ਸੰਪਾਦਕ ਦੀ ਕਲਮ ਤੋਂ

ਬੇਰੁਜ਼ਗਾਰੀ ਅੱਜ ਸਾਡੇ ਦੇਸ਼ ਦੀ ਇਕ ਵੱਡੀ ਸੱਮਸਿਆ ਬਣ ਚੁਕੀ ਹੈ | ਪੜ੍ਹੇ ਲਿਖੇ ਨੌਜਵਾਨ ਵਰਗ ਦੀ ਸੰਖਿਆ ਸਭ ਤੋਂ ਵੱਧ ਹੈ | ਇਸ ਦਾ ਕਾਰਨ ਅਸੀਂ ਵਧਦੀ ਅਬਾਦੀ, ਹਰ ਥਾਂ ਖੁਲ੍ਹੇ ਤਰਾਂ-ਤਰਾਂ ਦੇ ਕੋਰਸ, ਡਿਗਰੀਆਂ ਕਰਵਾ ਰਹੇ ਨਿੱਜੀ ਵਿਦਿਅਕ ਅਦਾਰੇ, ਸਰਕਾਰੀ ਨੌਕਰੀਆਂ ਦੇ ਘੱਟ ਹੋਣ ਨੂੰ ਮੰਨ ਸਕਦੇ ਹਾਂ |

ਬੇਰੁਜ਼ਗਾਰੀ   ਅੱਜ ਸਾਡੇ ਦੇਸ਼ ਦੀ ਇਕ ਵੱਡੀ ਸੱਮਸਿਆ ਬਣ ਚੁਕੀ ਹੈ | ਪੜ੍ਹੇ ਲਿਖੇ ਨੌਜਵਾਨ ਵਰਗ ਦੀ ਸੰਖਿਆ  ਸਭ ਤੋਂ ਵੱਧ  ਹੈ | ਇਸ ਦਾ ਕਾਰਨ ਅਸੀਂ ਵਧਦੀ ਅਬਾਦੀ, ਹਰ ਥਾਂ ਖੁਲ੍ਹੇ ਤਰਾਂ-ਤਰਾਂ ਦੇ ਕੋਰਸ, ਡਿਗਰੀਆਂ ਕਰਵਾ ਰਹੇ ਨਿੱਜੀ ਵਿਦਿਅਕ ਅਦਾਰੇ, ਸਰਕਾਰੀ ਨੌਕਰੀਆਂ ਦੇ ਘੱਟ ਹੋਣ ਨੂੰ ਮੰਨ ਸਕਦੇ ਹਾਂ | ਅੱਜ ਦੇ ਯੁੱਗ ਵਿਚ ਵਿਦਿਆ ਇਕ ਲਾਹੇਵੰਦ ਉਦਯੋਗ ਬਣ ਚੁੱਕਾ ਹੈ, ਜਿਸ ਵਿਚ ਘੱਟ ਪੂੰਜੀ ਲਗਾ ਕੇ ਵੀ, ਵੱਧ ਮੁਨਾਫ਼ਾ ਕਮਾਇਆ ਜਾ ਰਿਹਾ ਹੈ | ਵੱਡੀਆਂ ਵੱਡੀਆਂ ਯੂਨੀਵਰਸਿਟੀਆਂ,  ਤਕਨੀਕੀ ਕਾਲਜ ਤੇ ਹੋਰ ਸਿਖਲਾਈ ਸੰਸਥਾਵਾਂ, ਵੱਡੇ ਵੱਡੇ ਉਦਯੋਗਿਕ ਘਰਾਣਿਆਂ ਤੇ ਪ੍ਰਵਾਸੀ ਭਾਰਤੀਆਂ ਵਲੋਂ ਦੇਸ਼ ਭਰ ਵਿਚ ਚਲਾਏ ਜਾ ਰਹੇ ਹਨ | ਇਨਾਂ ਵਿਚ ਮੋਟੀਆਂ ਫੀਸਾਂ ਭਰਨ ਤੋਂ ਬਾਦ ਵੀ ਵਿਦਿਆਰਥੀ ਵਰਗ ਨੂੰ ਰੁਜ਼ਗਾਰ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ | ਬਹੁਤੇ ਪਰਿਵਾਰ ਆਪਣੇ ਬੱਚਿਆਂ ਨੂੰ ਬੈਂਕਾਂ ਤੋਂ ਕਰਜ਼ਾ ਚੁੱਕ ਕੇ ਵੀ ਪੜ੍ਹਾਉਂਦੇ ਹਨ | ਪਰ ਸਿਖਿਆ ਮੁੰਕਮਲ ਹੋਣ ਤੋਂ ਬਾਦ ਵੀ ਨਿਰਾਸ਼ਾ ਹੀ ਹੱਥ ਲੱਗਦੀ ਹੈ | ਅਜਿਹੇ ਹਾਲਤ ਵਿਚ ਬੱਚਿਆਂ ਤੇ ਮਾਪਿਆਂ ਨੂੰ ਇਕੋ ਵਿਕਲਪ ਨਜ਼ਰ ਆਉਂਦਾ ਹੈ - ਵਿਦੇਸ਼ |
ਜੇ ਅਸੀਂ ਆਪਣੇ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਵਿਦੇਸ਼ਾਂ ਵਿਚ ਵਸਣ ਦੀ ਚਾਹ ਦਹਾਕਿਆਂ ਤੋਂ ਸਾਡੇ ਸੁਭਾਅ ਵਿਚ ਸ਼ਾਮਿਲ ਹੈ |  ਕਾਮਾਗਾਟਾ ਮਾਰੂ  ਦੀ ਘਟਨਾ  ਇਤਿਹਾਸ ਦੇ ਪੰਨਿਆਂ ਉਪਰ ਦਰਜ ਹੈ | ਵਿਦੇਸ਼ਾਂ ਦੀ ਚਕਾਚੌਂਧ ਸਾਡੇ ਦਿਲ ਦਿਮਾਗ ਤੇ ਅੱਜ ਪੂਰੀ ਤਰਾਂ ਹਾਵੀ ਹੈ | ਹਰ ਬੱਚਾ ਅੱਜ ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਦੇ ਸੁਪਨੇ ਵੇਖਦਾ ਹੈ | ਅੱਜ ਪ੍ਰਸਾਰ    ਮਧਿਅਮਾਂ ਦੀ ਪਹੁੰਚ ਹਰ ਇਨਸਾਨ ਤੱਕ ਹੈ ਤੇ ਅਸੀਂ ਸਾਰੇ ਵਿਦੇਸ਼ਾ ਵਿਚ ਪ੍ਰਵਾਸ  ਕਰਨ ਜਾ ਰਹੇ ਲੋਕਾਂ ਦੀ ਜ਼ਿੰਦਗੀ ਦੀ ਕੌੜੀ ਸਚਾਈ ਨੂੰ ਬਾਖ਼ੂਬੀ ਜਾਣਦੇ ਹਾਂ | ਪਰ ਇਸ ਨਾਲ ਸਾਡੀ ਪ੍ਰਬਲ ਚਾਹਤ ਉਪਰ ਕੋਈ ਅਸਰ ਨਹੀਂ ਪੈਂਦਾ | ਮਾਲਟਾ ਕਿਸ਼ਤੀ ਦਾ ਦੁਖਾਂਤ  ਹੋਵੇ ਜਾਂ ਮੈਕਸੀਕੋ ਦੇ ਜੰਗਲਾਂ ਵਿਚ ਸਾਡੇ ਨੌਜਵਾਨਾਂ ਦੀ ਰੁਲਦੀਆਂ ਲਾਸ਼ਾਂ ਸਾਡੀ ਵਿਦੇਸ਼ ਜਾਣ ਦੀ ਇੱਛਾ ਵਿਚ ਕਦੇ ਵੀ ਰੁਕਾਵਟ ਨਹੀਂ  ਬਣਦੀਆਂ | ਪੰਜਾਬ ਵਿਚ ਹਰ ਗਲੀ ਬਜ਼ਾਰ ਵਿਚ ਖੁਲ੍ਹੀਆਂ ਟ੍ਰੈਵਲ ਏਜੰਟਾਂ ਦੀਆਂ ਦੁਕਾਨਾਂ, ਅਖਬਾਰਾਂ ਵਿਚ ਛਪੇ ਰੰਗ ਬਿਰੰਗੇ ਇਸ਼ਤਿਹਾਰ, ਟੀ ਵੀ   ਚੈਨਲਾਂ ਉਪਰ ਏਜੰਸੀਆਂ ਦੇ ਆਕਰਸ਼ਕ ਪ੍ਰਾਯੋਜਿਤ ਪ੍ਰੋਗਰਾਮ ਸਾਨੂੰ ਸਾਰੀਆਂ ਦੁਸ਼ਵਾਰੀਆਂ ਨੂੰ ਦਰਕਿਨਾਰ ਕਰਕੇ ਵਿਦੇਸ਼ਾਂ ਵਲ ਖਿਚ ਰਹੇ ਹਨ |
ਅਜ ਪੰਜਾਬ ਦੇ ਹਰ ਘਰ ਚੋਂ ਔਸਤਨ ਦੋ ਬੱਚੇ ਵਿਦੇਸ਼ਾਂ ਵਿਚ ਹਨ | ਸੋਸ਼ਲ ਮੀਡੀਆਂ 'ਤੇ ਅਸੀਂ ਉਨਾਂ ਬੱਚਿਆਂ ਨੂੰ ਦਰਪੇਸ਼ ਮੁਸ਼ਕਿਲਾਂ ਰੋਜ਼ ਵੇਖਦੇ ਹਾਂ | ਅੱਜ ਕੈਨੇਡਾ ਵਿਚ ਜੋ ਪ੍ਰਵਾਸੀ ਵਿਦਿਆਰਥੀਆਂ ਦਾ ਹਾਲ ਹੈ , ਉਹ ਦੁਖਦਾਈ ਹੈ | ਜੇ ਅਸੀਂ ਉਨਾਂ ਦੇ ਮਾਪਿਆਂ ਦੀ ਗਲ ਕਰੀਏ ਤਾਂ ਉਨਾਂ ਦੀ ਹਾਲਤ ਵੀ ਤਰਸਯੋਗ ਹੈ | ਜਵਾਨ ਮੁੰਡੇ ਕੁੜੀਆਂ ਤੋਂ ਦੂਰ ਬੈਠੇ ਮਾਂ ਬਾਪ ਬੁਢਾਪੇ ਵਿਚ ਉਨਾਂ ਦੇ ਚਿਹਰੇ ਵੇਖਣ ਨੂੰ ਤਰਸਦੇ ਹਨ | ਤੇ ਜੇ ਕੋਈ ਅਣਹੋਣੀ ਇਧਰ ਜਾਂ ਵਿਦੇਸ਼ ਵਿਚ ਹੋ ਜਾਵੇ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਜਾਂਦੇ ਹਨ | ਕਵੀ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਇਸ ਦੁਖਾਂਤ ਦੀ ਸਜੀਵ ਤਸਵੀਰ ਹਨ |

" ਜੋ ਵਿਦੇਸ਼ਾਂ ' ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾਂ ਬਹਿਣਗੇ"

ਅਜ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਨੌਜਵਾਨ ਵਰਗ ਨੂੰ ਢੁਕਵਾਂ ਰੁਜ਼ਗਾਰ ਦੇਈਏ | ਵਿਦੇਸ਼ ਜਾਣਾ ਦੇਸ਼ ਦੇ ਨਿਘਾਰ ਵਲ ਜਾਣ ਦਾ ਸੰਕੇਤ ਹੈ | 

- ਦਵਿੰਦਰ ਕੁਮਾਰ