ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਅਤੇ ਤਬਾਹੀ ਵੱਲ ਧਕਿਆ ਜਾ ਰਿਹਾ: ਜਥੇਦਾਰ ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਰਿੰਕੂ ਬੇਦੀ

ਗੜ੍ਹਸ਼ੰਕਰ, 4 ਨਵੰਬਰ - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੂਰੇ ਪੰਜਾਬ ਵਿੱਚ ਅੱਜ ਦਿੱਤੇ ਗਏ ਧਰਨਿਆਂ ਦੀ ਲੜੀ ਦੇ ਤਹਿਤ ਗੜਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਜਥੇਦਾਰ ਇਕਬਾਲ ਸਿੰਘ ਖੇੜਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਕਿਸਾਨਾਂ ਦੇ ਮਸਲਿਆਂ ਤੇ ਖਾਸ ਕਰਕੇ ਝੋਨੇ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਨਾ ਕਰਨ ਦੇ ਰੋਸ ਵਜੋਂ ਇਹ ਧਰਨਾ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਦਿੱਤਾ ਗਿਆ ਸੀ।

ਗੜ੍ਹਸ਼ੰਕਰ, 4 ਨਵੰਬਰ - ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੂਰੇ ਪੰਜਾਬ ਵਿੱਚ ਅੱਜ ਦਿੱਤੇ ਗਏ ਧਰਨਿਆਂ ਦੀ ਲੜੀ ਦੇ ਤਹਿਤ ਗੜਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਜਥੇਦਾਰ ਇਕਬਾਲ ਸਿੰਘ ਖੇੜਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਕਿਸਾਨਾਂ ਦੇ ਮਸਲਿਆਂ ਤੇ ਖਾਸ ਕਰਕੇ ਝੋਨੇ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਨਾ ਕਰਨ ਦੇ ਰੋਸ ਵਜੋਂ ਇਹ ਧਰਨਾ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਦਿੱਤਾ ਗਿਆ ਸੀ।
ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਜਥੇਦਾਰ ਇਕਬਾਲ ਸਿੰਘ ਖੇੜਾ ਅਤੇ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਅਤੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਿਚ ਚਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਤੇ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਵਿਚ ਵੱਡਾ ਸੰਕਟ ਖੜ੍ਹਾ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਅਤੇ ਤਬਾਹੀ ਵੱਲ ਧਕਿਆ ਜਾ ਰਿਹਾ ਹੈ।
 ਅੱਜ ਝੋਨੇ ਦੀ ਖਰੀਦ ਵਿਚ ਜਾਣਬੁੱਝ ਕੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ ਕਿ ਕਿਸਾਨ 18 -20 ਦਿਨਾਂ ਤੋਂ ਮੰਡੀਆ ਵਿਚ ਰੁਲ ਰਿਹਾ ਹੈ ਪਰ ਉਸਦੀ ਮਿਹਨਤ ਨਾਲ ਪਾਲੀ ਫ਼ਸਲ ਨੂੰ ਖਰੀਦਿਆ ਨਹੀਂ ਜਾ ਰਿਹਾ। ਮਜਬੂਰ ਹੋ ਕੇ ਲੋਕ ਜ਼ਬਰੀ ਕਈ- ਕਈ ਕਿਲੋ ਝੋਨੇ ਦੇ ਕਟ ਲਵਾ ਕੇ ਐਮ ਐੱਸ ਪੀ ਤੋ ਘਟ ਰੇਟ ਤੇ ਝੋਨਾ ਵੇਚਣ ਨੂੰ ਮਜਬੂਰ ਕੀਤੇ ਜਾ ਰਹੇ ਹਨ। ਖਰੀਦੇ ਹੋਏ ਮਾਲ ਦੀ ਲਿਫਟਿੰਗ ਦੇ ਨਾਕਸ ਪ੍ਰਬੰਧਾਂ ਸਦਕਾ ਮੰਡੀਆ ਵਿਚ ਖੁੱਲ੍ਹੇ ਅਸਮਾਨ ਵਿੱਚ ਬੋਰੀਆ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨ ਕੋਲ ਨਵਾਂ ਝੋਨਾ ਸੁੱਟਣ ਲਈ ਇਕ ਇੰਚ ਵੀ ਥਾਂ ਨਹੀਂ। 
ਕਈ ਕਈ ਦਿਨ ਘਰਾਂ ਅਤੇ ਮੰਡੀਆ ਵਿਚ ਟਰਾਲੀਆਂ ਵਿੱਚ ਆਪਣੇ ਰਿਸਕ ਤੇ ਝੋਨਾ ਰੱਖਣ ਲਈ ਕਿਸਾਨ ਮਜਬੂਰ ਹੈ ਨਾਂ ਹੀ ਮੰਡੀਆ ਵਿਚ ਕਿਸਾਨ ਦੀ ਸਹੂਲਤ ਵਾਸਤੇ ਅਤੇ ਨਾਂ ਹੀ ਫ਼ਸਲ ਨੂੰ ਬਾਰਿਸ਼ ਤੋਂ ਬਚਾਉਣ ਵਾਸਤੇ ਤਰਪਾਲਾਂ ਆਦਿ ਦਾ ਯੋਗ ਪ੍ਰਬੰਧ ਹੈ। ਕੁੱਲ ਮਿਲਾ ਕੇ ਕਿਸਾਨੀ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਭ ਕੁਝ ਰੱਬ ਆਸਰੇ ਚਲ ਰਿਹਾ ਹੈ। ਪੰਜਾਬ ਨੇ 70 ਸਾਲਾਂ ਵਿਚ ਕਦੀ ਅਜਿਹੇ ਮਾੜੇ ਅਤੇ ਨਿਿਖੱਧ ਪ੍ਰਬੰਧ ਨਹੀਂ ਵੇਖੇ ਜਾ ਅੱਜ ਵੇਖਣ ਨੂੰ ਮਿਲ ਰਹੇ ਹਨ। ਜ਼ਾਹਿਰ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਕਿਸਾਨੀ ਤੋ ਬਦਲਾ ਲੈ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਮਾੜੇ ਹਾਲਾਤਾਂ ਲਈ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਨ੍ਹਾਂ ਨੇ ਪੰਜਾਬ ਦੇ ਗੋਦਾਮਾਂ ਵਿੱਚੋ ਝੋਨੇ ਦੇ ਭੰਡਾਰ ਬਾਹਰ ਲਿਜਾਣ ਵਾਲੇ ਕੇਂਦਰ ਸਰਕਾਰ ਨਾਲ ਸਹੀ ਤਾਲਮੇਲ ਨਹੀਂ ਕੀਤਾ। ਉਨ੍ਹਾਂ ਨੇ 1 ਅਕਤੂਬਰ ਨੂੰ ਝੋਨੇ ਦੀ ਖਰੀਦ ਦੀ ਤਾਰੀਕ ਤੋਂ ਮੰਡੀਆ ਵਿਚ ਖਰੀਦ ਲਈ ਲੋੜੀਂਦੇ ਪ੍ਰਬੰਧ ਵੀ ਨਹੀਂ ਕੀਤੇ। ਕੇਂਦਰ ਸਰਕਾਰ ਨੇ ਵੀ ਸੂਬੇ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਅਤੇ ਓਹ ਵੀ ਸੂਬੇ ਵਿੱਚੋ ਝੋਨੇ ਦੇ ਭੰਡਾਰ ਸਮੇਂ ਸਿਰ ਚੁੱਕਣ ਅਤੇ ਇਸ ਸਾਲ ਦੀ ਜਿਣਸ ਵਾਸਤੇ ਥਾਂ ਬਣਾਉਣ ਵਿੱਚ ਨਾਕਾਮ ਰਹੀ। ਇਸਨੇ ਝੋਨੇ ਦੀ ਨਮੀ ਦੀ ਮਾਤਰਾ ਵਿਚ ਵੀ ਛੋਟ ਨਹੀਂ ਦਿੱਤੀ ਤੇ ਨਾ ਹੀ ਦਾਣੇ ਦੀ ਟੁੱਟ ਭਜ ਵਿਚ ਕੋਈ ਛੋਟ ਦਿੱਤੀ ਤਾਂ ਜੋ ਖਰੀਦ ਤੇਜ ਰਫਤਾਰ ਕੀਤੀ ਜਾ ਸਕੇ।
ਇਸ ਕਾਰਣ ਲਖਾ ਮਿਟਰਿਕ ਟਨ ਝੋਨਾ ਮੰਡੀਆ ਵਿਚ ਰੁਲ ਰਿਹਾ ਹੈ ਤੇ ਮੀਂਹ ਪੈਣ ਦੀ ਸੂਰਤ ਵਿਚ ਬਰਬਾਦ ਹੋ ਸਕਦਾ ਹੈ। ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਕਈ ਦਿਨਾਂ ਤੋਂ ਓਹ ਮੰਡੀਆ ਵਿਚ ਰੁਲ ਰਹੇ ਹਨ। ਉਨ੍ਹਾਂ ਨੂੰ ਐਮ  ਐੱਸ ਪੀ ਨਾਲੋਂ ਘਟ ਰੇਟਾ ਤੇ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਧਰਨ ਦੇ ਅਖੀਰ ਵਿੱਚ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਸਥਾਨਕ ਐਸ ਡੀ ਐਮ ਗੜਸ਼ੰਕਰ ਹਰਬੰਸ ਸਿੰਘ ਰਾਹੀਂ ਭੇਜਿਆ ਗਿਆ।