
ਨਾਮਜ਼ਦਗੀ ਦੀ ਫਾਈਲ ਖੋਹਣ ਦਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ 'ਤੇ ਹੋਵੇਗੀ ਐੱਫ.ਆਈ.ਆਰ.
ਪਟਿਆਲਾ, 20 ਦਸੰਬਰ- ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖਰੀ ਦਿਨ ਇੱਥੇ ਮਿੰਨੀ ਸਕੱਤਰੇਤ ਵਿਖੇ ਵਾਪਰੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੀ ਮੌਜੂਦਗੀ ਵਿੱਚ ਇੱਕ ਮਹਿਲਾ ਉਮੀਦਵਾਰ ਤੋਂ ਨਾਮਜ਼ਦਗੀ ਪੱਤਰ ਦੀ ਫਾਈਲ ਖੋਹੀ ਗਈ। ਅਦਾਲਤ ਨੇ ਕਿਹਾ ਕਿ 4 ਪੁਲਿਸ ਮੁਲਾਜ਼ਮਾਂ ਖਿਲਾਫ ਉਨ੍ਹਾਂ ਦੇ ਨਾਂ (Byname) 'ਤੇ ਮਾਮਲਾ ਦਰਜ ਕੀਤਾ ਜਾਵੇ।
ਪਟਿਆਲਾ, 20 ਦਸੰਬਰ- ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖਰੀ ਦਿਨ ਇੱਥੇ ਮਿੰਨੀ ਸਕੱਤਰੇਤ ਵਿਖੇ ਵਾਪਰੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਵਿਰੁੱਧ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦੀ ਮੌਜੂਦਗੀ ਵਿੱਚ ਇੱਕ ਮਹਿਲਾ ਉਮੀਦਵਾਰ ਤੋਂ ਨਾਮਜ਼ਦਗੀ ਪੱਤਰ ਦੀ ਫਾਈਲ ਖੋਹੀ ਗਈ। ਅਦਾਲਤ ਨੇ ਕਿਹਾ ਕਿ 4 ਪੁਲਿਸ ਮੁਲਾਜ਼ਮਾਂ ਖਿਲਾਫ ਉਨ੍ਹਾਂ ਦੇ ਨਾਂ (Byname) 'ਤੇ ਮਾਮਲਾ ਦਰਜ ਕੀਤਾ ਜਾਵੇ।
ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਦੌਰਾਨ ਹੋਈ ਗੜਬੜੀ ਨੂੰ ਲੈ ਕੇ ਹਾਈਕੋਰਟ ਵਿੱਚ ਦੋ ਦਿਨ ਤੋਂ ਸੁਣਵਾਈ ਚੱਲ ਰਹੀ ਸੀ। ਜਿਵੇਂ ਹੀ ਪਟੀਸ਼ਨਰ ਨੇ ਅਦਾਲਤ 'ਚ ਕੁਝ ਵੀਡੀਓਜ਼ ਦਿਖਾਈਆਂ ਤਾਂ ਇਹ ਗੱਲ ਸਾਹਮਣੇ ਆਈ ਕਿ ਕੁਝ ਲੋਕ ਪੁਲਿਸ ਦੀ ਮੌਜੂਦਗੀ 'ਚ ਇਕ ਔਰਤ ਤੋਂ ਨਾਮਜ਼ਦਗੀ ਪੱਤਰ ਖੋਹ ਕੇ ਭੱਜ ਗਏ। ਅਦਾਲਤ ਨੇ ਹੁਕਮ ਦਿੱਤਾ ਕਿ 15 ਮਿੰਟਾਂ ਦੇ ਅੰਦਰ ਅੰਦਰ ਇਨ੍ਹਾਂ ਚਾਰਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਅਦਾਲਤ ਨੇ ਕਿਹਾ ਕਿ ਸਾਰੇ ਆਰ.ਓਜ਼ ਤੋਂ ਵੀਡੀਓ ਮੰਗਵਾਏ ਜਾਣ ਤਾਂ ਜੋ ਇਸ ਮਾਮਲੇ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਨਰਮੀ ਨਹੀਂ ਵਰਤੀ ਜਾ ਸਕਦੀ।
ਨਗਰ ਨਿਗਮ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ (12 ਦਸੰਬਰ ) ਨੂੰ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ। ਸਿਰਫ਼ ਇੱਕ ਗੇਟ ਰਾਹੀਂ ਹੀ ਦਾਖ਼ਲਾ ਸੀ। ਇਸ ਦੌਰਾਨ ਕੁਝ ਲੋਕ ਆਏ, ਜਿਨ੍ਹਾਂ ਨੇ ਕਤਾਰ 'ਚ ਖੜ੍ਹੇ ਲੋਕਾਂ ਤੋਂ ਫਾਈਲਾਂ ਖੋਹ ਲਈਆਂ ਅਤੇ ਫਰਾਰ ਹੋ ਗਏ। ਭਾਜਪਾ ਅਤੇ ਕਾਂਗਰਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਸੀ। ਉਨ੍ਹਾਂ ਇਸ ਮਾਮਲੇ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ। ਉਸ ਸਮੇਂ ਆਮ ਆਦਮੀ ਪਾਰਟੀ ਨੇ ਇਹ ਕਹਿੰਦੇ ਹੋਏ ਪੱਲਾ ਝਾੜ ਲਿਆ ਸੀ ਕਿ ਇਹ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ।
ਪਟਿਆਲਾ ਦੀਆਂ 7 ਵਾਰਡਾਂ ਦੀ ਚੋਣ ਰੱਦ :
ਇਸੇ ਸਮੇਂ ਪੰਜਾਬ ਸਰਕਾਰ ਨੇ ਪਟਿਆਲਾ ਨਗਰ ਨਿਗਮ ਦੀਆਂ 7 ਵਾਰਡਾਂ ਤੇ ਧਰਮਕੋਟ (ਮੋਗਾ) ਨਗਰ ਕੌਂਸਲ ਦੀਆਂ 8 ਵਾਰਡਾਂ ਵਿੱਚ ਭਲਕੇ ਹੋਣ ਵਾਲੀ ਚੋਣ ਰੱਦ ਕਰ ਦਿੱਤੀ ਹੈ। ਪਟਿਆਲਾ ਦੀਆਂ ਜਿਨ੍ਹਾਂ ਵਾਰਡਾਂ ਵਿੱਚ ਭਲਕੇ ਵੋਟਾਂ ਨਹੀਂ ਪੈਣਗੀਆਂ, ਉਨ੍ਹਾਂ ਵਿੱਚ 1, 32, 33, 36, 41, 48 ਤੇ 50 ਨੰਬਰ ਵਾਰਡ ਸ਼ਾਮਲ ਹਨ। ਨਗਰ ਕੌਂਸਲ ਧਰਮਕੋਟ ਦੇ ਵਾਰਡ ਨੰਬਰ 1,2,3,4,9,10,11ਤੇ 13 ਦੀ ਚੋਣ ਰੱਦ ਕੀਤੀ ਗਈ ਹੈ। ਮਾਣਯੋਗ ਜੱਜ ਹਰਕੇਸ਼ ਮਨੂਜਾ ਦੀ ਅਦਾਲਤ ਵਿੱਚ ਪੇਸ਼ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਨੇ ਉਪਰੋਕਤ ਵਾਰਡਾਂ ਵਿੱਚ ਚੋਣ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਪਟੀਸ਼ਨਰ ਵੱਲੋਂ ਪੇਸ਼ ਕੀਤੀਆਂ ਗਈਆਂ ਵੀਡੀਓਜ਼ ਵਿਚ ਜਿਹੜੇ ਵੀ ਅਧਿਕਾਰੀ ਜਾਂ ਵਿਅਕਤੀ ਗੜਬੜ 'ਚ ਸ਼ਾਮਿਲ ਪਾਏ ਗਏ, ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਵਿਜੈ ਕੂਕਾ ਨੇ ਪਟਿਆਲਾ ਦੀਆਂ 7 ਵਾਰਡਾਂ ਵਿੱਚ ਚੋਣ ਰੱਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਹੁਣ ਸਿਰਫ਼ ਅਦਾਲਤਾਂ ਤੋਂ ਹੀ ਕੋਈ ਆਸ ਰਹਿ ਗਈ। ਉਨ੍ਹਾਂ ਹੋਰ ਕਿਹਾ ਕਿ ਇਹ ਫ਼ੈਸਲਾ ਨਾਮਜ਼ਦਗੀਆਂ ਦੌਰਾਨ ਕਥਿਤ ਤੌਰ 'ਤੇ ਪ੍ਰਸ਼ਾਸਨ ਦੀ ਸ਼ਹਿ 'ਤੇ ਗੁੰਡਾਗਰਦੀ ਕਰਨ ਵਾਲਿਆਂ ਦੇ ਮੂੰਹ 'ਤੇ ਚਪੇੜ ਹੈ।
