ਜਮੀਨੀ ਵਿਵਾਦ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਦੇ ਕਰਮਚਾਰੀ ਦੇ ਪੇਟ ’ਤੇ ਚਾਕੂ ਮਾਰਿਆ

ਐਸ. ਏ. ਐਸ. ਨਗਰ, 13 ਜੂਨ- ਬਨੂੜ ਨੇੜੇ ਸਥਿਤ ਹੁਲਕਾ ਪਿੰਡ ਦੇ ਰਹਿਣ ਵਾਲੇ ਚੰਡੀਗੜ੍ਹ ਪੁਲੀਸ ਦੇ ਇੱਕ ਕਾਂਸਟੇਬਲ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਜ਼ਮੀਨੀ ਵਿਵਾਦ ਨੂੰ ਲੈ ਕੇ ਉਸ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪਰ ਇਸ ਮਾਮਲੇ ਵਿੱਚ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।

ਐਸ. ਏ. ਐਸ. ਨਗਰ, 13 ਜੂਨ- ਬਨੂੜ ਨੇੜੇ ਸਥਿਤ ਹੁਲਕਾ ਪਿੰਡ ਦੇ ਰਹਿਣ ਵਾਲੇ ਚੰਡੀਗੜ੍ਹ ਪੁਲੀਸ ਦੇ ਇੱਕ ਕਾਂਸਟੇਬਲ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਜ਼ਮੀਨੀ ਵਿਵਾਦ ਨੂੰ ਲੈ ਕੇ ਉਸ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪਰ ਇਸ ਮਾਮਲੇ ਵਿੱਚ ਇੱਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਪੁਲੀਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਪੁਲੀਸ ਦਾ ਕਰਮਚਾਰੀ ਹੈ ਅਤੇ 13 ਮਈ ਨੂੰ ਜਦੋਂ ਉਹ ਆਪਣੀ ਡਿਊਟੀ ਖਤਮ ਕਰਕੇ ਆਪਣੇ ਪਿੰਡ ਵਾਪਸ ਆਇਆ, ਤਾਂ ਉਸ ਦੇ ਪੁੱਤਰ ਨੇ ਉਸ ਨੂੰ ਦੱਸਿਆ ਕਿ ਉਸੇ ਪਿੰਡ ਦੇ ਰਾਮ ਸਿੰਘ ਨੇ ਉਸ ਦੀ ਜ਼ਮੀਨ ’ਤੇ ਕੰਧ ਬਣਾਈ ਹੈ। ਜਦੋਂ ਉਹ ਆਪਣੇ ਪੁੱਤਰ ਅਤੇ ਭਰਾ ਨਾਲ ਰਾਮ ਸਿੰਘ ਨੂੰ ਰੋਕਣ ਗਿਆ, ਤਾਂ ਉੱਥੇ ਉਸ ਦੇ ਤਿੰਨ ਪੁੱਤਰ ਅਤੇ ਦੋ ਪੋਤੇ ਮੌਜੂਦ ਸਨ, ਜਿਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਜਦੋਂ ਉਹ ਉਸ ਦੇ ਪੁੱਤਰ ਅਤੇ ਭਰਾ ਨੂੰ ਕੁੱਟ ਰਹੇ ਸਨ, ਤਾਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵਿੱਚੋਂ ਇੱਕ ਨੇ ਉਸ ਦੇ ਸਿਰ ’ਤੇ ਲਾਠੀ ਨਾਲ ਵਾਰ ਕੀਤਾ, ਜਦਕਿ ਰਾਮ ਸਿੰਘ ਦੇ ਪੁੱਤਰ ਸਿਖੰਡਰ ਸਿੰਘ ਨੇ ਉਸ ਦੇ ਪੇਟ ਵਿੱਚ ਦੋ ਵਾਰ ਚਾਕੂ ਮਾਰਿਆ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਏ ਅਤੇ ਉਨ੍ਹਾਂ ਨੂੰ ਬਨੂੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਫੇਜ਼-6 ਰੈਫਰ ਕਰ ਦਿੱਤਾ ਗਿਆ। ਇੱਥੇ ਉਹ 15 ਦਿਨਾਂ ਤੱਕ ਵੈਂਟੀਲੇਟਰ ’ਤੇ ਰਿਹਾ ਅਤੇ ਆਪ੍ਰੇਸ਼ਨ ਤੋਂ ਬਾਅਦ ਲਗਭਗ 22 ਦਿਨਾਂ ਬਾਅਦ ਉਸ ਨੂੰ ਹੋਸ਼ ਆਇਆ।
ਸ਼ਿਕਾਇਤਕਰਤਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਹੁਣ ਤੱਕ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਸੰਬੰਧੀ ਉਸ ਨੇ ਬਨੂੜ ਥਾਣੇ ਦੇ ਐਸ. ਐਚ. ਓ. ਨੂੰ ਮਿਲ ਕੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ, ਪਰੰਤੂ ਪਹਿਲਾਂ ਤਾਂ ਉਸ ਨੂੰ ਟਾਲ ਦਿੱਤਾ ਗਿਆ ਅਤੇ ਫਿਰ ਪੁਲੀਸ ਨੇ ਬਹੁਤ ਹੀ ਹਲਕੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਹਮਲਾਵਰ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਸਿਵਲ ਹਸਪਤਾਲ ਫੇਜ਼-6 ਤੋਂ ਡਾਕਟਰ ਦੀ ਰਿਪੋਰਟ ਆਈ, ਤਾਂ ਪੁਲੀਸ ਨੂੰ ਮਾਮਲੇ ਵਿੱਚ ਇੱਕ ਧਾਰਾ ਜੋੜਨੀ ਪਈ। ਜਿਸ ਕਾਰਨ ਉਸ ਨੂੰ ਚਾਕੂ ਮਾਰਨ ਵਾਲੇ ਸਿਖੰਡਰ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ। ਪਰੰਤੂ ਫਿਰ ਵੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਸੁਖਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਆਸੀ ਦਬਾਅ ਪੈਣ ਕਾਰਨ ਪੁਲੀਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ।
ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਬਨੂੜ ਦੇ ਐਸ. ਐਚ. ਓ. ਗੁਰਸੇਵਕ ਸਿੰਘ ਨੇ ਕਿਹਾ ਕਿ ਹੁਲਕਾ ਪਿੰਡ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਸੁਖਦੀਪ ਸਿੰਘ ਦੇ ਬਿਆਨਾਂ ’ਤੇ ਧਾਰਾ 326 ਤਹਿਤ ਰਾਮ ਸਿੰਘ, ਸਿਖੰਡਰ ਸਿੰਘ ਸਮੇਤ 7 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ, ਜਿਸ ਵਿੱਚ ਸਿਖੰਡਰ ਸਿੰਘ ਨੂੰ ਛੱਡ ਕੇ ਬਾਕੀ ਲੋਕਾਂ ਨੂੰ ਜ਼ਮਾਨਤ ਵੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਡੀਕਲ ਰਿਕਾਰਡ ਚੈੱਕ ਕਰਨ ’ਤੇ ਧਾਰਾ 307 ਦਾ ਵਾਧਾ ਕਰਨਾ ਪਿਆ, ਉਹ ਵੀ ਕੀਤਾ ਜਾਵੇਗਾ। ਉਨ੍ਹਾਂ ਇਸ ਕੇਸ ਵਿੱਚ ਕਿਸੇ ਵੀ ਰਾਜਨੀਤਿਕ ਦਬਾਅ ਤੋਂ ਇਨਕਾਰ ਕੀਤਾ।
ਇਸ ਸੰਬੰਧੀ ਦੂਜੀ ਪਾਰਟੀ ਦੇ ਰਾਮ ਸਿੰਘ ਨੇ ਸੁਖਦੀਪ ਦੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਮਲਾ ਉਨ੍ਹਾਂ ਨੇ ਨਹੀਂ ਕੀਤਾ, ਬਲਕਿ ਉਨ੍ਹਾਂ ਨੇ ਸਾਡੇ ’ਤੇ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਰਾਜਪੁਰਾ ਹਸਪਤਾਲ ਦਾਖਲ ਰਹੇ, ਫਿਰ ਹਾਲਾਤ ਗੰਭੀਰ ਹੋਣ ਕਾਰਨ ਪਟਿਆਲਾ ਰੈਫਰ ਕੀਤਾ ਗਿਆ। ਉਨ੍ਹਾਂ ਦੇ ਅੰਮ੍ਰਿਤਧਾਰੀ ਪੁੱਤਰ ਸਿਖੰਡਰ ਸਿੰਘ ਦੀ ਪੱਗੜੀ ’ਤੇ ਕੇਸਾਂ ਦੀ ਬੇਅਦਬੀ ਕੀਤੀ ਗਈ, ਜਿਸ ’ਤੇ ਉਸ ਨੇ ਆਪਣੇ ਬਚਾਅ ਲਈ ਸਿਰੀ ਸਾਹਿਬ ਨਾਲ ਹਮਲਾ ਕੀਤਾ ਸੀ।
ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਰਾਸਤੇ ਨੂੰ ਲੈ ਕੇ ਹੋਏ ਝਗੜੇ ਵਿੱਚ ਨੁਕਸਾਨ ਦੋਵਾਂ ਧਿਰਾਂ ਦਾ ਹੋਇਆ ਹੈ, ਇਸ ਲਈ ਦੋਵਾਂ ਧਿਰਾਂ ਨੂੰ ਬਿਠਾ ਕੇ ਮਾਮਲਾ ਹੱਲ ਕਰਵਾਇਆ ਜਾਵੇਗਾ।