ਆਵਾਰਾ ਪਸ਼ੂਆਂ ਵੱਲੋਂ ਫ਼ਸਲਾਂ ਅਤੇ ਬੂਟਿਆਂ ਦੇ ਉਜਾੜੇ 'ਤੇ ਕਾਬੂ ਕਰਨ ਲਈ ਕਾਰਵਾਈ ਦੀ ਮੰਗ

ਐੱਸ.ਏ.ਐੱਸ. ਨਗਰ, 17 ਅਪ੍ਰੈਲ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਆਵਾਰਾ ਪਸ਼ੂਆਂ ਵੱਲੋਂ ਫ਼ਸਲਾਂ ਅਤੇ ਬੂਟਿਆਂ ਦੇ ਉਜਾੜੇ 'ਤੇ ਕਾਬੂ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਰਾਹੀਂ ਕਰੋੜਾਂ ਰੁਪਏ ਦੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਜਾਂਦੇ ਹਨ। ਇਸੇ ਤਰ੍ਹਾਂ ਸਮਾਜਸੇਵੀ ਸੰਸਥਾਵਾਂ ਅਤੇ ਕਿਸਾਨਾਂ ਵੱਲੋਂ ਵੀ ਹਰ ਸਾਲ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾਂਦੇ ਹਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਆਵਾਰਾ ਪਸ਼ੂ ਅਤੇ ਗੁੱਜਰ ਭਾਈਚਾਰੇ ਦੇ ਖੁੱਲ੍ਹੇ ਛੱਡੇ ਮੱਝਾਂ ਦੇ 100 ਤੋਂ 200 ਗਿਣਤੀ ਦੇ ਵੱਡੇ-ਵੱਡੇ ਵਾਗ ਇਨ੍ਹਾਂ ਬੂਟਿਆਂ ਨੂੰ ਤਹਿਸ-ਨਹਿਸ ਕਰ ਦਿੰਦੇ ਹਨ। ਸੜਕਾਂ ਕੰਢੇ ਦੇ ਦਰੱਖ਼ਤ ਅਤੇ ਫ਼ਸਲ ਕੱਟਣ ਮਗਰੋਂ ਟਿਊਬਵੈੱਲਾਂ 'ਤੇ ਲਾਏ ਕਿਸਾਨਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਵੀ ਇਹ ਗਾਵਾਂ ਤੇ ਮੱਝਾਂ ਖਾ ਜਾਂਦੀਆਂ ਹਨ।
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜ਼ਿਲ੍ਹੇ ਵਿੱਚ ਖੁੱਲ੍ਹੇ ਫਿਰਦੇ ਡੰਗਰਾਂ 'ਤੇ ਪਾਬੰਦੀ ਲਾਈ ਜਾਵੇ ਅਤੇ ਆਵਾਰਾ ਪਸ਼ੂ ਗਊਸ਼ਾਲਾਵਾਂ ਵਿੱਚ ਭੇਜੇ ਜਾਣ ਤਾਂ ਕਿ ਮਿਹਨਤ ਅਤੇ ਰੁਪਏ ਖ਼ਰਚ ਕੇ ਲਾਏ ਬੂਟੇ ਪਲ ਸਕਣ। ਧਰਤੀ ਨੂੰ ਹਰੀ-ਭਰੀ ਬਣਾ ਸਕੀਏ। ਇਸ ਮੌਕੇ ਮੇਹਰ ਸਿੰਘ ਥੇੜੀ ਪ੍ਰੈੱਸ ਸਕੱਤਰ ਪੰਜਾਬ, ਗੁਰਦੇਵ ਸਿੰਘ ਜੰਡੋਲੀ ਬਲਾਕ ਪ੍ਰਧਾਨ ਰਾਜਪੁਰਾ, ਤਰਲੋਚਨ ਸਿੰਘ ਨਡਿਆਲੀ, ਉਜਾਗਰ ਸਿੰਘ ਧਮੋਲੀ, ਮਾਨ ਸਿੰਘ ਰਾਜਪੁਰਾ ਵਿੱਤ ਸਕੱਤਰ ਪੰਜਾਬ ਹਾਜ਼ਰ ਸਨ।