ਔਰਤਾਂ ਦੀ ਸੁਰੱਖਿਆ - ਸਮੇਂ ਦੀ ਮੰਗ

ਅੱਜ ਦੇ ਸਮੇਂ ਵਿਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿਚ ਹੈ। ਭਾਰਤ, ਜਿਸ ਨੂੰ ਦੇਵੀ ਦੇਵਤਿਆਂ ਦੀ ਭੂਮੀ (ਧਰਤੀ) ਕਿਹਾ ਜਾਂਦਾ ਹੈ, ਜਿੱਥੇ ਵੱਡੇ ਵੱਡੇ ਸਮਾਜ ਸੁਧਾਰਕ ਪੈਦਾ ਹੋਏ, ਜਿਨ੍ਹਾਂ ਨੇ ਸਮੇਂ-ਸਮੇਂ ਉੱਤੇ, ਬਾਲ ਵਿਆਹ, ਬਹੁ-ਪਤਨੀ ਅਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਕੁਰਤੀਆਂ ਵਿਰੁੱਧ ਆਵਾਜ਼ ਉਠਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ "ਸੋ ਕਿਉਂ ਮੰਦਾ ਆਖਐ ਜਿਤ ਜੰਮੇ ਰਾਜਾਨ" ਦਾ ਨਾਰਾ ਦਿੱਤਾ ਪਰ ਲੱਗਦਾ ਹੈ ਕਿ ਆਧੁਨਿਕ ਸੰਸਾਰ ਨੇ ਬਾਬੇ ਨਾਨਕ ਦੀਆਂ ਦਿੱਤੀਆਂ ਸਿੱਖਿਆਵਾਂ ਵਿਸਾਰ ਦਿਤੀਆਂ ਹਨ। ਅੱਜ ਸਾਡੇ ਭਾਰਤ ਵਿੱਚ ਔਰਤਾਂ ਵਿਰੁੱਧ ਅਪਰਾਧ ਤੇਜ਼ੀ ਨਾਲ ਵੱਧ ਰਹੇ ਹਨ।

ਅੱਜ ਦੇ ਸਮੇਂ ਵਿਚ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿਚ ਹੈ। ਭਾਰਤ, ਜਿਸ ਨੂੰ ਦੇਵੀ ਦੇਵਤਿਆਂ ਦੀ ਭੂਮੀ  (ਧਰਤੀ) ਕਿਹਾ ਜਾਂਦਾ ਹੈ, ਜਿੱਥੇ ਵੱਡੇ ਵੱਡੇ ਸਮਾਜ ਸੁਧਾਰਕ ਪੈਦਾ ਹੋਏ, ਜਿਨ੍ਹਾਂ ਨੇ ਸਮੇਂ-ਸਮੇਂ ਉੱਤੇ, ਬਾਲ ਵਿਆਹ, ਬਹੁ-ਪਤਨੀ ਅਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਕੁਰਤੀਆਂ ਵਿਰੁੱਧ ਆਵਾਜ਼ ਉਠਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ "ਸੋ ਕਿਉਂ ਮੰਦਾ ਆਖਐ ਜਿਤ ਜੰਮੇ ਰਾਜਾਨ" ਦਾ ਨਾਰਾ ਦਿੱਤਾ ਪਰ ਲੱਗਦਾ ਹੈ ਕਿ ਆਧੁਨਿਕ ਸੰਸਾਰ ਨੇ ਬਾਬੇ ਨਾਨਕ ਦੀਆਂ ਦਿੱਤੀਆਂ ਸਿੱਖਿਆਵਾਂ ਵਿਸਾਰ ਦਿਤੀਆਂ ਹਨ। ਅੱਜ ਸਾਡੇ ਭਾਰਤ ਵਿੱਚ ਔਰਤਾਂ ਵਿਰੁੱਧ ਅਪਰਾਧ ਤੇਜ਼ੀ ਨਾਲ ਵੱਧ ਰਹੇ ਹਨ। ਭਾਰਤ ਅੱਜ ਦੇ ਵਿਕਸਤ ਯੁੱਗ ਵਿੱਚ ਵੀ ਇੱਕ ਪੁਰਸ਼ ਪ੍ਰਧਾਨ ਦੇਸ਼ ਹੈ। ਔਰਤਾਂ ਅੱਜ ਵੀ ਅਨੇਕਾਂ ਪ੍ਰਕਾਰ ਦੀ ਹਿੰਸਾ ਅਤੇ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਹਨ। ਇਹ ਕਿਸੇ ਸਮੇਂ ਵੀ, ਕਿਸੇ ਵੀ ਸਥਾਨ ਉੱਤੇ ਹੋ ਸਕਦੀ ਹੈ  ਚਾਹੇ ਉਹ ਉਸਦਾ ਆਪਣਾ ਘਰ ਹੋਵੇ, ਜਾਂ ਜਨਤਕ ਸਥਾਨ, ਜਾਂ ਫਿਰ ਉਸਦੇ ਕੰਮ ਕਰਨ ਵਾਲੀ ਥਾਂ। ਪੁਰਾਤਨ ਸਮੇਂ ਤੋਂ ਇਸਤਰੀ ਨੂੰ ਇੱਕ ਭੋਗ ਦੀ ਵਸਤੂ ਸਮਝਿਆ ਜਾਂਦਾ ਹੈ। ਉਹ ਹਮੇਸ਼ਾ ਹੀ ਮਰਦਾਂ ਵੱਲੋਂ ਕੀਤੇ ਜਾਂਦੇ ਅਪਮਾਨ, ਸ਼ੋਸ਼ਣ, ਅਤੇ ਜੁਲਮ ਦਾ ਸ਼ਿਕਾਰ ਰਹੀਆਂ  ਹਨ। ਅੱਜਕਲ ਬਲਾਤਕਾਰ ਅਤੇ ਬੇਰਹਮੀ ਨਾਲ ਔਰਤਾਂ, ਲੜਕੀਆਂ ਅਤੇ ਮਾਸੂਮ ਬੇਟੀਆਂ ਦੇ ਕਤਲ ਆਮ ਜਿਹੀ ਗੱਲ ਹੋ ਗਈ ਹੈ। ਅਸੀਂ ਇੱਕ ਹੈਵਾਨੀਅਤ ਦੀ ਘਟਨਾ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੂਸਰੀ ਉਸ ਤੋਂ ਵੀ ਭਿਆਨਕ ਘਟਨਾ ਵਾਪਰ   ਜਾਂਦੀ ਹੈ। ਵੈਸੇ ਤਾਂ ਇਹੋ ਜਹੀਆਂ ਘਿਨਾਉਣੀਆਂ ਵਾਰਦਾਤਾਂ ਨਿੱਤ ਹੀ ਵਾਪਰ ਰਹੀਆਂ ਹਨ। ਪਰ ਕੁਝ ਇਕ ਪ੍ਰਸਾਰ ਮਾਧਿਅਮਾਂ  ਰਾਹੀਂ ਪੂਰੇ ਦੇਸ਼ ਵਿਚ ਜੰਗਲ ਦੀ ਅੱਗ ਵਾਂਗ ਫੈਲਦੀਆਂ ਹਨ, ਤੇ ਫਿਰ ਲੋਕਾਂ ਦਾ ਵਿਰੋਧ ਪ੍ਰਦਰਸ਼ਨ, ਬੰਦ, ਭੰਨਤੋੜ ਅਤੇ ਕੈਂਡਲ ਮਾਰਚ ਨਾਲ ਇੱਕ ਵੱਡਾ ਮੁੱਦਾ ਬਣ ਜਾਂਦਾ ਹੈ। ਤਾਜ਼ਾ ਮਾਮਲਾ ਕੋਲਕਾਤਾ ਦੀ ਇੱਕ ਹੋਸ਼ਿਆਰ ਸੇਨੀਅਰ ਰਿਹਾਇਸ਼ੀ ਡਾਕਟਰ ਨਾਲ ਵਾਪਰਿਆ, ਜਿਸਦੀ ਆਰ.ਜੀ.ਕਰ ਮੈਡੀਕਲ ਕਾਲਜ ਵਿੱਚ ਬਲਾਤਕਾਰ ਤੋਂ ਬਾਅਦ ਹਤਿਆ ਕਰ ਦਿੱਤੀ  ਗਈ। ਇਸ ਘਟਨਾ ਨੇ ਪੂਰੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਕਿਉਂਕਿ ਇਸ ਵਿੱਚ ਵਹਿਸ਼ਤ ਦੀਆਂ ਸਾਰੀਆਂ ਹੱਦਾਂ  ਪਾਰ ਕੀਤੀਆਂ ਗਈਆਂ ਹਨ। ਇਸ ਬੱਚੀ ਨੂੰ ਡਾਕਟਰ ਬਣਾਉਣ ਵਿੱਚ ਇੱਕ ਮੱਦ-ਵਰਗੀ ਪਰਿਵਾਰ ਦਾ ਜੀ ਤੋੜ ਸੰਗਰਸ਼ ਹੈ। ਪਰ ਉਨ੍ਹਾਂ ਦੇ ਸਾਰੇ ਸੁਪਨੇ ਇੱਕ ਝਟਕੇ ਵਿੱਚ ਚਕਨਾਚੂਰ ਹੋ ਗਏ। ਇਹ ਲੜਕੀ ਆਪਣੇ ਮਾਂ-ਬਾਪ ਦੀ ਇਕਲੌਤੀ ਬੱਚੀ ਸੀ। ਉਸਨੇ ਜੇਈਈ ਅਤੇ ਮੈਡੀਕਲ ਵਿੱਚ ਸਫਲਤਾ ਪ੍ਰਾਪਤ ਕੀਤੀ। ਪਰ ਉਸਨੇ ਮੈਡੀਕਲ ਲਾਈਨ ਚੁਣੀ ਅਤੇ ਜੇ. ਐਮ. ਐਮ.    ਮੈਡੀਕਲ ਕਾਲਜ ਕਲਿਆਣੀ ਵਿੱਚ ਦਾਖਲਾ ਲਿਆ। ਪਤਾ ਨਹੀਂ ਉਸਨੇ ਅਤੇ ਉਸਦੇ ਪਰਿਵਾਰ ਨੇ ਕਿਹੋ ਜਿਹੇ ਭਵਿੱਖ ਦੀ ਕਲਪਨਾ ਕੀਤੀ ਹੋਵੇਗੀ। ਇੱਕ ਸਫਲ ਡਾਕਟਰ ਦੇ ਰੂਪ ਵਿੱਚ ਉਸਨੇ ਕਿੰਨੇ ਮਰੀਜ਼ਾਂ ਨੂੰ ਤੰਦਰੁਸਤ ਜੀਵਨ ਪ੍ਰਦਾਨ ਕਰਨਾ ਸੀ। ਪਰ ਦਰਿੰਦਿਆਂ ਦੀ ਗੰਦੀ ਮਾਨਸਿਕਤਾ ਨੇ ਸਭ ਕੁਝ ਤਹਿਸ- ਨਹਿਸ ਕਰ ਦਿੱਤਾ। ਸਾਡੇ ਦੇਸ਼ ਵਿੱਚ ਵੱਚੀ ਵਸੋਂ ਮੁਤਾਬਕ ਮੌਜੂਦ ਪੜ੍ਹੇ-ਲਿਖੇ ਡਾਕਟਰਾਂ ਦਾ ਅਨੁਪਾਤ ਸਭ ਨੂੰ ਪਤਾ ਹੈ। ਇੱਕ ਡਾਕਟਰ ਦਾ ਕਤਲ ਸੱਚਮੁੱਚ ਮਨਵਤਾ ਦਾ ਕਤਲ ਹੈ। ਭਾਰਤ ਵਿੱਚ ਔਰਤਾਂ ਵਿਰੁੱਧ ਬਲਾਤਕਾਰ ਚੌਥਾ ਸਭ ਤੋਂ ਆਮ ਅਪਰਾਧ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2021 ਦੀ ਸਾਲਾਨਾ ਰਿਪੋਰਟ ਦੇ ਮੁਤਾਬਿਕ ਦੇਸ਼ ਭਰ ਵਿੱਚ ਜ਼ਬਰ ਜਿਨਾਹ ਦੇ 31,677 ਮਾਮਲੇ ਦਰਜ ਕੀਤੇ ਗਏ। ਔਸਤ 86 ਮਾਮਲੇ ਰੋਜ਼ਾਨਾ ਬਣਦੇ ਹਨ। ਅੱਜ ਵੀ ਅਖਬਾਰ ਦੇ ਹਰ ਪੰਨੇ ਉਪਰ ਅਜਿਹੀਆਂ ਖ਼ਬਰਾਂ ਪੜਨ ਨੂੰ ਮਿਲਦੀਆਂ ਹਨ। ਇਹ ਉਹ ਮਾਮਲੇ ਹਨ ਜੋ ਪ੍ਰਕਾਸ਼ ਵਿੱਚ ਆ ਜਾਂਦੇ ਹਨ। ਪਰ ਦੱਬੇ ਜਾ ਦਬਾਏ ਗਏ ਕੇਸਾਂ ਦੀ ਗਿਣਤੀ ਕਿਤੇ ਵੱਧ ਹੈ। 1992 ਵਿੱਚ ਅਜਮੇਰ ਵਿੱਚ ਹੋਈ ਘਟਨਾ ਕਾਫ਼ੀ ਸੁਰਖੀਆਂ ਵਿੱਚ ਆਈ ਸੀ। ਇਸ ਵਿੱਚ ਸੌ ਤੋਂ ਵੱਧ ਸਕੂਲੀ ਲੜਕੀਆਂ ਦਾ ਜਿਨਸੀ ਸ਼ੋਸ਼ਣ ਹੋਇਆ ਸੀ। 16 ਦਸੰਬਰ 2020 ਵਿੱਚ ਇੱਕ 23 ਸਾਲਾਂ ਦੀ ਵਿਦਿਆਰਥਣ ਨਾਲ ਸਾਮੁਹਿਕ ਬਲਾਤਕਾਰ ਹੋਇਆ। ਬਾਦ ਵਿੱਚ ਉਸਨਾਲ ਅਣਮਨੁੱਖੀ ਵਤੀਰਾ ਕੀਤਾ ਗਿਆ। 13 ਦਿਨ ਬਾਅਦ ਉਸਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਦੇਸ਼ ਅਤੇ ਸੰਸਦ ਵਿੱਚ ਹੰਗਾਮਾ ਖੜ੍ਹਾ ਕਰ ਦਿੱਤਾ। ਬਾਦ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ। ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਤੇਜ਼ਾਬੀ ਹਮਲੇ, ਚੇਨ, ਪਰਸ, ਮੋਬਾਈਲ ਫੋਨ ਸਨੈਚਿੰਗ ਅੱਜ ਦੇ ਸਮੇਂ ਦੀਆਂ ਆਮ ਜਹੀਆਂ ਗੱਲਾਂ ਬਣ ਗਈਆਂ ਹਨ। ਪਰ ਇਹ ਸਾਰੇ ਜ਼ੁਰਮ ਇੱਕ ਸਭਿਅਕ ਸਮਾਜ ਲਈ ਸ਼ਰਮਨਾਕ ਧੱਬਾ  ਹਨ। ਜ਼ਰੂਰਤ ਹੈ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ। ਨਿਆਂ ਪ੍ਰਣਾਲੀ ਸਖ਼ਤ, ਪਾਰਦਰਸ਼ੀ ਤੇ ਤੇਜ਼ ਗਤੀ ਵਾਲੀ ਹੋਣੀ ਚਾਹੀਦੀ ਹੈ। ਸਜ਼ਾਵਾਂ ਦਰਿੰਦਗੀ ਦੀ ਸੋਚ ਵਾਲੇ ਲੋਕਾਂ ਲਈ ਇੱਕ ਉਦਾਹਰਣ ਹੋਣ ਤੇ ਉਨ੍ਹਾਂ ਦੇ ਮਨਾਂ ਵਿੱਚ ਖੌਫ ਪੈਦਾ ਕਰਨ ਵਾਲੀਆਂ ਹੋਣ। ਇਹ ਅੱਜ ਦੇ ਸਮੇਂ ਦੀ ਲੋੜ ਹੈ।

- ਦਵਿੰਦਰ ਕੁਮਾਰ