ਐਰੋ ਸਿਟੀ ਵਿੱਚ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਸਹੂਲਤ ਦੇਣ ਦੀ ਥਾਂ ਖੰਭੇ ਗੱਡ ਰਿਹਾ ਹੈ ਬਿਜਲੀ ਵਿਭਾਗ

ਐਸ.ਏ.ਐਸ. ਨਗਰ, 31 ਮਈ- ਗਮਾਡਾ ਵੱਲੋਂ ਬਣਾਏ ਗਏ ਵਕਾਰੀ ਐਰੋ ਸਿਟੀ ਪ੍ਰੋਜੈਕਟ ਵਿੱਚ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਸਹੂਲਤ ਦੇਣ ਦੀ ਥਾਂ ਪੀ.ਐਸ.ਪੀ.ਸੀ.ਐਲ. ਵੱਲੋਂ ਹੁਣ ਉੱਥੇ ਬਿਜਲੀ ਸਪਲਾਈ ਦੇਣ ਲਈ ਖੰਭੇ ਗੱਡੇ ਜਾ ਰਹੇ ਹਨ ਜਿਸ ਕਾਰਨ ਇੱਥੋਂ ਦੇ ਵਸਨੀਕਾਂ ਵਿੱਚ ਨਾਰਾਜ਼ਗੀ ਹੈ।

ਐਸ.ਏ.ਐਸ. ਨਗਰ, 31 ਮਈ- ਗਮਾਡਾ ਵੱਲੋਂ ਬਣਾਏ ਗਏ ਵਕਾਰੀ ਐਰੋ ਸਿਟੀ ਪ੍ਰੋਜੈਕਟ ਵਿੱਚ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਸਹੂਲਤ ਦੇਣ ਦੀ ਥਾਂ ਪੀ.ਐਸ.ਪੀ.ਸੀ.ਐਲ. ਵੱਲੋਂ ਹੁਣ ਉੱਥੇ ਬਿਜਲੀ ਸਪਲਾਈ ਦੇਣ ਲਈ ਖੰਭੇ ਗੱਡੇ ਜਾ ਰਹੇ ਹਨ ਜਿਸ ਕਾਰਨ ਇੱਥੋਂ ਦੇ ਵਸਨੀਕਾਂ ਵਿੱਚ ਨਾਰਾਜ਼ਗੀ ਹੈ।
ਇੱਥੋਂ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਪਿਛਲੇ ਕੁਝ ਦਿਨਾਂ ਤੋਂ ਜੀ ਅਤੇ ਈ ਬਲਾਕ ਵਿੱਚ ਜ਼ਮੀਨ ਦੇ ਉੱਪਰ ਬਿਜਲੀ ਸਪਲਾਈ ਲਈ ਖੰਭੇ ਗੱਡਣ ਦਾ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਐਰੋ ਸਿਟੀ ਪ੍ਰੋਜੈਕਟ ਦੀਆਂ ਸਾਰੀਆਂ ਸੇਵਾਵਾਂ - ਬਿਜਲੀ, ਪਾਣੀ, ਸੀਵਰੇਜ ਆਦਿ ਅੰਡਰਗਰਾਊਂਡ ਦਿੱਤੀਆਂ ਜਾਣੀਆਂ ਸਨ ਅਤੇ ਲੋਕਾਂ ਨੇ ਬਹੁਤ ਹੀ ਮਹਿੰਗੇ ਰੇਟਾਂ ਤੇ ਐਰੋ ਸਿਟੀ ਵਿੱਚ ਆਪਣੇ ਪਲਾਟ ਖਰੀਦੇ ਸਨ।
ਉਹਨਾਂ ਕਿਹਾ ਕਿ ਅੰਡਰਗਰਾਊਂਡ ਬਿਜਲੀ ਸਪਲਾਈ ਵਾਲਾ ਇਹ ਪੰਜਾਬ ਸਰਕਾਰ ਦਾ ਪਹਿਲਾ ਪ੍ਰੋਜੈਕਟ ਸੀ ਅਤੇ ਇਸ ਦਾ ਨਿਰਮਾਣ ਗਮਾਡਾ ਨੇ ਕੁਝ ਸਾਲ ਪਹਿਲਾਂ ਹੀ ਕੀਤਾ ਸੀ। ਗਮਾਡਾ ਨੇ ਪਲਾਟ ਵੇਚਣ ਸਮੇਂ ਅਲਾਟੀਆਂ ਨੂੰ ਅੰਡਰਗਰਾਊਂਡ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਪੀ.ਐਸ.ਪੀ.ਸੀ.ਐਲ. ਵੱਲੋਂ ਜ਼ਮੀਨ ਦੇ ਉੱਪਰ ਹੀ ਓਵਰਹੈੱਡ ਖੰਭੇ ਖੜ੍ਹੇ ਕਰਕੇ ਸਾਰੇ ਐਰੋ ਸਿਟੀ ਦੀ ਸੁੰਦਰਤਾ ਨੂੰ ਬਰਬਾਦ ਕੀਤੀ ਜਾ ਰਿਹਾ ਹੈ ਜਿਸ ਦਾ ਐਰੋ ਸਿਟੀ ਦੇ ਵਸਨੀਕ ਪੁਰਜ਼ੋਰ ਵਿਰੋਧ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਹ ਐਰੋ ਸਿਟੀ ਮੁਹਾਲੀ ਦੇ ਮਾਸਟਰ ਪਲਾਨ ਦੀ ਵੱਡੀ ਉਲੰਘਣਾ ਹੈ। ਉਹਨਾਂ ਕਿਹਾ ਕਿ ਜਦੋਂ ਵਸਨੀਕਾਂ ਨੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਅੰਡਰਗਰਾਊਂਡ ਬਿਜਲੀ ਸਪਲਾਈ ਚਲਾਉਣ ਲਈ ਬਿਜਲੀ ਵਿਭਾਗ ਕੋਲ ਲੋੜੀਂਦੀ ਤਕਨੀਕੀ ਉਪਕਰਣ ਨਹੀਂ ਹਨ ਅਤੇ ਨਾ ਹੀ ਲੋੜੀਂਦੇ ਫੰਡ ਹਨ।
ਉਹਨਾਂ ਕਿਹਾ ਕਿ ਇਹ ਕੰਮ ਚਲਾਊ ਬਿਜਲੀ ਸਪਲਾਈ ਸਾਰੇ ਐਰੋ ਸਿਟੀ ਦੀ ਸੁੰਦਰਤਾ ਨੂੰ ਬਰਬਾਦ ਕਰ ਦੇਵੇਗੀ। ਉਹਨਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਸਿਰਫ਼ ਕੰਮ ਚਲਾਊ ਅਤੇ ਬਹੁਤ ਹੀ ਹਲਕੇ ਕਿਸਮ ਦਾ ਕੰਮ ਕਰ ਰਿਹਾ ਹੈ ਅਤੇ ਬਹੁਤ ਸਾਰੀਆਂ ਸੜਕਾਂ ਤੇ ਤਾਰਾਂ ਅਤੇ ਇਸ ਦੇ ਲਗਾਏ ਜੋੜ ਨਜ਼ਰ ਆਉਂਦੇ ਹਨ।
ਉਹਨਾਂ ਮੰਗ ਕੀਤੀ ਕਿ ਪੀ.ਐਸ.ਪੀ.ਸੀ.ਐਲ. ਵੱਲੋਂ ਇਸ ਤਰੀਕੇ ਨਾਲ ਐਰੋ ਸਿਟੀ ਦੀ ਸੁੰਦਰਤਾ ਤੇ ਦਾਗ ਲਗਾਉਣ ਵਾਲੀ ਇਸ ਕਾਰਵਾਈ ਤੇ ਰੋਕ ਲਗਾਈ ਜਾਵੇ ਅਤੇ ਮਾਸਟਰ ਪਲਾਨ ਅਨੁਸਾਰ ਅੰਡਰਗਰਾਊਂਡ ਬਿਜਲੀ ਸਪਲਾਈ ਦੀ ਸਹੂਲਤ ਦਿੱਤੀ ਜਾਵੇ।