ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਵੋਟਾਂ ਅੱਜ, ਸਮੁੱਚੀਆਂ ਤਿਆਰੀਆਂ ਮੁਕੰਮਲ

ਪਟਿਆਲਾ, 20 ਦਸੰਬਰ- ਨਗਰ ਨਿਗਮ ਦੀਆਂ 45 ਵਾਰਡਾਂ, ਨਗਰ ਪੰਚਾਇਤ ਘੱਗਾ ਤੇ ਭਾਦਸੋਂ ਦੀਆਂ ਆਮ ਚੋਣਾਂ ਸਮੇਤ ਨਗਰ ਕੌਂਸਲ ਰਾਜਪੁਰਾ, ਨਾਭਾ ਤੇ ਪਾਤੜਾਂ ਦੀ ਇੱਕ-ਇੱਕ ਵਾਰਡ ਦੀ ਉਪ ਚੋਣ ਲਈ ਵੋਟਾਂ ਭਲਕੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਪੁਆਈਆਂ ਜਾਣਗੀਆਂ, ਅਤੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ਵਿਖੇ ਹੀ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪਟਿਆਲਾ, 20 ਦਸੰਬਰ- ਨਗਰ ਨਿਗਮ ਦੀਆਂ 45 ਵਾਰਡਾਂ, ਨਗਰ ਪੰਚਾਇਤ ਘੱਗਾ ਤੇ ਭਾਦਸੋਂ ਦੀਆਂ ਆਮ ਚੋਣਾਂ ਸਮੇਤ ਨਗਰ ਕੌਂਸਲ ਰਾਜਪੁਰਾ, ਨਾਭਾ ਤੇ ਪਾਤੜਾਂ ਦੀ ਇੱਕ-ਇੱਕ ਵਾਰਡ ਦੀ ਉਪ ਚੋਣ ਲਈ ਵੋਟਾਂ ਭਲਕੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਪੁਆਈਆਂ ਜਾਣਗੀਆਂ, ਅਤੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ਵਿਖੇ ਹੀ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 
ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਤੇ ਅਮਨ-ਅਮਾਨ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਜ਼ਿਲ੍ਹੇ ਦੇ ਚੋਣਾਂ ਵਾਲੇ ਵਾਰਡਾਂ ਵਿੱਚ ਪੋਲਿੰਗ ਬੂਥਾਂ ਵਿਖੇ ਵੋਟਾਂ ਪੁਆਉਣ ਲਈ ਚੋਣ ਅਮਲੇ ਦੀਆਂ ਰਵਾਨਾ ਕੀਤੀਆਂ ਪੋਲਿੰਗ ਪਾਰਟੀਆਂ ਦੇਰ ਸ਼ਾਮ ਚੋਣ ਸਮੱਗਰੀ ਨਾਲ ਆਪਣੇ ਪੋਲਿੰਗ ਸਟੇਸ਼ਨਾਂ ਵਿਖੇ ਪੁੱਜ ਗਈਆਂ। ਇਸ ਦੌਰਾਨ ਚੋਣ ਆਬਜ਼ਰਵਰ ਤੇ ਸਕੱਤਰ ਸਹਿਕਾਰਤਾ ਅਨਿੰਦਿਤਾ ਮਿੱਤਰਾ ਅਤੇ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਪੋਲ ਪਾਰਟੀਆਂ ਨੂੰ ਰਵਾਨਾ ਕਰਨ ਅਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ। 
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸਾਰੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਚੋਣ ਅਮਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰੀਜ਼ਾਈਡਿੰਗ ਅਫ਼ਸਰਾਂ ਅਤੇ ਪੋਲਿੰਗ ਅਫ਼ਸਰਾਂ ਦੀਆਂ ਪਾਰਟੀਆਂ ਨੂੰ ਵੋਟਿੰਗ ਮਸ਼ੀਨਾਂ ਤੇ ਹੋਰ ਚੋਣ ਸਮਗਰੀ ਸੌਂਪਕੇ ਸੁਰੱਖਿਆ ਦਸਤਿਆਂ ਦੀ ਜ਼ੇਰੇ ਨਿਗਰਾਨੀ ਰਵਾਨਾ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੁਤਾਹੀ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਗੱਲੋਂ ਵਚਨਬੱਧ ਹੈ ਕਿ ਇਹ ਚੋਣ ਪੁਰ ਅਮਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।
ਇਸੇ ਦੌਰਾਨ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਅਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਅਤੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਪੁਲਿਸ ਨੇ ਪੁਖ਼ਤਾ ਇੰਤਜ਼ਾਮ ਕੀਤੇ ਹਨ ਤੇ ਜਿਸ ਲਈ ਲੋੜੀਂਦੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਜਦਕਿ ਪੈਟਰੌਲਿੰਗ ਪਾਰਟੀਆਂ ਵੀ ਵਾਇਰਲੈਸ ਨਾਲ ਲੈਸ ਕਰਕੇ ਤਾਇਨਾਤ ਹਨ। 
ਇਸ ਤੋਂ ਇਲਾਵਾ ਵਿਸ਼ੇਸ਼ ਨਾਕੇ ਲਗਾਏ ਗਏ ਹਨ ਅਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇਗੀ ਅਤੇ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਰਹੀ ਹੈ। ਡਾ. ਨਾਨਕ ਸਿੰਘ ਨੇ ਹੋਰ ਕਿਹਾ ਕਿ ਕਿਸੇ ਵੀ ਗ਼ੈਰ ਸਮਾਜੀ ਅਨਸਰ ਨੂੰ ਕੋਈ ਗੜਬੜੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਮਾਹੌਲ ਖ਼ਰਾਬ ਕਰਨ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਤਾਇਨਾਤ ਚੋਣ ਅਮਲੇ ਨੂੰ ਸਫ਼ਲਤਾ ਪੂਰਵਕ ਵੋਟਾਂ ਪੁਆਉਣ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਚੋਣਾਂ ਪੁਰ ਅਮਨ ਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਆਪਣਾ ਸਹਿਯੋਗ ਦੇਣ।