‘ਵਿਰੋਧੀ ਧਿਰ ਨਾਲ ਬੇਇਨਸਾਫ਼ੀ…’: ਆਤਿਸ਼ੀ ਦਾ AAP ਵਿਧਾਇਕਾਂ ਦੀ ਮੁਅੱਤਲੀ ‘ਤੇ ਸਪੀਕਰ ਨੂੰ ਪੱਤਰ

ਨਵੀਂ ਦਿੱਲੀ, 28 ਫਰਵਰੀ- ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦੀ ਮੁਅੱਤਲੀ ਨੂੰ “ਵਿਰੋਧੀ ਧਿਰ ਨਾਲ ਬੇਇਨਸਾਫ਼ੀ” ਕਰਾਰ ਦਿੰਦਿਆਂ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਸ਼ੁੱਕਰਵਾਰ ਨੂੰ ਸਪੀਕਰ ਵਿਜੇਂਦਰ ਗੁਪਤਾ ਨੂੰ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ “ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ” ਕਰਨ ਦੀ ਅਪੀਲ ਕੀਤੀ।

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਸਪੀਕਰ ਨੂੰ ਲਿਖੇ ਪੱਤਰ ਵਿਚ ਕਿਹਾ, “ਮੈਂ ਇਹ ਪੱਤਰ ਬਹੁਤ ਦਰਦ ਅਤੇ ਦੁੱਖ ਨਾਲ ਲਿਖ ਰਹੀ ਹਾਂ। ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਇਸਦੀ ਨਿਰਪੱਖਤਾ ਅਤੇ ਸਮਾਨਤਾ ਹੈ। ਪਰ ਪਿਛਲੇ ਕੁਝ ਦਿਨਾਂ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਜੋ ਕੁਝ ਵੀ ਹੋਇਆ, ਉਹ ਨਾ ਸਿਰਫ਼ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਬੇਇਨਸਾਫ਼ੀ ਹੈ, ਸਗੋਂ ਲੋਕਤੰਤਰੀ ਕਦਰਾਂ-ਕੀਮਤਾਂ ਲਈ ਵੀ ਇੱਕ ਵੱਡਾ ਝਟਕਾ ਹੈ।”
ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਦੇ ਕਿਸੇ ਵੀ ਵਿਧਾਇਕ ਵਿਰੁੱਧ “ਕੋਈ ਕਾਰਵਾਈ” ਨਹੀਂ ਕੀਤੀ ਗਈ। ਉਨ੍ਹਾਂ ਕਿਹਾ, “25 ਫਰਵਰੀ 2025 ਨੂੰ, ਉਪ ਰਾਜਪਾਲ ਦੇ ਸੰਬੋਧਨ ਦੌਰਾਨ, ਸੱਤਾਧਾਰੀ ਧਿਰ ਦੇ ਵਿਧਾਇਕਾਂ ਨੇ ‘ਮੋਦੀ-ਮੋਦੀ’ ਦੇ ਨਾਅਰੇ ਲਗਾਏ, ਜਦੋਂ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਹੋਏ ‘ਜੈ ਭੀਮ’ ਦੇ ਨਾਅਰੇ ਲਗਾਏ। 
ਇਹ ਬਹੁਤ ਮੰਦਭਾਗਾ ਹੈ ਕਿ ਸੱਤਾਧਾਰੀ ਧਿਰ ਦੇ ਕਿਸੇ ਵੀ ਵਿਧਾਇਕ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਵਿਰੋਧੀ ਧਿਰ ਦੇ 21 ਵਿਧਾਇਕਾਂ ਨੂੰ ‘ਜੈ ਭੀਮ’ ਦਾ ਨਾਅਰਾ ਲਗਾਉਣ ਲਈ 3 ਦਿਨਾਂ ਲਈ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ।” ਗ਼ੌਰਤਲਬ ਹੈ ਕਿ 25 ਫਰਵਰੀ ਨੂੰ, ਦਿੱਲੀ ਵਿਧਾਨ ਸਭਾ ਵਿੱਚ ਉਦੋਂ ਤਣਾਅ ਵਧ ਗਿਆ ਜਦੋਂ ਸਪੀਕਰ ਵਿਜੇਂਦਰ ਗੁਪਤਾ ਨੇ ਕੈਗ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ ਹੋਏ ਹੰਗਾਮੇ ਦੌਰਾਨ ਆਤਿਸ਼ੀ ਅਤੇ ਗੋਪਾਲ ਰਾਏ ਸਮੇਤ ‘ਆਪ’ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ।