ਨਵਾਂ ਸਾਲ: ਨਵੇਂ ਸੰਕਲਪ

ਸ਼ੁਭ ਸੁਆਗਤ! ਅਸੀਂ ਸਾਰੇ ਨਵੇਂ ਸਾਲ 2025 ਵਿੱਚ ਪ੍ਰਵੇਸ਼ ਕਰ ਚੁਕੇ ਹਾਂ । ਨਵਾਂ ਸਾਲ ਮਹਿਜ਼ 12 ਮਹੀਨਿਆਂ ਦੀ ਸਮਾਂ ਅਵਧੀ ਹੀ ਨਹੀਂ ਸਗੋਂ ਅਣਗਿਣਤ ਚੁਨੌਤੀਆਂ, ਟੀਚਿਆਂ ਤੇ ਸੰਘਰਸ਼ ਦਾ ਸੱਦਾ ਹੁੰਦਾ ਹੈ। ਹਰ ਕਿਸੇ ਦੇ ਦਿਲ ਵਿਚ ਨਵੀਆਂ ਉਮੀਦਾਂ ਤੇ ਨਵੀਆਂ ਯੋਜਨਾਵਾਂ ਹੁੰਦੀਆਂ ਹਨ। ਨਵਾਂ ਸਾਲ ਬੀਤੇ ਵਰ੍ਹੇ ਦੀਆਂ ਅਸਫ਼ਲਤਾਵਾਂ ਨੂੰ ਅਲਵਿਦਾ ਕਹਿ ਕੇ ਨਵੇਂ ਜੋਸ਼, ਨਵੀਂ ਆਸ ਤੇ ਦ੍ਰਿੜ ਨਿਸ਼ਚੇ ਲਈ ਵੱਡੇ ਟੀਚਿਆਂ ਨੂੰ ਪੂਰਾ ਕਰਨ ਲਈ ਮੌਕਾ ਦਿੰਦਾ ਹੈ। ਸਾਕਾਰਤਮਿਕ ਟੀਚਿਆਂ ਨੂੰ ਨਿਰਧਾਰਿਤ ਕਰਨ ਦੀ ਕੁੰਜੀ ਉਨਾਂ ਨੂੰ ਅਭਿਲਾਸ਼ੀ ਅਤੇ ਤੈਅ ਸਮੇਂ ਸੀਮਾ ਵਿਚ ਪ੍ਰਾਪਤੀ ਦੇ ਯੋਗ ਬਨਾਉਣਾ ਹੈ। ਵੱਡੇ ਨਿਸ਼ਾਨੇ ਚੁਨਣਾ ਮਹਾਨਤਾ ਦੀ ਨਿਸ਼ਾਨੀ ਹੈ ਪਰ ਉਨਾਂ ਨੂੰ ਪ੍ਰਾਪਤ ਯੋਗ ਬਣਾਉਣਾ ਸਦਬੁੱਧੀ ਦਾ ਪ੍ਰਤੀਕ ਹੈ।

ਸ਼ੁਭ ਸੁਆਗਤ! ਅਸੀਂ ਸਾਰੇ ਨਵੇਂ ਸਾਲ 2025 ਵਿੱਚ ਪ੍ਰਵੇਸ਼ ਕਰ ਚੁਕੇ ਹਾਂ । ਨਵਾਂ ਸਾਲ ਮਹਿਜ਼ 12 ਮਹੀਨਿਆਂ ਦੀ ਸਮਾਂ ਅਵਧੀ ਹੀ ਨਹੀਂ ਸਗੋਂ ਅਣਗਿਣਤ ਚੁਨੌਤੀਆਂ, ਟੀਚਿਆਂ ਤੇ ਸੰਘਰਸ਼ ਦਾ ਸੱਦਾ ਹੁੰਦਾ ਹੈ। ਹਰ ਕਿਸੇ ਦੇ ਦਿਲ ਵਿਚ ਨਵੀਆਂ ਉਮੀਦਾਂ ਤੇ ਨਵੀਆਂ ਯੋਜਨਾਵਾਂ ਹੁੰਦੀਆਂ ਹਨ। ਨਵਾਂ ਸਾਲ ਬੀਤੇ ਵਰ੍ਹੇ ਦੀਆਂ ਅਸਫ਼ਲਤਾਵਾਂ ਨੂੰ ਅਲਵਿਦਾ ਕਹਿ ਕੇ ਨਵੇਂ ਜੋਸ਼, ਨਵੀਂ ਆਸ ਤੇ ਦ੍ਰਿੜ ਨਿਸ਼ਚੇ ਲਈ ਵੱਡੇ ਟੀਚਿਆਂ ਨੂੰ ਪੂਰਾ ਕਰਨ ਲਈ ਮੌਕਾ ਦਿੰਦਾ ਹੈ। ਸਾਕਾਰਤਮਿਕ ਟੀਚਿਆਂ ਨੂੰ ਨਿਰਧਾਰਿਤ ਕਰਨ ਦੀ ਕੁੰਜੀ ਉਨਾਂ ਨੂੰ ਅਭਿਲਾਸ਼ੀ ਅਤੇ ਤੈਅ ਸਮੇਂ ਸੀਮਾ ਵਿਚ ਪ੍ਰਾਪਤੀ ਦੇ ਯੋਗ ਬਨਾਉਣਾ ਹੈ। ਵੱਡੇ ਨਿਸ਼ਾਨੇ ਚੁਨਣਾ ਮਹਾਨਤਾ ਦੀ ਨਿਸ਼ਾਨੀ ਹੈ ਪਰ ਉਨਾਂ ਨੂੰ ਪ੍ਰਾਪਤ ਯੋਗ ਬਣਾਉਣਾ ਸਦਬੁੱਧੀ ਦਾ ਪ੍ਰਤੀਕ ਹੈ। ਅਸਫ਼ਲਤਾ ਤੇ ਨਿਰਾਸ਼ਾ ਤੋ ਬਚਣ ਲਈ ਪ੍ਰਾਪਤੀ ਦੇ ਕਾਬਿਲ ਦਿੱਸਹੱਦੀਆਂ ਵੱਲ ਵਧਣ ਲਈ ਸੰਘਰਸ਼ ਕਰੀਏ। ਇਕ ਸਾਰਥਕ ਟੀਚਾ ਚੁਨਣਾ ਵੀ ਅਕਲਮੰਦੀ ਦਾ ਪ੍ਰਤੀਕ ਹੈ, ਜਿਸ ਨੂੰ ਸੱਚ ਕਰਨ ਲਈ ਇੱਕ ਯੋਜਨਾਬੱਧ ਕਦਮ-ਦਰ-ਕਦਮ ਪ੍ਰਕ੍ਰਿਆ ਵਿੱਚ ਵੰਡਿਆ ਜਾ ਸਕਦਾ ਹੈ। ਜਦੋਂ ਅਸੀਂ ਛੋਟੇ ਕਦਮ ਚੁਕਦੇ ਹਾਂ ਤਾਂ ਦਰਪੇਸ਼ ਚੁਣੌਤੀਆਂ ਨਾਲ ਟਕਰਾਣਾ ਆਸਾਨ ਹੋ ਜਾਂਦਾ ਹੈ ਤੇ ਅਗਲੇਰਾ ਕੰਮ ਸੌਖਾ ਹੋ ਜਾਂਦਾ ਹੈ।

ਸੰਘਰਸ਼ ਤੇ ਸਫਲਤਾ ਵਾਸਤੇ ਚੰਗੀ ਸਿਹਤ ਜ਼ਰੂਰੀ ਹੈ | ਕੋਸ਼ਿਸ਼ ਕਰੋ ਕਿ ਤੁਹਾਡੇ ਟੀਚੇ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਸਹਾਇਕ ਹੋਣ ਟੀਚੇ। ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਸਿਹਤਯਾਬੀ ਵੀ ਓਨੀ ਹੀ ਮਹੱਤਵਪੂਰਨ ਹੈ|  ਇਸ ਲਈ ਉਹ ਕੰਮ ਤੇ ਉਨਾਂ ਲੋਕਾਂ ਦੀ ਸੰਗਤ ਚੁਣੋ ਜੋ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਲਾਭਦਾਇਕ ਹੋਣ। ਜੇਕਰ ਤੁਹਾਡੇ ਕੋਲ ਸਿਹਤਮੰਦ ਪਰਿਵਾਰਿਕ ਰਿਸ਼ਤੇ ਹਨ ਤਾਂ ਉਨਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋ। ਸਾਕਾਰਾਤਮਿਕ ਸੋਚ ਵਾਲੇ ਦੋਸਤ ਚੁਣੋ। ਪਰਿਵਾਰਕ, ਮੈਂਬਰ ਔਖੇ ਸਮਿਆਂ ਦੇ ਮਲਾਹ ਸਾਬਤ ਹੁੰਦੇ ਹਨ। ਆਪਣੇ ਅਜੀਜ਼ਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ। ਚੰਗੇ ਭਵਿਖ ਲਈ ਇਕ ਸੰਤੁਲਿਤ ਬਜਟ ਬਣਾਓ ਜੋ ਤੁਹਾਡੀ ਆਮਦਨ ਤੇ ਖ਼ਰਚ ਦੇ ਅਨੁਰੂਪ ਹੋਵੇ। ਬਜਟ ਦਾ ਮਤਲਬ ਇਹ ਨਹੀਂ ਕਿ ਪੈਸਾ ਖ਼ਰਚ ਹੀ ਨਹੀਂ ਕਰਨਾ। ਬਜਟ ਬਣਾਉਣਾ ਸਿਰਫ ਇੱਕ ਯੋਜਨਾਵੱਧ ਖ਼ਰਚ ਦੀ ਪ੍ਰਕ੍ਰਿਆ ਹੈ ਕਿ ਤੁਹਾਡੀਆਂ ਤਰਜੀਹਾਂ ਕੀ ਹਨ ਤੇ ਤੁਸੀਂ ਕਿਸ ਚੀਜ਼ ਦੇ ਪੈਸਾ ਖ਼ਰਚ ਕਰਨਾ ਚਾਹੁੰਦੇ ਹੋ ਅਤੇ ਕਿਸ ਚੀਜ਼ ਤੇ ਪੈਸਾ ਖ਼ਰਚ ਕਰਨ ਤੋਂ ਬਚਣਾ ਚਾਹੁੰਦੇ ਹੋ। ਆਪਣੀ ਆਮਦਨ ਤੇ ਸੀਮਿਤ ਵਸੀਲਿਆਂ ਵਿੱਚ ਨਵੀਆਂ ਲੋੜਾਂ ਤੇ ਆਕਾਸਮਿਕ ਸੰਕਟਾਂ ਨੂੰ ਵਿਵੇਕ ਪੂਰਨ ਤਰੀਕਿਆਂ ਨਾਲ ਨਿਪਟਣ ਦਾ ਨਾਂ ਬਜਟ ਹੈ।

ਅਜੋਕੇ ਸਮੇਂ ਵਿਚ ਲੋਕਾਂ ਦਾ ਕਿਤਾਬਾਂ ਪੜ੍ਹਨ ਪ੍ਰਤੀ ਰੁਝਾਨ ਦਿਲੋਂ ਦਿਨ ਘਟਦਾ ਜਾ ਰਿਹਾ ਹੈ । ਇਹ ਇੱਕ ਨਕਾਰਾਤਮਿਕ ਆਦਤ ਹੈ । ਕਿਤਾਬਾਂ ਸਾਡੀਆਂ ਸਭ ਤੋਂ ਚੰਗਾ ਮਾਰਗ ਦਰਸ਼ਕ ਹੋ ਸਕਦੀਆਂ ਹਨ । ਚੰਗੀਆਂ ਪੁਸਤਕਾ ਗਿਆਨ ਅਤੇ ਸਾਕਾਰਤਮਿਕ ਊਰਜਾ ਵਿਚ ਵਾਧਾ ਕਰਦੀਆਂ ਹਨ।

ਜਦੋਂ ਬਾਹਰ ਕੜਾਕੇ ਦੀ ਠੰਡ ਪੈ ਰਹੀ ਹੋਵੇ ਤਾਂ ਆਪਣੇ ਘਰ ਦੇ ਸੋਫੇ ਉੱਪਰ ਬੈਠ ਕੇ ਵਧੀਆ ਲੇਖਕ ਦੀ ਕਿਤਾਬ ਪੜ੍ਹਨ ਦਾ ਆਪਣਾ ਹੀ ਮਜ਼ਾ ਹੈ। ਸੋ ਨਵੇ ਸਾਲ ਵਿੱਚ ਹਰ ਕਿਸੇ ਦਾ ਸੰਕਲਪ ਹੋਣਾ ਚਾਹੀਦਾ ਹੈ ਕਿ ਆਪਣੇ ਘਰ ਵਿੱਚ ਚੰਗੀਆਂ ਕਿਤਾਬਾਂ ਦਾ ਸੰਗ੍ਰਿਹ ਕਰੀਏ ਤੇ ਉਨਾਂ ਤੋਂ ਵਧੀਆ ਸੇਧ ਲੈਣ ਲਈ, ਪੜ੍ਹੀਏ। ਯਾਦ ਰੱਖੋ ਸਾਹਿਤ ਵਿੱਚ ਜੀਵਨ ਨੂੰ ਬਦਲਣ ਦੀ ਸ਼ਕਤੀ ਸਮੋਈ ਹੁੰਦੀ ਹੈ।

ਆਪਣੇ ਚੌਗਿਰਦੇ ਵਿਚ ਸਫ਼ਾਈ ਦਾ ਸੰਕਲਪ ਲਵੋ । ਸਾਡੇ ਦੇਸ਼ ਵਿਚ ਹਰਿਆਵਲ ਘੱਟ ਨਹੀਂ ਰਹੀ, ਸਗੋਂ ਖ਼ਤਮ ਹੋ ਰਹੀ ਹੈ। ਏਅਰ ਕੁਆਲਿਟੀ ਇੰਡੈਕਸ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਇਸ ਹਰਿਆਵਲ ਮੁਹਿੰਮ ਵਿਚ ਜਿੰਨਾ ਵੀ ਹੋ ਸਕੇ ਹਰ ਸ਼ਹਿਰੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਨਵੇਂ ਵਰ੍ਹੇ ਵਿਚ ਆਓ, ਕੁਝ ਰੁੱਖ ਲਗਾਈਏ ਤੇ ਉਹਨਾਂ ਦੀ ਦੇਖਭਾਲ ਕਰੀਏ। ਵਧੀਆ ਹਰਿਆ ਭਰਿਆ ਚੌਗਿਰਦਾ ਵਧੀਆ ਸਿਹਤ ਪ੍ਰਦਾਨ ਰਚਦਾ ਹੈ, ਅਤੇ ਸਾਡੀ ਕਾਰਜਕੁਸ਼ਲਤਾ ਵਿਚ ਵਾਧਾ ਕਰਦਾ ਹੈ। ਵਰਤਮਾਨ ਸਮੋ ਵਿੱਚ ਹਰ ਪਾਸੇ ਕਈ ਤਰਾਂ ਦੇ ਪ੍ਰਦੂਸ਼ਣ ਦੇ ਚਰਚੇ ਹਨ ਇਸ ਲਈ ਹਰ ਜ਼ਿਮੇਵਾਰ  ਨਾਗਰਿਕ ਦਾ ਮੁਢਲਾ ਫਰਜ਼ ਹੈ ਕਿ ਉਹ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਵਿੱਚ ਆਪਣਾ ਸਰਦਾ ਬਣਦਾ ਯੋਗਦਾਨ ਪਾਵੇ।

ਜੇ ਅਸੀਂ ਵਿਅਕਤੀਗਤ ਸੰਕਲਪਾਂ ਦੀ ਗੱਲ ਕਰੀਏ ਤਾਂ ਇਹ ਕੁਝ ਗੱਲਾਂ ਤੁਹਾਡੀ ਦੈਨਿਕ ਜੀਵਨ ਨੂੰ ਸੁਧਾਰਨ ਵਿਚ ਸਹਾਇਕ ਸਿੱਧ ਹੋ ਸਕਦੀਆਂ ਹਨ। ਹਫ਼ਤੇ ਵਿਚ 4 ਵਾਰ ਕਸਰਤ ਜਰੂਰ ਕਰੋ, ਰੋਜ਼ਾਨਾ ਜ਼ਿਆਦਾ ਪਾਣੀ ਪੀਓ, ਕੱਚੀਆਂ ਸਬਜ਼ੀਆਂ ਤੇ ਤਾਜੇ ਫਲ ਖਾਓ, ਡਿੱਬਾਬੰਦ ਭੋਜਨ ਤੋਂ ਪ੍ਰਹੇਜ਼ ਕਰੋ, ਹਰ ਰਾਤ ਲੋੜ ਅਨੁਸਾਰ ਨੀਂਦ ਲਵੋ, ਲਿਫ਼ਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰੋ, ਚੀਨੀ ਦੀ ਵਰਤੋ ਘਟਾਓ, ਇਕ ਕਮਿਊਨਿਟੀ ਫ਼ਿਟਨੈਸ ਕਲਾਸ ਵਿੱਚ ਸ਼ਾਮਿਲ ਹੋਵੋ ਤੇ ਰੋਜਾਨਾ ਅੱਧਾ ਘੰਟਾ ਸਵੇਰ ਵੇਲੇ ਸੈਰ ਜਰੂਰ ਕਰੋ। 

ਜੇ ਅਸੀਂ ਆਪਣੇ ਸੂਬੇ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੋਂ ਦਾ ਸਭ ਤੋਂ ਵੱਡਾ ਸੰਕਟ, ਚਲ ਰਿਹਾ ਕਿਸਾਨ ਮਜ਼ਦੂਰ ਸੰਘਰਸ਼ ਹੈ । ਪਿਛਲੇ ਸਾਲ 12 ਫਰਵਰੀ ਤੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਰਾਜ ਦੀਆਂ ਹੱਦਾਂ ਉਪਰ ਬੈਠੇ ਹਨ । ਕਿਸਾਨ ਜਿਸਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ ਉਸਦਾ ਸੜਕਾਂ ਉਪਰ ਭੁੱਖੇ ਪਿਆਸੇ ਰੁਲਣਾ ਦੇਸ਼ ਲਈ ਸ਼ਰਮ ਦੀ ਗੱਲ ਹੈ। ਇਕ ਜ਼ਿਮੇਵਾਰ ਪ੍ਰਸਾਰ ਮਾਧਿਅਮ ਹੋਣ ਦੇ ਨਾਤੇ ਅਦਾਰਾ ਪੈਗ਼ਾਮ-ਏ-ਜਗਤ ਨਵੇ ਸਾਲ ਵਿੱਚ ਇਹ ਦੁਆ ਕਰਦਾ ਹੈ ਕਿ ਪ੍ਰਮਾਤਮਾ ਕਰੇ ਕਿ ਇਹ ਕਿਸਾਨੀ ਸੰਕਟ ਜਲਦੀ ਖਤਮ ਹੋਵੇ। ਇਸ ਨਾਲ ਹਰ ਦੇਸ਼ ਵਾਸੀ ਦੁਖੀ ਹੈ।

ਪੰਜਾਬ ਹੀ ਨਹੀ ਸਗੋਂ ਪੂਰੇ ਦੇਸ਼ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ । ਇਹ ਇਕ ਵੱਡੀ ਸਮੱਸਿਆ ਹੈ ਅਤੇ ਇਸ ਨਾਲ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਇਸ ਨਾਲ ਨਸ਼ੇ ਦੀ ਪ੍ਰਵਿਰਤੀ ਵੱਧ ਰਹੀ ਹੈ ਤੇ ਨੌਜਵਾਨ ਵਰਗ ਵਿਚ ਬੇਚੈਨੀ ਅਤੇ ਕ੍ਰਾਈਮ ਪ੍ਰਤੀ ਰੁਝਾਨ ਵੱਧ ਰਿਹਾ ਹੈ । ਸੋ ਸਰਕਾਰਾਂ ਨੂੰ ਸੁਚਜੇ ਰਾਸ਼ਟਰ ਨਿਰਮਾਣ ਲਈ ਇਸ ਪ੍ਰਤੀ ਵੀ ਸੁਚੇਤ ਹੋਣ ਦੀ ਲੋੜ ਹੈ ।
ਸਭ ਲਈ ਸ਼ੁਭ ਕਾਮਨਾਵਾਂ ਕਰਦੇ ਹੋਏ ਅਦਾਰਾ ਪੈਗ਼ਾਮ-ਏ-ਜਗਤ ਵਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ!!

 -  ਦਵਿੰਦਰ ਕੁਮਾਰ -

- ਦਵਿੰਦਰ ਕੁਮਾਰ