
ਵੈਟਨਰੀ ਯੂਨੀਵਰਸਿਟੀ ਵਿਖੇ ਕਰਵਾਈ ਗਈ ਮੱਛੀ ਪਾਲਣ ਸੰਬੰਧੀ ਸਿਖਲਾਈ
ਲੁਧਿਆਣਾ 02 ਜੁਲਾਈ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮੱਛੀ ਪਾਲਣ ਸੰਬੰਧੀ ਪੰਜ ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ। ਡਾ. ਵਨੀਤ ਇੰਦਰ ਕੌਰ, ਸਿਖਲਾਈ ਸੰਯੋਜਕ ਨੇ ਦੱਸਿਆ ਕਿ ਪੰਜਾਬ ਦੇ ਵਿਭਿੰਨ ਜ਼ਿਲ੍ਹਿਆਂ ਤੋਂ 12 ਸਿੱਖਿਆਰਥੀ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਸਨ ਨੇ ਭਾਗ ਲਿਆ।
ਲੁਧਿਆਣਾ 02 ਜੁਲਾਈ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸ਼ਰੀਜ਼ ਵੱਲੋਂ ਮੱਛੀ ਪਾਲਣ ਸੰਬੰਧੀ ਪੰਜ ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ। ਡਾ. ਵਨੀਤ ਇੰਦਰ ਕੌਰ, ਸਿਖਲਾਈ ਸੰਯੋਜਕ ਨੇ ਦੱਸਿਆ ਕਿ ਪੰਜਾਬ ਦੇ ਵਿਭਿੰਨ ਜ਼ਿਲ੍ਹਿਆਂ ਤੋਂ 12 ਸਿੱਖਿਆਰਥੀ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਸਨ ਨੇ ਭਾਗ ਲਿਆ।
ਸਿਖਲਾਈ ਵਿਚ ਡਾ. ਅਭਿਸ਼ੇਕ ਸ੍ਰੀਵਾਸਤਵ ਅਤੇ ਡਾ. ਖੁਸ਼ਵੀਰ ਸਿੰਘ ਨੇ ਬਤੌਰ ਤਕਨੀਕੀ ਸੰਯੋਜਕ ਜ਼ਿੰਮੇਵਾਰੀ ਨਿਭਾਈ। ਸਿਖਲਾਈ ਦੌਰਾਨ ਮੱਛੀ ਪਾਲਣ ਦੇ ਸਾਰੇ ਬੁਨਿਆਦੀ ਪਹਿਲੂਆਂ ’ਤੇ ਗੱਲ ਕੀਤੀ ਗਈ।ਤਲਾਬ ਤਿਆਰ ਕਰਨੇ, ਪਾਣੀ ਦੀ ਕੁਆਲਿਟੀ, ਮੱਛੀ ਦਾ ਬੱਚ ਪਾਉਣਾ, ਖੁਰਾਕੀ ਲੋੜਾਂ, ਸਿਹਤ ਪ੍ਰਬੰਧਨ, ਜੈਵਿਕ ਸੁਰੱਖਿਆ, ਪ੍ਰਾਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਬਾਰੇ ਨੁਕਤੇ ਸਾਂਝੇ ਕੀਤੇ ਗਏ। ਪਾਣੀ ਅਤੇ ਭੂਮੀ ਦੇ ਘਟਦੇ ਸਾਧਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਕੁਆਪੋਨਿਕਸ, ਬਾਇਓਫਲਾਕ ਅਤੇ ਰੀਸਰਕੁਲੇਟਰੀ ਐਕੁਆਕਲਚਰ ਢਾਂਚੇ ਬਾਰੇ ਵੀ ਸਿੱਖਿਆਰਥੀਆਂ ਨੂੰ ਦੱਸਿਆ ਗਿਆ। ਖਾਰੇ ਪਾਣੀ ਵਾਲੇ ਇਲਾਕਿਆਂ ਦੀ ਭੂਮੀ ਨੂੰ ਬਿਹਤਰ ਤਰੀਕੇ ਨਾਲ ਵਰਤਣ ਵਾਸਤੇ ਵੀ ਜਾਣਕਾਰੀ ਦਿੱਤੀ ਗਈ। ਫੀਡ ਤਿਆਰ ਕਰਨ, ਪ੍ਰਾਸੈਸਿੰਗ ਅਤੇ ਸਜਾਵਟੀ ਮੱਛੀ ਪਾਲਣ ਬਾਰੇ ਵੀ ਸਿੱਖਿਅਤ ਕੀਤਾ ਗਿਆ। ਸਿੱਖਿਆਰਥੀਆਂ ਨੂੰ ਪ੍ਰਯੋਗਿਕ ਤੌਰ ’ਤੇ ਸਮਰੱਥ ਬਨਾਉਣ ਲਈ ਅਗਾਂਹਵਧੂ ਮੱਛੀ ਪਾਲਕ ਸ. ਜਸਵੀਰ ਸਿੰਘ ਦੇ ਫਾਰਮ ਦਾ ਅਤੇ ਲੁੁਧਿਆਣਾ ਦੇ ਮੱਛੀ ਬਜ਼ਾਰ ਦਾ ਦੌਰਾ ਵੀ ਕਰਵਾਇਆ ਗਿਆ।
ਪ੍ਰਤੀਭਾਗੀਆਂ ਨੂੰ ਯੂਨੀਵਰਸਿਟੀ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਇਸ ਖੇਤਰ ਵਿਚ ਹੋ ਰਹੇ ਨੀਤੀਗਤ ਵਿਕਾਸ ਅਤੇ ਸਮਰੱਥਾ ਉਸਾਰੀ ਢੰਗਾਂ ਬਾਰੇ ਚਾਨਣਾ ਪਾਇਆ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਯੂਨੀਵਰਸਿਟੀ ਵੱਲੋਂ ਕਿਸਾਨਾਂ ਦੀ ਸਹਾਇਤਾ ਅਤੇ ਸਹਿਯੋਗ ਹਿਤ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਸਾਨ ਸਿਖਲਾਈ ਦੇ ਫਾਇਦਿਆਂ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਯੂਨੀਵਰਸਿਟੀ ਪਸ਼ੂਧਨ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਸਿੱਖਿਅਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਕਿਸਾਨ ਵੀ ਬਹੁਤ ਰੁਚੀ ਨਾਲ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿੰਦੇ ਹਨ।
