ਭਾਰਤ ਵਿੱਚ ਬੱਚਿਆਂ ਪ੍ਰਤੀ ਦੁਰਵਿਵਹਾਰ
ਕੁਝ ਦਿਨ ਪਹਿਲਾਂ ਮੋਹਾਲੀ ਦੇ 3 ਫੇਸ ਵਿੱਚ ਇੱਕ ਬੱਚੇ ਦੀ ਇਕ ਅੱਧਖੜ ਵਿਅਕਤੀ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗਰੀਬ ਪਰਿਵਾਰ ਦੇ ਮਹਿਜ਼ 5 ਸਾਲ ਦੇ ਬੱਚੇ ਦਾ ਕਸੂਰ ਸਿਰਫ ਇਨਾ ਸੀ ਕਿ ਉਸਨੇ ਇਕ ਅਮੀਰਜ਼ਾਦੇ ਦੇ ਕੁੱਤੇ ਦੇ ਭੌਂਕਣ ਦੀ ਨਕਲ ਉਤਾਰੀ ਸੀ। ਇਹ ਗੁਨਾਹ ਨਾ ਤਾਂ ਪਸ਼ੂ ਕਰੂਰਤਾ ਤਹਿਤ ਆਉਂਦਾ ਹੈ ਨਾ ਹੀ ਕਿਸੇ ਰੱਜੇ ਪੁੱਜੇ ਇਨਸਾਨ ਦੀ 'ਇੱਜਤ ਹੱਤਕ' ਦੇ ਦਾਇਰੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਮੋਹਾਲੀ ਵਰਗੇ ਪੜੇ ਲਿਖੇ ਲੋਕਾਂ, ਅਫਸਰਾਂ ਤੇ ਰਾਜਨੀਤਿਕ ਲੋਕਾਂ ਦੇ ਅਤੇ ਆਧੁਨਿਕ ਤੇ ਸਭਿਅਤ ਸ਼ਹਿਰ ਵਿੱਚ ਕੀ ਵਾਪਰ ਰਿਹਾ ਹੈ | ਚੰਡੀਗੜ੍ਹ ਤੇ ਇਸ ਦੇ ਆਸਪਾਸ ਵਸੇ ਸ਼ਹਿਰਾਂ, ਕਸਬਿਆਂ ਵਿੱਚ ਬਹੁ ਗਿਣਤੀ ਪੜੇ-ਲਿਖੇ ਤੇ ਨੌਕਰੀ ਪੇਸ਼ਾ ਲੋਕਾਂ ਦੀ ਹੈ। ਉਹ ਸਭ ਬਾਲ ਸੁਰੱਖਿਆ ਕਾਨੂੰਨਾਂ ਤੋਂ ਕਿਸੇ ਪੱਧਰ ਤੱਕ ਤਾਂ ਜਾਣਕਾਰੀ ਰੱਖਦੇ ਹਨ। ਕਲਪਨਾ ਕਰੋ ਜੇ ਉੱਨਤ ਸ਼ਹਿਰਾਂ ਦੇ ਪੜੇ-ਲਿਖੇ ਲੋਕ ਇਹੋ ਜਿਹੀ ਮਾਨਸਿਕਤਾ ਰੱਖਦੇ ਹਨ ਤਾਂ ਝੁੱਗੀਆਂ ਝੋਪੜੀਆਂ ਤੇ ਗਰੀਬ ਬਸਤੀਆਂ ਦੇ ਬੱਚੇ ਕਿੰਨੇ ਕੁ ਸੁਰੱਖਿਅਤ ਹੋਣਗੇ।

ਭਾਰਤ ਦੀ ਗਿਣਤੀ ਅਜੇ ਵੀ ਵਿਕਾਸ ਸ਼ੀਲ ਦੇਸ਼ਾਂ ਵਿੱਚ ਹੁੰਦੀ ਹੈ। ਸਾਡੇ ਦੇਸ਼ ਦੀ ਤਰਾਂ ਹੋਰ ਅਰਧ ਵਿਕਸਿਤ ਅਤੇ ਤਰੱਕੀ ਕਰ ਰਹੇ ਦੇਸ਼ਾਂ ਵਿੱਚ ਬਾਲ ਦੁਰਵਿਵਹਾਰ ਦੀਆਂ ਘਟਨਾਵਾਂ ਆਮ ਹਨ। ਬੱਚਿਆਂ ਨਾਲ ਬਦ ਸਲੂਕੀ ਦੀਆਂ ਘਟਨਾਵਾਂ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ। ਬੱਚਿਆਂ ਨਾਲ ਸਰੀਰਕ, ਜਿਨਸੀ ਅਤੇ ਮਾਨਸਿਕ ਤੌਰ ਤੇ ਦੁਰਵਿਵਹਾਰ ਦੀਆਂ ਘਟਨਾਵਾਂ ਵੇਖਣ ਸੁਣਨ ਨੂੰ ਮਿਲਦੀਆਂ ਹਨ। ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨ.ਸੀ.ਪੀ. ਸੀ.ਆਰ.) ਦੇ ਇਕ ਸਰਵੇਖਣ ਅਨੁਸਾਰ ਤਕਰੀਬਨ 55% ਬੱਚੇ ਸਾਡੇ ਦੇਸ਼ ਵਿੱਚ ਕਿਸੇ ਨਾ ਕਿਸੇ ਤਰਾਂ ਸ਼ੋਸ਼ਣ ਤੇ ਬਦਸਲੂਕੀ ਦਾ ਸ਼ਿਕਾਰ ਹੁੰਦੇ ਹਨ। ਬਾਲ ਸ਼ੋਸ਼ਣ ਦੇ ਗੰਭੀਰ ਸਰੀਰਕ ਅਤੇ ਮਨੋਵਿਗਿਆਨਕ ਨਤੀਜੇ ਹੁੰਦੇ ਹਨ ਜੋ ਬੱਚੇ ਦੀ ਸਿਹਤ ਅਤੇ ਦਿਮਾਗੀ ਵਿਕਾਸ ਉੱਪਰ ਬਹੁਤ ਮਾੜਾ ਪ੍ਰਭਾਵ ਪਾਉਂਦੇ ਹਨ। ਸੱਚ ਤਾਂ ਇਹ ਵੀ ਹੈ ਕਿ ਛੋਟੇ ਬੱਚੇ ਬਾਹਰ ਹੀ ਨਹੀਂ ਆਪਣੇ ਘਰਾਂ ਅੰਦਰ ਵੀ ਵੱਡਿਆ ਦੇ ਅਤਿਆਚਾਰਾਂ ਦਾ ਸ਼ਿਕਾਰ ਹੁੰਦੇ ਹਨ। ਇਸ ਤਰ੍ਹਾਂ ਦੇ ਬੱਚਿਆਂ ਵਿੱਚ ਪਰਸਨੈਲਿਟੀ ਡਿਸਆਰਡਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਰ ਵੇਲੇ ਦੁਖੀ, ਸਮਾਜ ਤੋਂ ਦੂਰ ਅਤੇ ਖੁਦਕੁਸ਼ੀ ਕਰਨ ਬਾਰੇ ਸੋਚ ਸਕਦੇ ਹਨ ਜਾਂ ਹਿੰਸਕ ਪ੍ਰਵਿਰਤੀ ਦੇ ਬਣ ਸਕਦੇ ਹਨ। ਕਈ ਵਾਰ ਅਣਮਨੁੱਖੀ ਵਤੀਰੇ ਕਾਰਨ ਵਿਆਪਕ ਘਬਰਾਹਟ, ਡਰ, ਉਦਾਸੀ, ਸਕੂਲ ਤੋਂ ਗੈਰ ਹਾਜ਼ਰ, ਦੋਸ਼ ਆਤਮਹੱਤਿਆ ਜਾਂ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਸੋਚਣ ਲੱਗ ਪੈਂਦੇ ਹਨ।
ਅੱਜ ਦੇ ਵਿਕਸਿਤ ਸੋਚ ਵਾਲੇ ਸਮਾਜ ਵਿੱਚ ਵੀ ਮਾਦਾ ਭਰੂਣ ਹੱਤਿਆ ਤੇ ਕੰਨਿਆ ਹੱਤਿਆ ਦੀਆਂ ਪ੍ਰਥਾਵਾਂ ਜਾਰੀ ਹਨ। ਜੇ ਬਾਲ ਮਜ਼ਦੂਰੀ ਦੀ ਗੱਲ ਕਰੀਏ ਤਾਂ ਇਹ ਵੀ ਸ਼ੋਸ਼ਣ ਦਾ ਹੀ ਰੂਪ ਹੈ, ਤੇ ਦੁਨੀਆ ਵਿੱਚ ਬਾਲ ਮਜ਼ਦੂਰਾਂ ਦੀ ਸੰਖਿਆ ਭਾਰਤ ਵਿੱਚ ਸਭ ਤੋਂ ਵੱਧ ਹੈ। ਬੱਚਿਆਂ ਵਿਰੁੱਧ ਹਿੰਸਾ ਤੇ ਆਰਥਿਕ ਨਾ ਇਨਸਾਫੀ, ਛੋਟੇ ਬੱਚਿਆਂ ਨੂੰ ਦੇਵੀ ਦੇਵਤਿਆਂ ਨੂੰ ਸਮਰਪਿਤ ਕਰਨਾ ਅੱਜ ਵੀ ਸਾਡੇ ਦੇਸ਼ ਵਿੱਚ ਕਈ ਥਾਈ ਵੇਖਣ ਨੂੰ ਮਿਲ ਜਾਂਦਾ ਹੈ। ਭਾਵੇਂ ਬਾਲ ਸੁਰੱਖਿਆ ਕਾਨੂੰਨ ਸਮੇਂ ਦੀਆਂ ਸਰਕਾਰਾਂ ਵੱਲੋਂ ਬਣਾਏ ਅਤੇ ਸਖਤੀ ਨਾਲ ਲਾਗੂ ਵੀ ਕੀਤੇ ਜਾਂਦੇ ਹਨ ਪਰ ਫਿਰ ਵੀ ਬੱਚਿਆਂ ਨਾਲ ਹੋਣ ਵਾਲੀਆਂ ਅਪਰਾਧਿਕ ਘਟਨਾਵਾਂ ਘਟਣ ਦੀ ਥਾਂ ਦਿਨੋ ਦਿਨ ਵਧ ਰਹੀਆਂ ਹਨ। ਕਿਸੇ ਹੱਦ ਤੱਕ ਅਨਪੜਤਾ, ਗਰੀਬੀ ਅਤੇ ਮੱਧ ਵਰਗੀ ਪਰਿਵਾਰਾਂ ਵਿੱਚ ਨਸ਼ੇ ਦੇ ਪ੍ਰਸਾਰ ਨੂੰ ਵੀ ਇਸ ਲਈ ਜਿੰਮੇਵਾਰ ਮੰਨ ਸਕਦੇ ਹਾਂ। ਕੁਝ ਲੋਕਾਂ ਦੀ ਮਾਨਸਿਕ ਪ੍ਰਵਿਰਤੀ ਜਾਂ ਨਿਰਾਸ਼ਾ ਅਤੇ ਅਸਫਲਤਾ ਵੀ ਇਸ ਦਾ ਕਾਰਨ ਹੋ ਸਕਦੇ ਹਨ।
ਬਾਲ ਅਧਿਕਾਰ ਕਾਨੂੰਨ 2005 ਦੇ ਅਨੁਸਾਰ ਬੱਚਿਆਂ ਪ੍ਰਤੀ ਹੋਣ ਵਾਲੇ ਅਪਰਾਧਾ ਅਤੇ ਉਨਾਂ ਦੇ ਹੱਕਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਸੁਣਵਾਈ ਲਈ, ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਆਯੋਗ, ਰਾਜ ਬਾਲ ਅਧਿਕਾਰ ਸੁਰੱਖਿਆ ਅਯੋਗ ਅਤੇ ਬਾਲ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਹੱਕਾਂ ਅਤੇ ਸੁਰੱਖਿਆ ਲਈ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਵੀ ਸ਼ਲਾਂਘਾ ਯੋਗ ਕੰਮ ਕਰ ਰਹੀਆਂ ਹਨ। ਮੈਂ ਇੱਥੇ ਇੱਕ ਸਮਾਜਿਕ ਕਾਰਕੁਨ ਸੁਨੀਤਾ ਕ੍ਰਿਸ਼ਨਨ ਦਾ ਜ਼ਿਕਰ ਕਰਨਾ ਚਾਹਾਂਗਾ। ਜਿਸ ਦਾ ਜਨਮ 1972 ਵਿੱਚ ਪਲੈਕੜ ਮਲਿਆਲੀ ਮਾਤਾ ਪਿਤਾ ਰਾਜੂ ਕ੍ਰਿਸ਼ਨਨ ਤੇ ਨਲਿਨੀ ਕ੍ਰਿਸ਼ਨਨ ਦੇ ਘਰ ਬੰਗਲੌਰ ਵਿਖੇ ਹੋਇਆ। ਮਹਿਜ਼ 8 ਸਾਲ ਦੀ ਉਮਰ ਵਿੱਚ ਉਸਨੇ ਮਾਨਸਿਕ ਤੌਰ ਤੇ ਦਿਵੀਆਂਗ ਬੱਚਿਆਂ ਨੂੰ ਕੰਮ ਸਿਖਾਉਣਾ ਸ਼ੁਰੂ ਕੀਤਾ। 12 ਸਾਲ ਦੀ ਉਮਰ ਤੱਕ ਉਹ ਗਰੀਬ ਬੱਚਿਆਂ ਲਈ ਝੁਗੀਆਂ ਵਿੱਚ ਸਕੂਲ ਚਲਾ ਰਹੀ ਸੀ। 15 ਸਾਲ ਦੀ ਉਮਰ ਵਿੱਚ ਦਲਿਤ ਭਾਈਚਾਰੇ ਲਈ ਨਵ-ਸਾਖਰਤਾ ਮੁਹਿੰਮ ਲਈ ਕੰਮ ਕਰਦੇ ਹੋਏ ਸੁਨੀਤਾ ਕ੍ਰਿਸ਼ਨਨ ਦਾ 8 ਬੰਦਿਆਂ ਦੁਆਰਾ ਸਮੂਹਿਕ ਬਲਾਤਕਾਰ ਕੀਤਾ ਗਿਆ। ਉਸ ਨੂੰ ਇਨਾ ਬੁਰੀ ਤਰਾਂ ਕੁੱਟਿਆ ਗਿਆ ਕਿ ਉਸਦਾ ਇਕ ਕੰਨ ਅੰਸਿਕ ਤੌਰ ਤੇ ਬੇਕਾਰ ਹੋ ਗਿਆ। ਸੁਨੀਤਾ ਨੇ ਉੱਚ ਕੋਟੀ ਦੀ ਵਿੱਦਿਆ ਹਾਸਿਲ ਕੀਤੀ। ਅੱਜ ਉਹ ਇਕ ਸਮਾਜ ਸੇਵੀ ਸੰਸਥਾ "ਪ੍ਰਜਵਾਲਾ" ਦੀ ਸੀ.ਈ .ਓ . ਅਤੇ ਸਹਿ-ਸੰਸਥਾਪਕ ਹੈ। ਦੇਸ਼ਾਂ ਵਿਦੇਸ਼ਾਂ ਦੇ ਅਨੇਕਾਂ ਸਨਮਾਨਾਂ ਤੋਂ ਇਲਾਵਾ 2016 ਵਿੱਚ ਉਨਾਂ ਨੂੰ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਸ੍ਰੀਮਤੀ ਕ੍ਰਿਸ਼ਨਨ ਨੂੰ 2011 ਦੇ ਵਿੱਚ ਜਿਨਸੀ ਹਿੰਸਾ ਤੇ ਮਾਨਵ ਤਸਕਰੀ ਨਾਲ ਲੜਨ ਲਈ ਕੇਰਲ ਸਰਕਾਰ ਦੀ ਔਰਤਾਂ ਤੇ ਬੱਚਿਆਂ ਲਈ ਨਿਰਭਯਾ ਨੀਤੀ ਦੀ ਸਲਾਹਕਾਰ ਨਿਯੁਕਤ ਕੀਤਾ ਗਿਆ।
ਜੇ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤਾਂ ਹਰ ਨਾਗਰਿਕ ਦਾ ਫਰਜ਼ ਹੈ ਕਿ ਅਸੀਂ ਆਪਣੇ ਅਤੇ ਆਪਣੇ ਆਸ ਪਾਸ ਦੇ ਬੱਚਿਆਂ ਨੂੰ ਸੁਰੱਖਿਅਤ ਅਤੇ ਸੁਖਾਵੇਂ ਮਾਹੌਲ ਵਿੱਚ ਵਧਣ ਫੁੱਲਣ ਦਾ ਮੌਕਾ ਦਈਏ। ਇਨਾਂ ਕੋਮਲ ਫੁੱਲਾਂ ਨੂੰ ਹਿੰਸਾ ਦਾ ਸ਼ਿਕਾਰ ਨਾ ਬਣਾਈਏ, ਬਲਕਿ ਚੰਗੀ ਸਿੱਖਿਆ, ਵਧੀਆ ਸਿਹਤ ਸਹੂਲਤਾਂ ਤੇ ਖੇਡਣ ਕੁੱਦਣ ਦੇ ਮੌਕੇ ਦੇਈਏ। ਤਾਂ ਹੀ ਅਸੀਂ ਖੁਸ਼ਹਾਲ ਭਾਰਤ ਦੀ ਕਲਪਨਾ ਕਰ ਸਕਦੇ ਹਾਂ।