ਗੈਰ ਕਾਨੂੰਨੀ ਪਾਕਿਸਤਾਨੀ ਨਾਗਰਿਕਾਂ ਦੇ ਤੁਰੰਤ ਦੇਸ਼ ਨਿਕਾਲੇ ਲਈ ਭਾਜਪਾ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 5 ਮਈ- ਭਾਜਪਾ ਦੀ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਅਣਅਧਿਕਾਰਤ ਤੌਰ ਤੇ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾਵੇ।

ਐਸ ਏ ਐਸ ਨਗਰ, 5 ਮਈ- ਭਾਜਪਾ ਦੀ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਇਸ ਖੇਤਰ ਵਿੱਚ ਅਣਅਧਿਕਾਰਤ ਤੌਰ ਤੇ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਨੂੰ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾਵੇ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੀਤੀ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਪਾਕਿਸਤਾਨ ਵੱਲੋਂ ਪਨਾਹ ਅਤੇ ਸਹਾਇਤਾ ਪ੍ਰਾਪਤ ਅੱਤਵਾਦੀਆਂ ਵੱਲੋਂ ਕੀਤੇ ਗਏ ਅੱਤਕੀ ਹਮਲੇ ਵਿੱਚ ਦੇਸ਼ ਦੇ 26 ਨਿਹੱਥੇ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਹਮਲੇ ਦੀ ਸਾਜ਼ਿਸ਼ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਅਤੇ ਪਾਕਿਸਤਾਨੀ ਫੌਜ ਦੇ ਨਿਰਦੇਸ਼ਾਂ ਅਧੀਨ ਰਚੀ ਗਈ ਸੀ, ਜਿਸ ਨੇ ਪੂਰੇ ਦੇਸ਼ ਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨ, ਪਾਕਿਸਤਾਨ ਨਾਲ ਕੂਟਨੀਤਕ ਸਬੰਧਾਂ ਨੂੰ ਘੱਟੋ-ਘੱਟ ਤੇ ਸੀਮਤ ਕਰਨ, ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਵੀਜ਼ੇ ਚੰਗ ਕਰਨ ਅਤੇ ਸੀਮਤ ਸਮੇਂ ਸੀਮਾ ਦੇ ਅੰਦਰ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਵਰਗੇ ਅਨੇਕਾਂ ਮਹੱਤਵਪੂਰਨ ਕਦਮ ਚੁੱਕੇ ਹਨ। ਇਸ ਸੰਬੰਧੀ ਗ੍ਰਹਿ ਮੰਤਰਾਲੇ ਤੇ ਆਦੇਸ਼ ਨੰਬਰ-25022/28/2025-ਐਫ.ਆਈ. (ਮਿਤੀ 25.04.2025) ਅਤੇ ਵਿਦੇਸ਼ੀ ਐਕਟ, 1946 ਦੀ ਧਾਰਾ 3(1) ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪਾਕਿਸਤਾਨੀ ਨਾਗਰਿਕਾਂ (ਲੰਬੇ ਸਮੇਂ ਅਤੇ ਡਿਪਲੋਮੈਟਿਕ/ਅਧਿਕਾਰਤ ਵੀਜ਼ਿਆਂ ਨੂੰ ਛੱਡ ਕੇ) ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਸਾਰੇ ਉਹਨਾਂ ਪਾਕਿਸਤਾਨੀ ਨਾਗਰਿਕਾਂ ਦੀ ਤੁਰੰਤ ਪਛਾਣ ਕੀਤੀ ਜਾਵੇ, ਜਿਨ੍ਹਾਂ ਕੋਲ ਵੈਧ ਦਸਤਾਵੇਜ਼ ਨਹੀਂ ਹਨ, ਜਿਨ੍ਹਾਂ ਦੀ ਵੀਜ਼ਾ ਮਿਆਦ ਪੁੱਗ ਚੁੱਕੀ ਹੈ, ਜਾਂ ਜਿਨ੍ਹਾਂ ਦੇ ਵੀਜ਼ੇ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਉਹਨਾਂ ਦੇ ਤੁਰੰਤ ਦੇਸ਼ ਨਿਕਾਲੇ ਦਾ ਪ੍ਰਬੰਧ ਕੀਤਾ ਜਾਵੇ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਅਤੇ ਇਸ ਲਈ ਅਜਿਹੇ ਵਿਅਕਤੀਆਂ ਨੂੰ ਬਿਨਾਂ ਦੇਰੀ ਦੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਤੇ ਤੁਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਟਹਿਲ ਸ਼ਰਮਾ, ਬੰਨੀ ਸੰਧੂ, ਅਨਿਲ ਕੁਮਾਰ ਗੁੱਡੂ, ਜਸਮਿੰਦਰ ਪਾਲ ਸਿੰਘ, ਪਵਨ ਮੌਚਾ, ਸੁਸ਼ੀਲ ਰਾਣਾ, ਗਗਨ ਸ਼ਰਮਾ, ਮਨਿੰਦਰ ਸਿੰਘ, ਮਦਨ ਗੋਇਲ, ਰਵਿੰਦਰ ਰਾਣਾ, ਮਿੱਤਲੀ ਗਰਗ, ਰਾਜਪਾਲ ਰਾਣਾ, ਰਮਨ ਸ਼ਰਮਾ, ਦਲਜੀਤ ਸਿੰਘ ਬਿੱਲੂ ਹਾਜ਼ਰ ਸਨ।