੱਖ, ਮੁਹਾਲੀ ਵਿੱਚ 10 ਲੱਖ, ਪਟਿਆਲਾ ਵਿੱਚ 30 ਕੁ ਲੱਖ ਦਾ ਸਟਾਕ ਘੱਟ ਹੈ, ਜੋ ਵਗਾਰ ਵਿੱਚ ਚਲਾ ਗਿਆ। ਰਿਕਾਰਡ ਅਨੁਸਾਰ ਜਿੰਮੇਵਾਰੀ ਸਟੋਰ/ਮਿਲਕ ਬਾਰ ਦੇ ਇੰਚਾਰਜ ਦੀ ਹੈ, ਪਰ ਹੁਕਮ ਜੀ.ਐਮ. ਸਾਹਿਬ ਦਾ। ਇਹ ਹਰ ਮਿਲਕ ਪਲਾਂਟ ਵਿੱਚ ਚੱਲਦਾ ਹੈ।
ਉਹਨਾਂ ਕਿਹਾ ਕਿ ਲੁਧਿਆਣਾ ਮਿਲਕ ਪਲਾਂਟ ਵਿੱਚ ਦੁੱਧ ਦੀ ਮਾਤਰਾ, ਇਸ ਵਿੱਚਲੀ ਫੈਟ ਅਤੇ ਐਸ.ਐਨ.ਐਫ. ਵਿੱਚ ਸਾਲ 2023-24 ਅਤੇ 2024-25 ਵਿੱਚ 66 ਲੱਖ ਰੁਪਏ ਦਾ ਘਪਲਾ ਕੀਤਾ ਗਿਆ। ਮੁਹਾਲੀ ਮਿਲਕ ਪਲਾਂਟ ਵਿੱਚ ਸੈਪ ਸਾਫਟਵੇਅਰ ਗਾਇਬ ਕਰਕੇ 10 ਤੋਂ 12 ਕਰੋੜ ਰੁਪਏ ਦਾ ਘਪਲਾ ਵੀ ਲਟਕ ਰਿਹਾ ਹੈ। ਮੁਹਾਲੀ ਪਲਾਂਟ ਦੀਆਂ 83 ਹਜ਼ਾਰ ਟਰੇਆਂ ਗਾਇਬ ਹੋਣ ਨਾਲ ਇੱਕ ਕਰੋੜ 68 ਲੱਖ ਰੁਪਏ ਦਾ ਨੁਕਸਾਨ ਹੋਇਆ ਅਤੇ ਇਨ੍ਹਾਂ ਵਿੱਚ 5 ਕਰੋੜ ਦਾ ਦੁੱਧ ਵੀ ਗਾਇਬ ਹੋਇਆ। ਮਿਲਕ ਪਲਾਂਟ ਲੁਧਿਆਣਾ ਦੇ 74 ਲੱਖ ਦੇ ਵਾਈਟ ਵਟਰ ਦੇ ਸਟਾਕ ਦਾ ਗਾਇਬ ਹੋਣਾ ਵੀ ਕਿਸੇ ਜਾਂਚ ਅਧੀਨ ਨਹੀਂ।
ਉਹਨਾਂ ਕਿਹਾ ਕਿ ਜੇ ਵਿਭਾਗ ਅਤੇ ਸਰਕਾਰ ਨੇ ਇਸੇ ਤਰ੍ਹਾਂ ਚੁੱਪੀ ਵੱਟ ਕੇ ਘਪਲਿਆਂ ਉੱਤੇ ਪਰਦਾ ਪਾਈ ਰੱਖਣਾ ਹੈ ਤਾਂ ਸਹਿਕਾਰਤਾ ਲਹਿਰ ਦਾ ਪੰਜਾਬ ਵਿੱਚ ਭੋਗ ਪੈਣ ਵਿੱਚ ਬਹੁਤੀ ਦੇਰ ਨਹੀਂ ਲੱਗਣੀ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਤੁਸੀਂ ਵੀ ਪੰਜਾਬ ਦੇ ਕਸਟੋਡੀਅਨ ਹੋ, ਤੁਹਾਡੀ ਪਾਰਟੀ ਦਾ ਹਮੇਸ਼ਾ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਰਿਹਾ ਹੈ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਨਿੱਜੀ ਦਿਲਚਸਪੀ ਲੈ ਕੇ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇ ਅਤੇ ਸਹਿਕਾਰੀ ਲਹਿਰ ਨੂੰ ਬਚਾ ਕੇ ਲੀਹ ਉੱਤੇ ਪਾਉਣ ਲਈ ਠੋਸ ਕਦਮ ਚੁੱਕੋ ਜਾਣ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਪ੍ਰਵਿੰਦਰ ਸਿੰਘ ਚਾਲਾਕੀ, ਸਕੱਤਰ ਪਰਮਦੀਪ ਸਿੰਘ ਬੈਦਵਾਨ, ਮੁਹਾਲੀ ਦੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਓ, ਗੁਰਵਿੰਦਰ ਸਿੰਘ ਈਸੜੂ, ਬਲਦੀਪ ਸਿੰਘ ਸੰਗਤਪੁਰਾ, ਬਲਦੇਵ ਸਿੰਘ ਚਕਲ, ਰਾਜਵਿੰਦਰ ਸਿੰਘ ਦੇਸੂਮਾਜਰਾ ਵੀ ਹਾਜ਼ਰ ਸਨ।
