ਨਾਗਰਿਕ ਸੇਵਾਵਾਂ ਦੀਆਂ ਅਰਜੀਆਂ ਨੂੰ ਆਨਲਾਈਨ ਤਸਦੀਕ ਕਰਨਗੇ ਸਰਪੰਚ, ਨੰਬਰਦਾਰ ਅਤੇ ਕੌਂਸਲਰ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਵੀ ਸੁਖਾਲੇ ਢੰਗ ਨਾਲ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਅਰਜੀਆਂ ਦੀ ਆਨਲਾਈਨ ਤਸਦੀਕ ਕਰਨ ਦੇ ਨਿਰਦੇਸ਼ਾਂ ਤਹਿਤ ਜਿਲੇ ਵਿਚ ਸਮੂਹ ਨੁਮਾਇੰਦੇ ਲੋਕਾਂ ਦੀਆਂ ਅਰਜੀਆਂ ਆਨਲਾਈਨ ਤਸਦੀਕ ਕਰਨਗੇ।

ਹੁਸ਼ਿਆਰਪੁਰ- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਵੀ ਸੁਖਾਲੇ ਢੰਗ ਨਾਲ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਨੂੰ ਅਰਜੀਆਂ ਦੀ ਆਨਲਾਈਨ ਤਸਦੀਕ ਕਰਨ ਦੇ ਨਿਰਦੇਸ਼ਾਂ ਤਹਿਤ ਜਿਲੇ ਵਿਚ ਸਮੂਹ ਨੁਮਾਇੰਦੇ ਲੋਕਾਂ ਦੀਆਂ ਅਰਜੀਆਂ ਆਨਲਾਈਨ ਤਸਦੀਕ ਕਰਨਗੇ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾਂ ਦੇ ਰੋਜਾਨਾ ਦੇ ਕੰਮਕਾਜ ਸਹਿਜੇ ਅਤੇ ਡਿਜੀਟਲ ਢੰਗ ਨਾਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਨਾਲ ਜਿਲੇ ਵਿਚ ਸਰਪੰਚ, ਨੰਬਰਦਾਰ ਅਤੇ ਮਿਊਂਸਪਲ ਕੌਂਸਲਰ ਵੱਖ-ਵੱਖ ਸਰਟੀਫਿਕੇਟਾਂ ਦੀ ਆਨਲਾਈਨ ਤਸਦੀਕ ਕਰ ਸਕਣਗੇ|
 ਜਿਨ੍ਹਾਂ ਵਿਚ ਰਿਹਾਇਸ਼ੀ ਸਰਟੀਫਿਕੇਟ, ਜਾਤੀ (ਅਨੁਸੂਚਿਤ ਜਾਤੀਆਂ, ਪੱਛੜੀਆਂ ਜਾਤੀਆਂ ਅਤੇ ਓ.ਬੀ.ਸੀ.), ਆਮਦਨ ਸਰਟੀਫਿਕੇਟ, ਆਰਥਿਕ ਪੱਖੋਂ ਕਮਜੋਰ ਵਰਗ, ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਡੋਗਰਾ ਸਰਟੀਫਿਕੇਟ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਨਾਲ ਨਾਗਰਿਕਾਂ ਨੂੰ ਲੋੜੀਂਦੇ ਦਸਤਾਵੇਜਾਂ ਲਈ ਵਾਰ-ਵਾਰ ਨੁਮਾਇੰਦਿਆਂ ਦੇ ਦਫਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੁਮਾਇੰਦਿਆਂ ਵਲੋਂ ਡਿਜੀਟਲ ਢੰਗ ਨਾਲ ਜਾਣਕਾਰੀ ਪ੍ਰਾਪਤ ਕਰਕੇ ਵਾਪਸ ਉਸੇ ਵਿਧੀ ਰਾਹੀਂ ਭੇਜਿਆ ਜਾਵੇਗਾ। 
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੇ ਸਮੂਹ ਪਟਵਾਰੀਆਂ ਨੂੰ ਨਾਗਰਿਕ ਸੇਵਾਵਾਂ ਲਈ ਦਸਤਾਵੇਜਾਂ ਦੀ ਆਨਲਾਈਨ ਤਸਦੀਕ ਲਈ ਜੋੜਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪਹਿਲਾਂ ਹੀ ‘ਸਰਕਾਰ-ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਨਾਗਰਿਕ ਸੇਵਾਵਾਂ ਲੋਕਾਂ ਨੂੰ  ਘਰਾਂ ਵਿੱਚ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਲਈ ਬਿਨੈਕਾਰਾਂ ਨੂੰ ਹੈਲਪਲਾਈਨ ਨੰਬਰ 1076 ’ਤੇ ਇੱਕ ਕਾਲ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਾਲ ਕਰਨ ’ਤੇ ਸਮਾਂ ਨਿਸ਼ਚਿਤ ਕਰਨ ਉਪਰੰਤ ਘਰਾਂ ਵਿਚ ਬੈਠੇ ਹੀ ਲੋੜੀਂਦੇ ਦਸਤਾਵੇਜ ਪੁੱਜਦੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੇਵਾ ਸਹਾਇਕ ਨਾਗਰਿਕ ਵਲੋਂ ਦੱਸੀ ਥਾਂ ’ਤੇ ਪਹੁੰਚ ਕੇ ਡਿਜੀਟਲ ਤਰੀਕੇ ਨਾਲ ਅਰਜੀਆਂ ਨੂੰ ਪੂਰਾ ਕਰਨ ਅਤੇ ਲੋੜੀਂਦੇ ਦਸਤਾਵੇਜ ਹਾਸਲ ਕਰਨ ਉਪਰੰਤ ਸੇਵਾਵਾਂ ਮੁਹੱਈਆ ਕਰਵਾਉਂਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕਾਂ ਨੂੰ ਆਪਣੇ ਸਰਟੀਫਿਕੇਟਾਂ ਦੀਆਂ ਨਕਲਾਂ ਪ੍ਰਾਪਤ ਕਰਨ ਲਈ ਕਿਸੇ ਵੀ ਦਫਤਰ ਜਾਂ ਸੇਵਾ ਕੇਂਦਰ ਜਾਣ ਦੀ ਜਰੂਰਤ ਨਹੀਂ ਕਿਉਂਕਿ ਪੰਜਾਬ ਸਰਕਾਰ ਨੇ ਡਿਜੀਟਲ ਦਸਤਖਤਾਂ ਅਤੇ ਕਿਊ.ਆਰ. ਕੋਡ ਵਾਲੇ ਸਰਟੀਫਿਕੇਟਾਂ ਨੂੰ ਈ-ਮੇਲ ਰਾਹੀਂ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਹੜੇ ਕਿ ਸਾਰੇ ਦਫਤਰਾਂ ਵਿੱਚ ਪ੍ਰਵਾਨਤ ਹਨ।