
ਹੜ੍ਹਾਂ ਦੀ ਮਾਰ-ਜਨਤਾ ਬੇਹਾਲ
ਪੰਜਾਬ ਇਨੀਂ ਦਿਨੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਤਿੰਨ ਦਰਿਆਵਾਂ ਦੇ ਨਜ਼ਦੀਕ ਦੇ ਇਲਾਕੇ ਭਾਰੀ ਦਿਕਤਾਂ ਅਤੇ ਬਰਬਾਦੀ ਦਾ ਸਾਹਮਣਾ ਕਰ ਰਹੇ ਹਨ। ਭਾਵੇ ਅਸੀਂ ਇਸ ਨੂੰ ਕੁਦਰਤੀ ਕਰੋਪੀ ਦਾ ਨਾਂ ਦੇ ਸਕਦੇ ਹਾਂ ਪਰ ਕਾਫ਼ੀ ਹਦ ਤੱਕ ਮਨੁੱਖੀ ਗਲਤੀਆਂ ਵੀ ਇਸ ਆਫ਼ਤ ਦਾ ਕਾਰਨ ਬਣ ਰਹੀਆਂ ਹਨ। ਪੰਜਾਬ ਵਿਚ ਹੜ੍ਹਾਂ ਦਾ ਮੁੱਖ ਕਾਰਨ ਨਾਲ ਲਗਦੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿਚ ਅਚਾਨਕ ਬੱਦਲ ਫਟਣਾ ਅਤੇ ਪੌਂਗ ਡੈਮ ਅਤੇ ਭਾਖੜਾ ਡੈਮ ਵਿਚ ਜਲ ਪੱਧਰ ਵਧਣ ਕਾਰਨ ਫਲੱਡ ਗੇਟ ਖੋਲਣਾ ਹੈ।
ਪੰਜਾਬ ਇਨੀਂ ਦਿਨੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਤਿੰਨ ਦਰਿਆਵਾਂ ਦੇ ਨਜ਼ਦੀਕ ਦੇ ਇਲਾਕੇ ਭਾਰੀ ਦਿਕਤਾਂ ਅਤੇ ਬਰਬਾਦੀ ਦਾ ਸਾਹਮਣਾ ਕਰ ਰਹੇ ਹਨ। ਭਾਵੇ ਅਸੀਂ ਇਸ ਨੂੰ ਕੁਦਰਤੀ ਕਰੋਪੀ ਦਾ ਨਾਂ ਦੇ ਸਕਦੇ ਹਾਂ ਪਰ ਕਾਫ਼ੀ ਹਦ ਤੱਕ ਮਨੁੱਖੀ ਗਲਤੀਆਂ ਵੀ ਇਸ ਆਫ਼ਤ ਦਾ ਕਾਰਨ ਬਣ ਰਹੀਆਂ ਹਨ। ਪੰਜਾਬ ਵਿਚ ਹੜ੍ਹਾਂ ਦਾ ਮੁੱਖ ਕਾਰਨ ਨਾਲ ਲਗਦੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿਚ ਅਚਾਨਕ ਬੱਦਲ ਫਟਣਾ ਅਤੇ ਪੌਂਗ ਡੈਮ ਅਤੇ ਭਾਖੜਾ ਡੈਮ ਵਿਚ ਜਲ ਪੱਧਰ ਵਧਣ ਕਾਰਨ ਫਲੱਡ ਗੇਟ ਖੋਲਣਾ ਹੈ। ਇਸ ਵਕਤ ਬਿਆਸ, ਸਤਲੁਜ ਅਤੇ ਰਾਵੀ ਦਰਿਆ ਖਤਰਨਾਕ ਪੱਧਰ ਉਪਰ ਵਹਿ ਰਹੇ ਹਨ। ਇਨਾਂ ਦਰਿਆਵਾਂ ਉਪਰ ਬਣੇ ਡੈਮਾਂ ਦੇ ਗੇਟ ਖੋਲਣਾ ਸਰਕਾਰਾਂ ਅਤੇ ਪ੍ਰਬੰਧਕੀ ਏਜੰਸੀਆਂ ਦੀ ਮਜ਼ਬੂਰੀ ਹੈ। ਇਸ ਤਰਾਂ ਜਿਨ੍ਹਾਂ ਜ਼ਿਲਿਆਂ ਵਿਚੋਂ ਦੀ ਇਹ ਦਰਿਆ ਵਹਿੰਦੇ ਹਨ, ਉਨਾਂ ਇਲਾਕਿਆਂ ਵਿਚ ਵਰਤਮਾਨ ਸਮੋਂ ਵਿਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਕਈ ਜ਼ਿਲਿਆਂ ਵਿਚ ਸਕੂਲ ਬੰਦ ਕੀਤੇ ਗਏ ਹਨ। ਲੋਕਾਂ ਨੂੰ ਸੁੱਰਖਿਅਤ ਥਾਵਾਂ ਉਪਰ ਚਲੇ ਜਾਣ ਲਈ ਕਿਹਾ ਜਾ ਰਿਹਾ ਹੈ। ਕਈ ਪਿੰਡਾਂ ਦਾ ਸੰਪਰਕ ਜ਼ਿਲਾ ਹੈਡ ਕੁਆਰਟਜ਼ ਨਾਲੋਂ ਕੱਟਿਆ ਹੋਇਆ ਹੈ।
ਸਨ 1988 ਵਿਚ ਪੰਜਾਬ ਨੇ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਝੱਲੀ, ਇਨਾਂ ਦਿਨਾਂ ਵਿਚ ਸਾਰੇ ਦੇ ਸਾਰੇ ਦਰਿਆ ਉਫ਼ਾਨ ਉਪਰ ਆ ਗਏ ਜਿਸ ਨਾਲ ਹਜ਼ਾਰਾਂ ਲੋਕੇ ਬੇਘਰ ਹੋ ਗਏ ਤੇ ਸੈਂਕੜੋਂ ਮੌਤਾਂ ਹੋਈਆਂ। ਇਹ ਤਕਰੀਬਨ ਹਰ ਸਾਲ ਬਰਸਾਤੀ ਮੌਸਮ ਦੀ ਆਫ਼ਤ ਹੈ ਜਿਸ ਦਾ ਸਾਹਮਣਾ ਉਤਰੀ ਭਾਰਤ ਦੇ ਰਾਜਾਂ ਨੂੰ ਕਰਨਾ ਪੈਂਦਾ ਹੈ। ਜੇ ਅਜ ਦੀ ਗਲ ਕਰੀਏ ਤਾਂ ਪੰਜਾਬ ਦੇ 19 ਜ਼ਿਲਿਆਂ ਦੇ 1400 ਤੋਂ ਵੱਧ ਪਿੰਡਾਂ ਵਿਚ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਨਦੀਆਂ ਦਾ ਪਾਣੀ ਫਸਲਾਂ, ਪਸ਼ੂਆਂ ਅਤੇ ਲੋਕਾਂ ਉਪਰ ਕਹਿਰ ਬਣ ਕੇ ਟੁਟਿਆ ਹੈ। ਰਾਜ ਸਰਕਾਰ ਨੇ ਭਾਵੇ ਆਪਣੀ ਪੱਧਰ ਉਪਰ ਲੋਕਾਂ ਨੂੰ ਇਸ ਮੁਸੀਬਤ ਤੋਂ ਬਚਾਉਣ ਲਈ ਵਿਆਪਕ ਪ੍ਰਬੰਧ ਕੀਤੇ ਹਨ। 25000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਗਿਆ ਹੈ। ਹੁਣ ਤੱਕ ਪੰਜਾਬ ਵਿਚ ਤਿੰਨ ਦਰਜ਼ਨ ਤੋਂ ਵੱਧ ਲੋਕੀਂ ਆਪਣੀ ਜਾਨ ਗੁਆ ਚੁਕੇ ਹਨ। ਕਈ ਲਾਪਤਾ ਹਨ। 260 ਦੀ ਕਰੀਬ ਘਰ ਢਹਿ ਚੁਕੇ ਹਨ। ਇਸ ਤ੍ਰਾਸਦੀ ਦੇ ਸ਼ਿਕਾਰ ਸਭ ਤੋਂ ਵੱਧ ਬੇਜ਼ੁਬਾਨ ਪਸ਼ੂ ਹੁੰਦੇ ਹਨ। ਉਨਾਂ ਲਈ ਚਾਰੇ ਤੇ ਰੈਣ ਬਸੇਰੇ ਦੀ ਮੁਸ਼ਕਿਲ ਦਰਪੇਸ਼ ਆਉਂਦੀ ਹੈ। ਬਹੁਤ ਸਾਰੇ ਜਾਨਵਰ ਹੜ੍ਹ ਦੀ ਲਪੇਟ ਵਿਚ ਆਕੇ ਰੁੜ੍ਹ ਵੀ ਜਾਂਦੇ ਹਨ।
ਪੰਜਾਬ ਸਰਕਾਰ ਲੋਕਾਂ ਨੂੰ ਕਈ ਤਰਾਂ ਦੀ ਹਦਾਇਤਾਂ ਵੀ ਜਾਰੀ ਕਰਦੀ ਹੈ ਤਾਂ ਕਿ ਜਾਨ ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਕਈ ਇਲਾਕਿਆਂ ਅਤੇ ਪਿੰਡਾਂ ਨੂੰ ਖਾਲੀ ਵੀ ਕਰਵਾਇਆ ਗਿਆ ਹੈ। ਲੋਕਾਂ ਨੂੰ ਹਰ ਤਰਾਂ ਨਾਲ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਪ੍ਰਭਾਵਿਤ ਇਲਾਕਿਆਂ ਵਿਚ 168 ਥਾਵਾਂ ਉਪਰ ਰਾਹਤ ਕੈੰਪ ਸਥਾਪਿਤ ਕੀਤੇ ਗਏ ਹਨ ਅਤੇ 243 ਥਾਵਾਂ ਉਪਰ ਲੋਕਾਂ ਨੂੰ ਡਾਕਟਰੀ ਸਹਾਇਤਾ ਮੁਹੱਇਆ ਕਰਵਾਉਣ ਲਈ ਮੈਡੀਕਲ ਕੈੰਪ ਵੀ ਲਗਾਏ ਗਏ ਹਨ। ਪਾਣੀ ਨੂੰ ਅਸੀਂ ਜੀਵਨ ਮੰਨਦੇ ਹਾਂ। ਜੇ ਇਤਿਹਾਸ ਉਪਰ ਝਾਤ ਮਾਰੀਏ ਤਾਂ ਦੁਨੀਆਂ ਦੀ ਸਾਰੀਆਂ ਸਭਿਅਤਾਵਾਂ ਨਦੀਆਂ ਦੇ ਕਿਨਾਰਿਆਂ ਉਪਰ ਹੀ ਵਸੀਆਂ ਅਤੇ ਪ੍ਰਫੁਲਿਤ ਹੋਈਆਂ ਹਨ। ਜੇਕਰ ਇਨਾਂ ਜੀਵਨ ਵਰਧਕ ਦਰਿਆਵਾਂ ਦਾ ਪਾਣੀ ਇੰਨਾ ਜਾਨਲੇਵਾ ਹੁੰਦਾ ਤਾਂ ਸੰਸਾਰ ਭਰ ਦੀਆਂ ਸਭਿਅਤਾਵਾਂ ਇਨਾਂ ਦੇ ਕਿਨਾਰਿਆਂ ਨੂੰ ਆਪਣਾ ਟਿਕਾਣਾ ਨਾ ਬਣਾਉਂਦੀਆਂ।
ਹੜ੍ਹਾਂ ਕਾਰਨ ਹੋ ਰਹੀ ਤਬਾਹੀ ਦੇ ਮੁਖ ਕਾਰਨ ਹਨ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚ ਭਾਰੀ ਬਾਰਸ਼, ਬੱਦਲ ਫਟਣਾ ਅਤੇ ਡੈਮਾਂ ਵਿਚ ਰੋਕੇ ਹੋਏ ਪਾਣੀ ਨੂੰ ਦਰਿਆਵਾਂ ਵਿਚ ਛੱਡਣਾ। ਦਰਿਆਵਾਂ, ਮੌਸਮੀ ਨਦੀਆਂ ਅਤੇ ਨਾਲੀਆਂ ਦੇ ਪ੍ਰਵਾਹ ਵਿਚ ਰੁਕਾਵਟਾਂ ਆਣ ਕਰਕੇ ਇਹ ਆਪਣਾ ਰਾਹ ਬਦਲ ਰਹੇ ਹਨ। ਸਤਲੁਜ ਦੇ ਧੁੱਸੀ ਬੰਨ੍ਹ ਵਿਚ ਪਾੜ ਪੈਣ ਕਾਰਨ ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ 100 ਤੋਂ ਵੱਧ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਨਦੀਆਂ ਨਾਲਿਆਂ ਅਤੇ ਮੌਸਮੀ ਖੱਡਾਂ ਦੀ ਸਮੋਂ ਸਿਰ ਸਾਫ਼ ਸਫ਼ਾਈ ਦੀ ਜ਼ਰੂਰਤ ਰਹਿੰਦੀ ਹੈ। ਇਨਾਂ ਦੀ ਉਚਿਤ ਸਮੋਂ ਤੇ ਸਫ਼ਾਈ ਨਾ ਹੋਣਾ ਵੀ ਹੜ੍ਹਾਂ ਦਾ ਵੱਡਾ ਕਾਰਨ ਹੈ। ਸਤਲੁਜ ਦਰਿਆ ਅਣਵੰਡੇ ਪੰਜਾਬ ਦਾ ਸਭ ਤੋਂ ਲੰਬਾ ਦਰਿਆ ਹੈ ਪਰ ਇਸ ਦਾ ਬਹੁਤ ਸਾਰਾ ਪਾਣੀ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿਚ ਇਕੱਠਾ ਕੀਤਾ ਜਾਂਦਾ ਹੈ ਜਿਸ ਕਰਕੇ ਇਹ ਦਰਿਆ ਸਾਲ ਦੇ ਜਿਆਦਾਤਰ ਸਮੋਂ ਲਈ ਬਹੁਤ ਘੱਟ ਪਾਣੀ ਨਾਲ ਵਗਦਾ ਹੈ। ਲੋਕਾਂ ਨੇ ਬਿਨਾਂ ਕਿਸੇ ਭਵਿਖ ਦੇ ਖ਼ਤਰੇ ਦੀ ਕਲਪਨਾ ਕੀਤਿਆਂ ਇਸ ਦੇ ਕੈਚਮੈਂਟ ਖੇਤਰਾਂ ਵਿਚ ਖੇਤੀ ਸ਼ੁਰੂ ਕਰ ਦਿਤੀ ਹੈ। ਕਈ ਥਾਵਾਂ ਤੇ ਘਰ, ਬਸਤੀਆਂ ਅਤੇ ਝੋਂਪੜੀਆਂ ਉਸਾਰ ਲਈਆਂ ਹਨ। ਬਰਸਾਤ ਦੇ ਮੌਸਮ ਵਿਚ ਸਭ ਤੋਂ ਵੱਧ ਮਾਰ ਇੰਨ੍ਹਾਂ ਉਪਰ ਪੈਂਦੀ ਹੈ।
ਖ਼ੈਰ ਸਮੋਂ ਦੀ ਜ਼ਰੂਰਤ ਇਹ ਹੈ ਕਿ ਸਰਕਾਰ ਤੇ ਆਮ ਲੋਕ ਹੜ੍ਹ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ। ਲੋਕਾਂ ਲਈ ਰਹਿਣ ਤੇ ਖਾਣ ਦਾ ਉਚਿਤ ਪ੍ਰਬੰਧ ਹੋਏ। ਡੰਗਰਾਂ ਪਸ਼ੂਆਂ ਦੀ ਸਾਂਭ ਸੰਭਾਲ ਤੇ ਚਾਰੇ ਦੀ ਵਿਵਸਥਾ ਹੋਏ।
-ਦਵਿੰਦਰ ਕੁਮਾਰ
