
23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਮਜਦੂਰ-ਨੌਜਵਾਨ ਜੱਥੇਬੰਦੀਆਂ ਵੱਲੋਂ ਸ਼ਹੀਦੀ ਦਿਵਸ ਸਮਾਗਮ ਕੀਤਾ ਗਿਆ
ਲੁਧਿਆਣਾ- 23 ਮਾਰਚ 2025, ਲੁਧਿਆਣਾ। ਅੱਜ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ 'ਤੇ ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ 94ਵੇਂ ਸ਼ਹੀਦੀ ਵਰੇਗੰਢ ਮਨਾਈ ਗਈ। 'ਸ਼ਹੀਦੀ ਦਿਵਸ ਸਮਾਗਮ' ਮਜਦੂਰ ਲਾਇਬ੍ਰੇਰੀ, ਈ.ਡਬਲਯੂ.ਐੱਸ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ ਕੀਤਾ ਗਿਆ।
ਲੁਧਿਆਣਾ- 23 ਮਾਰਚ 2025, ਲੁਧਿਆਣਾ। ਅੱਜ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਾਂਝੇ ਤੌਰ 'ਤੇ ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ 94ਵੇਂ ਸ਼ਹੀਦੀ ਵਰੇਗੰਢ ਮਨਾਈ ਗਈ। 'ਸ਼ਹੀਦੀ ਦਿਵਸ ਸਮਾਗਮ' ਮਜਦੂਰ ਲਾਇਬ੍ਰੇਰੀ, ਈ.ਡਬਲਯੂ.ਐੱਸ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਵਿਖੇ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਨੌਜਵਾਨ ਭਾਰਤ ਸਭਾ ਦੀਆਂ ਕਾਰਕੁੰਨਾਂ ਦਿਸ਼ਾ, ਮੌਸਮ ਅਤੇ ਕੋਮਲ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਇਸ ਦੌਰਾਨ ਨਾਟਕ 'ਬੁੱਤ ਜਾਗ ਗਿਆ' ਪੇਸ਼ ਕੀਤਾ ਗਿਆ। ਮੰਚ ਸੰਚਾਲਨ ਨੌਜਵਾਨ ਭਾਰਤ ਸਭਾ ਆਗੂ ਰਵਿੰਦਰ ਕੌਰ ਵੱਲੋਂ ਕੀਤਾ ਗਿਆ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਅਤੇ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੀ ਆਗੂ ਟੀਨਾ ਨੇ ਬੁਲਾਰਿਆਂ ਵਜੋਂ ਲੋਕਾਂ ਨੂੰ ਸੰਬੋਧਿਤ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਜਿਸ ਲੁੱਟ-ਖਸੁੱਟ ਰਹਿਤ ਸਮਾਜ ਦੀ ਉਸਾਰੀ ਲਈ ਜਿੰਦਗੀ ਭਰ ਸੰਘਰਸ਼ ਕੀਤਾ, ਕੁਰਬਾਨੀਆਂ ਕੀਤੀਆਂ ਉਹ ਸਮਾਜ ਅਜੇ ਨਹੀਂ ਬਣਿਆ। ਉਹਨਾਂ ਦੀ ਲੜਾਈ ਸਿਰਫ ਲੁਟੇਰੇ ਅੰਗਰੇਜ਼ ਹਾਕਮਾਂ ਖਿਲਾਫ਼ ਨਹੀਂ ਸੀ ਸਗੋਂ ਹਰ ਤਰਾਂ ਦੇ ਲੁਟੇਰਿਆਂ ਖਿਲਾਫ਼ ਸੀ। ਭਗਤ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਇਹ ਜੰਗ ਜਾਰੀ ਰਹੇਗੀ।
ਅੱਜ ਗੋਰੇ ਹਾਕਮਾਂ ਦੀ ਥਾਂ ਕਾਲੇ ਹਾਕਮ ਬੈਠੇ ਲੁੱਟ ਰਹੇ ਹਨ। ਸਗੋਂ ਧਰਮਾਂ ਦੇ ਨਾਂ 'ਤੇ ਲੋਕਾਂ ਨੂੰ ਇੱਕ ਸਾਜਿਸ਼ ਤਹਿਤ ਲੜਾਇਆ ਜਾ ਰਿਹਾ ਹੈ। ਭਾਰਤ ਦੀ ਮੋਦੀ ਸਰਕਾਰ, ਪੰਜਾਬ ਦੀ ਆਪ ਸਰਕਾਰ ਸਮੇਤ ਵੱਖ-ਵੱਖ-ਵੱਖ ਸੂਬਾ ਸਰਕਾਰਾਂ ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਤਿੱਖੇ ਰੂਪ ਵਿੱਚ ਲਾਗੂ ਕਰ ਰਹੀਆਂ ਹਨ। ਕਿਰਤ ਕਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਤਬਦੀਲੀਆਂ ਕੀਤੀਆਂ ਗਈਆਂ ਹਨ। ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ, ਖਾਣ-ਪੀਣ, ਪਹਿਨਣ, ਆਦਿ ਸਬੰਧੀ ਜਮਹੂਰੀ ਹੱਕਾਂ ਉੱਤੇ ਵੱਡੇ ਹਮਲੇ ਹੋ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਅੱਜ ਇਨਕਲਾਬੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਇਨਕਲਾਬੀ ਸ਼ਹੀਦਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਵਿਸ਼ਾਲ ਲੋਕਾਈ ਤੱਕ ਲਿਜਾਇਆ ਜਾਵੇ। ਲੋਕਾਂ ਨੂੰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਚੇਤੰਨ ਕੀਤਾ ਜਾਵੇ ਅਤੇ ਧਰਮਾਂ, ਜਾਤਾਂ ਦੇ ਵਖਰੇਵਿਆਂ ਤੋਂ ਉੱਪਰ ਉੱਠਦਿਆਂ ਆਪਣੀਆਂ ਮੰਗਾਂ ਤੇ ਜੱਥੇਬੰਦ ਹੋਇਆ ਜਾਵੇ। ਪ੍ਰੋਗਰਾਮ ਵਿੱਚ ਖਾਸ ਤੌਰ ਤੇ ਇਨਕਲਾਬੀ ਸਾਹਿਤ ਦੀ ਪ੍ਰਦਰਸ਼ਨੀ ਵੀ ਲਾਈ ਗਈ। ਲੋਕਾਂ ਨੇ ਉਤਸ਼ਾਹ ਨਾਲ਼ ਸਾਰਾ ਪ੍ਰੋਗਰਾਮ ਦੇਖਿਆ। ਇਨਕਲਾਬੀ ਨਾਅਰਿਆਂ ਨਾਲ਼ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।
