
ਸਾਡਾ ਰਾਸ਼ਟਰੀ ਪਰਵ
ਅੱਜ ਸਮੁੱਚਾ ਭਾਰਤ ਵਰ੍ਹ ਆਪਣੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦਿਨ ਦਾ ਸੁਪਨਾ ਲੱਖਾਂ ਸੂਰਵੀਰਾਂ ਦੇ ਅਣਥੱਕ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਸਾਕਾਰ ਹੋਇਆ। ਸਨ 1600 ਈ. ਵਿਚ ਅੰਗਰੇਜ਼ ਭਾਰਤ ਵਿਚ ਵਪਾਰ ਕਰਨ ਵਾਸਤੇ ਆਏ ਤੇ ਇੱਥੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਸਾਡੇ ਦੇਸ਼ ਵਿਚ ਉਸ ਵੇਲੇ ਛੋਟੀਆਂ ਛੋਟੀਆਂ ਰਿਆਸਤਾਂ ਸਨ। ਇਥੋਂ ਦੇ ਲੋਕਾਂ ਵਿਚ ਰਾਜਨੀਤਿਕ ਤੇ ਧਾਰਮਿਕ ਵਿਖਰੇਵਿਆਂ ਦਾ ਫਾਇਦਾ ਉਠਾਉਂਦਿਆਂ, ਉਨਾਂ ਹੋਲੀ ਹੋਲੀ ਪੂਰੇ ਦੇਸ਼ ਉਪਰ ਕਬਜ਼ਾ ਕਰ ਲਿਆ।
ਅੱਜ ਸਮੁੱਚਾ ਭਾਰਤ ਵਰ੍ਹ ਆਪਣੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦਿਨ ਦਾ ਸੁਪਨਾ ਲੱਖਾਂ ਸੂਰਵੀਰਾਂ ਦੇ ਅਣਥੱਕ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਸਾਕਾਰ ਹੋਇਆ। ਸਨ 1600 ਈ. ਵਿਚ ਅੰਗਰੇਜ਼ ਭਾਰਤ ਵਿਚ ਵਪਾਰ ਕਰਨ ਵਾਸਤੇ ਆਏ ਤੇ ਇੱਥੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਸਾਡੇ ਦੇਸ਼ ਵਿਚ ਉਸ ਵੇਲੇ ਛੋਟੀਆਂ ਛੋਟੀਆਂ ਰਿਆਸਤਾਂ ਸਨ। ਇਥੋਂ ਦੇ ਲੋਕਾਂ ਵਿਚ ਰਾਜਨੀਤਿਕ ਤੇ ਧਾਰਮਿਕ ਵਿਖਰੇਵਿਆਂ ਦਾ ਫਾਇਦਾ ਉਠਾਉਂਦਿਆਂ, ਉਨਾਂ ਹੋਲੀ ਹੋਲੀ ਪੂਰੇ ਦੇਸ਼ ਉਪਰ ਕਬਜ਼ਾ ਕਰ ਲਿਆ। ਦੇਸ਼ ਵਾਸੀਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੀਆਂ ਸਮੇਂ ਸਮੇਂ ਤੇ ਕੋਸ਼ਿਸ਼ਾਂ ਕੀਤੀਆਂ, ਪਰ ਸੰਪੂਰਨ ਸਫ਼ਲਤਾ 15 ਅਗਸਤ 1947 ਨੂੰ ਮਿਲੀ। ਇਹ ਦਿਨ ਬਹੁਤ ਸਾਰੀਆਂ ਮਿੱਠੀਆਂ ਕੌੜੀਆਂ ਯਾਦਾਂ ਦੇ ਗਿਆ। ਅੱਜ ਦੇ ਦਿਨ ਅਸੀਂ ਉਹਨਾਂ ਜਾਣੇ ਅਣਜਾਣੇ ਅਣਗਿਣਤ ਸ਼ਹੀਦਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਅਦੁੱਤੀ ਤਿਆਗ ਤੇ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਇਸ ਆਜ਼ਾਦੀ ਨੂੰ ਹਾਸਿਲ ਕਰਨ ਵਾਸਤੇ ਜਿਨਾਂ ਯੋਧਿਆਂ ਨੇ ਆਪਾ ਵਾਰਿਆ, ਸ਼ਾਇਦ ਉਹਨਾਂ ਨੇ ਉਸ ਭਾਰਤ ਦਾ ਸੁਪਨਾ ਨਹੀਂ ਵੇਖਿਆ ਸੀ ਜੋ ਸਾਨੂੰ ਆਜ਼ਾਦੀ ਤੋਂ ਬਾਅਦ ਨਸੀਬ ਹੋਇਆ।
ਆਜ਼ਾਦੀ ਦਾ ਐਲਾਨ ਹੁੰਦੇ ਹੀ ਭਾਰਤ-ਪਾਕ ਵੰਡ ਦਾ ਦੁਖਾਂਤ ਵਾਪਰਿਆ। ਲੱਖਾਂ ਦੀ ਗਿਣਤੀ ਵਿੱਚ ਮਾਸੂਮ ਅਤੇ ਬੇਕਸੂਰ ਲੋਕਾਂ ਦਾ ਕਤਲ ਹੋਇਆ। ਪੰਜਾਬ ਨੇ ਇਸ ਵੰਡ ਦਾ ਦਰਦ ਸਭ ਤੋਂ ਵੱਧ ਸਹਿਣਾ ਪਿਆ। ਸਾਡੇ ਪਾਣੀ, ਸਾਡੀ ਧਰਤੀ ਦੋ ਟੁਕੜਿਆਂ ਵਿੱਚ ਤਕਸੀਮ ਹੋ ਗਏ। ਸਾਡੇ ਧਰਮ ਅਸਥਾਨ ਸਰਹਦਾਂ ਪਾਰ ਰਹਿ ਗਏ। ਲੱਖਾਂ ਲੋਕਾਂ ਨੂੰ ਸ਼ਰਣਾਰਥੀ ਕੈੰਪਾਂ ਵਿੱਚ ਰਹਿਣਾ ਪਿਆ। ਹਜ਼ਾਰਾਂ ਔਰਤਾਂ ਦੀ ਬੇਪੱਤੀ ਹੋਈ। ਅੱਜ ਵੀ ਜਦੋਂ ਕੁਝ ਬਜ਼ੁਰਗਾਂ ਨੂੰ ਅਸੀਂ ਮਿਲਦੇ ਹਾਂ ਜਿਨ੍ਹਾਂ ਨੇ ਇਹ ਤ੍ਰਾਸਦੀ ਸਹੀ ਹੈ, ਉਹਨਾਂ ਨੂੰ ਆਪਣੇ ਬਚਪਨ ਵਿੱਚ ਵੇਖਿਆ ਖੌਫ਼ਨਾਕ ਮੰਜ਼ਰ ਯਾਦ ਆ ਜਾਂਦਾ ਹੈ। ਅੱਜ ਵੀ ਉਹਨਾਂ ਦੀਆਂ ਅੱਖਾਂ ਵਿੱਚ ਆਪਣੀ ਜਨਮ ਭੂਮੀ ਵੇਖਣ ਦੀ ਤਸਫੀਰ ਨਜ਼ਰ ਆਉਂਦੀ ਹੈ।
ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਨੂੰ ਅਨਪੜ੍ਹਤਾ, ਭ੍ਰਿਸ਼ਟਾਚਾਰ, ਗਰੀਬੀ, ਛੂਆਛਾਤ, ਖੇਤਰਵਾਦ, ਫਿਰਕਾਪ੍ਰਸਤੀ ਆਦਿ, ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਾਰੀਆਂ ਸਮੱਸਿਆਵਾਂ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣੀਆਂ। ਇਨ੍ਹਾਂ ਸਾਰੀਆਂ ਔਕੜਾਂ ਦੇ ਬਾਵਜੂਦ ਅਸੀਂ ਹਰ ਖੇਤਰ ਵਿੱਚ ਪ੍ਰਸ਼ੰਸਣਯੋਗ ਤਰੱਕੀ ਕੀਤੀ ਹੈ। ਅੱਜ ਵੀ ਭਾਰਤ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਆਜ਼ਾਦੀ ਤੋਂ ਬਾਅਦ ਪੰਜ ਸਾਲਾ ਯੋਜਨਾਵਾਂ ਦੀ ਬਦੌਲਤ ਸਿੱਖਿਆ, ਸਿਹਤ ਸੇਵਾਵਾਂ, ਖੇਤੀ ਉਤਪਾਦਨ, ਉਦਯੋਗਿਕ ਵਿਕਾਸ ਅਤੇ ਆਵਾਜਾਈ ਦੇ ਖੇਤਰ ਵਿੱਚ ਅਸੀਂ ਵੱਡੀਆਂ ਸਫਲਤਾਵਾਂ ਹਾਸਿਲ ਕੀਤੀਆਂ ਹਨ। 18 ਸਾਲ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਵੋਟ ਦਾ ਅਧਿਕਾਰ ਦੇ ਕੇ ਉਹਨਾਂ ਨੂੰ ਸਰਕਾਰ ਚੁਨਣ ਲਈ ਵੱਡੀ ਤਾਕਤ ਪ੍ਰਦਾਨ ਕੀਤੀ ਗਈ ਹੈ। ਔਰਤਾਂ ਅਤੇ ਸਮਾਜ ਦੇ ਪਿੱਛੜੇ ਵਰਗਾਂ ਨੂੰ ਵਧੇਰੇ ਹੱਕ ਦੇ ਕੇ ਰਾਸ਼ਟਰ ਨਿਰਮਾਣ ਵਿੱਚ ਉਹਨਾਂ ਦੇ ਯੋਗਦਾਨ ਨੂੰ ਹੋਰ ਪੱਕਾ ਕੀਤਾ ਗਿਆ ਹੈ।
ਅੱਜ 15 ਅਗਸਤ 2024 ਦੇ ਦਿਨ ਅਸੀਂ ਹਰ ਘਰ ਤਿਰੰਗਾ ਲਹਿਰਾ ਕੇ ਆਜ਼ਾਦੀ ਦੇ ਜਸ਼ਨ ਮਨ ਰਹੇ ਹਾਂ। ਬਿਨਾਂ ਸ਼ੱਕ ਇਹ ਸਾਡਾ ਰਾਸ਼ਟਰੀ ਪਰਵ ਹੈ, ਸਾਨੂੰ ਸਭ ਨੂੰ ਇਹ ਤਿਓਹਾਰ ਬਿਨਾਂ ਕਿਸੇ ਭੇਦਭਾਵ ਦੇ ਮਨਾਉਣਾ ਚਾਹੀਦਾ ਹੈ। ਪਰ ਜਦੋਂ ਅਸੀਂ ਗੰਭੀਰਤਾ ਨਾਲ ਵਿਚਾਰ ਕਰਦੇ ਹਾਂ ਕਿ ਕੀ ਦੇਸ਼ ਲਈ ਜਵਾਨੀ ਵਿੱਚ ਫਾਂਸੀ ਦਾ ਫੰਦਾ ਚੁੰਮਣ ਵਾਲੇ ਸ਼ਹੀਦਾਂ ਨੇ ਇਸ ਭਾਰਤ ਦੀ ਕਲਪਨਾ ਕੀਤੀ ਸੀ ਜਿਸ ਵਿੱਚ ਅੱਜ ਅਸੀਂ ਰਹਿ ਰਹੇ ਹਾਂ?
ਅੱਜ ਹਰ ਸਵੇਰ ਸਾਡੇ ਦਰਵਾਜ਼ੇ ਤੇ ਆਉਣ ਵਾਲਾ ਅਖਬਾਰ ਖੌਫ਼ਨਾਕ ਖਬਰਾਂ ਨਾਲ ਭਰਿਆ ਹੁੰਦਾ ਹੈ। ਬੇਰੁਜ਼ਗਾਰੀ, ਖੁਦਕਸ਼ੀਆਂ, ਬੰਦ ਦੇ ਐਲਾਨ, ਧਰਨੇ-ਹੜਤਾਲਾਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਜਾਣੇ-ਪਹਿਚਾਣੇ ਸ਼ਬਦ ਬਣ ਚੁੱਕੇ ਹਨ। ਨੌਜਵਾਨ ਵਰਗ ਵਿੱਚ ਬੇਰੁਜ਼ਗਾਰੀ, ਨਸ਼ੇ ਅਤੇ ਸਰਕਾਰਾਂ ਦੀ ਬੇਰੁਖੀ ਤੋਂ ਉਪਜੀ ਨਿਰਾਸ਼ਾ ਸ਼ਾਇਦ ਆਜ਼ਾਦੀ ਦੇ ਰੰਗਾਂ ਨੂੰ ਫਿੱਕਾ ਕਰ ਰਹੀ ਹੈ। ਸਾਡੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ। ਇਹ ਆਜ਼ਾਦੀ ਦੇ ਸਕਾਰਾਤਮਿਕ ਅਰਥ ਨਹੀਂ ਹਨ। ਸਾਡੀਆਂ ਸਰਕਾਰਾਂ ਨੂੰ ਇਸ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਦਫਤਰਾਂ ਵਿੱਚ ਪਈਆਂ ਫ਼ਾਇਲਾਂ ਨੂੰ ਗਤੀ ਪ੍ਰਦਾਨ ਕੀਤੀ ਜਾਵੇ। ਹਰ ਲੋੜਵੰਦ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚੇ। ਨਿਆਂ ਪ੍ਰਣਾਲੀ ਸਰਲ ਤੇ ਗਤੀਸ਼ੀਲ ਹੋਵੇ। ਹਰ ਘਰ ਤੱਕ ਰੁਜ਼ਗਾਰ ਪਹੁੰਚੇ ਤਾਂ ਹੀ ਅਸੀਂ ਆਜ਼ਾਦੀ ਨੂੰ ਦਿਲੋਂ ਮਹਿਸੂਸ ਕਰਾਂਗੇ।
