ਕਿਰਤੀ : ਦੇਸ਼ ਦੇ ਵਿਕਾਸ ਦਾ ਧੁਰਾ।

ਅੱਜ 1 ਮਈ ਦਾ ਦਿਨ, ਵਿਸ਼ਵ ਭਰ ਵਿਚ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਤੋਂ ਇਲਾਵਾ ਸੰਸਾਰ ਦੇ ਕਰੀਬ 80 ਦੇਸ਼ਾਂ ਵਿਚ ਇਸ ਦਿਨ ਕਾਰਖਾਨਿਆਂ ਵਿਚ ਰਾਸ਼ਟਰੀ ਛੁੱਟੀ ਐਲਾਨੀ ਜਾਂਦੀ ਹੈ। ਇਹ ਦਿਨ ਕਿਰਤੀਆਂ, ਕਾਮਿਆਂ ਦੀ ਮਿਹਨਤ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਈ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਜੇ ਇਸ ਦਿਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1886 ਵਿਚ ਸੰਯੁਕਤ ਰਾਜ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਹੋਈ ਸੀ।

ਅੱਜ 1 ਮਈ ਦਾ ਦਿਨ, ਵਿਸ਼ਵ ਭਰ ਵਿਚ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਤੋਂ ਇਲਾਵਾ ਸੰਸਾਰ ਦੇ ਕਰੀਬ 80 ਦੇਸ਼ਾਂ ਵਿਚ ਇਸ ਦਿਨ ਕਾਰਖਾਨਿਆਂ ਵਿਚ ਰਾਸ਼ਟਰੀ ਛੁੱਟੀ ਐਲਾਨੀ ਜਾਂਦੀ ਹੈ। ਇਹ ਦਿਨ ਕਿਰਤੀਆਂ, ਕਾਮਿਆਂ ਦੀ ਮਿਹਨਤ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਈ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਜੇ ਇਸ ਦਿਨ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1886 ਵਿਚ ਸੰਯੁਕਤ ਰਾਜ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਹੋਈ ਸੀ। 
ਮਜ਼ਦੂਰਾਂ ਦੇ ਇਕ ਸੰਗਠਨ ਨੇ ਕੰਮ ਦੇ ਘੰਟੇ ਨਿਰਧਾਰਤ ਕਰਨ ਲਈ ਇਕ ਯੂਨੀਅਨ ਬਣਾਈ। ਆਪਣੀ ਇਸ ਮੰਗ ਲਈ ਮਜ਼ਦੂਰਾਂ ਨੇ ਸ਼ਿਕਾਗੋ ਵਿਚ ਇਕ ਜ਼ੋਰਦਾਰ ਅੰਦੋਲਨ ਸ਼ੁਰੂ ਕਰ ਦਿਤਾ। ਕਿਰਤੀ ਅਜੇ ਹੜ੍ਹਤਾਲ ਕਰਨ ਦੀ ਯੋਜਨਾ ਹੀ ਬਣਾ ਰਹੇ ਸਨ ਕਿ ਉਨਾਂ ਦੇ ਧਰਨਾ ਸਥਲ ਦੇ ਨਜ਼ਦੀਕ ਇਕ ਬੰਬ ਧਮਾਕਾ ਹੋ ਗਿਆ, ਜਿਸ ਮਗਰੋਂ ਓਥੇ ਭਗਦੜ ਮਚ ਗਈ ਅਤੇ ਪੁਲੀਸ ਨੇ ਗੋਲੀਬਾਰੀ ਕਰ ਦਿਤੀ। ਇਸ ਗੋਲੀ ਕਾਂਡ ਵਿਚ ਕਈ ਮਜ਼ਦੂਰ ਮਾਰੇ ਗਏ ਅਤੇ 100 ਤੋਂ ਵੱਧ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। 
ਇਸ ਮਗਰੋਂ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ 1889 ਵਿਚ ਇਸ ਗੋਲੀਕਾਂਡ ਵਿਚ ਮਾਰੇ ਗਏ ਬੇਕਸੂਰ ਕਾਮਿਆਂ ਦੀ ਯਾਦ ਵਿਚ 1 ਮਈ ਦੇ ਦਿਨ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ I ਇਸ ਧਮਾਕੇ ਵਿਚ ਸ਼ਾਮਿਲ ਚਾਰ ਸ਼ਰਾਰਤੀ ਅਨਸਰਾਂ ਨੂੰ ਸ਼ਰੇਆਮ ਫਾਂਸੀ ਦੇ ਦਿਤੀ ਗਈ। ਇਸ ਮਗਰੋਂ 1889 ਵਿਚ ਪੈਰਿਸ ਵਿਖੇ ਹੋਈ ਅੰਤਰਰਾਸ਼ਟਰੀ ਮਜ਼ਦੂਰ ਮਹਾਂਸਭਾ ਦੀ ਦੂਜੀ ਬੈਠਕ ਵਿਚ ਇਕ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ 1 ਮਈ ਦਾ ਦਿਨ ਅੰਤਰ-ਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਵੇਗਾ।
ਭਾਰਤ ਵਿਚ ਇਸ ਦਿਨ ਦੀ ਸ਼ੁਰੂਆਤ 1 ਮਈ 1923 ਨੂੰ ਮਦਰਾਸ ਤੋਂ ਹੋਈ। ਉਸ ਵੇਲੇ ਇਸ ਨੂੰ ਮਦਰਾਸ ਦਿਵਸ ਵਜੋਂ ਮਨਾਇਆ ਜਾਂਦਾ ਸੀ ਪਰ ਬਾਦ ਵਿਚ ਇਸ ਦਾ ਨਾਂ ਬਦਲ ਕੇ ਮਜ਼ਦੂਰ ਦਿਵਸ ਰੱਖ ਦਿਤਾ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਮਜ਼ਦੂਰਾਂ ਨੇ ਅਣਥੱਕ ਮਿਹਨਤ ਅਤੇ ਸਿਰੜ ਨਾਲ ਰਾਸ਼ਟਰ ਨਿਰਮਾਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਮਜ਼ਦੂਰ ਦਿਵਸ ਮਨਾਉਣ ਦਾ ਟੀਚਾ ਸਿਰਫ਼ ਉਨਾਂ ਦੀ ਕਰੜੀ ਘਾਲਣਾ ਨੂੰ ਪਹਿਚਾਨਣਾ ਹੀ ਨਹੀਂ, ਸਗੋਂ ਉਨਾਂ ਨੂੰ ਉਨਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਾ ਅਤੇ ਉਨਾਂ ਨੂੰ ਸ਼ੋਸ਼ਣ ਤੋਂ ਬਚਾਉਣਾ ਵੀ ਹੈ। 
ਇਹ ਕਾਮਿਆਂ ਨੂੰ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਪ੍ਰਦਾਨ ਕਰਨ ਅਤੇ ਉਨਾਂ ਦੀ ਤਰੱਕੀ ਲਈ ਵੀ ਸਹਾਇਕ ਸਿੱਧ ਹੁੰਦਾ ਹੈ। ਚਾਹੇ ਮਜ਼ਦੂਰ ਕਿਸੇ ਵੀ ਦੇਸ਼ ਦੇ ਨਿਰਮਾਣ ਤੇ ਵਿਕਾਸ ਵਿਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਪਰੰਤੂ ਅੱਜ ਵੀ ਇਹ ਇਕ ਗੈਰ ਸੰਗਠਿਤ ਸੈਕਟਰ ਹੋਣ ਦੇ ਕਾਰਨ ਵੱਡੀ ਪੱਧਰ ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਚਾਹੇ ਉਦਯੋਗਿਕ ਖੇਤਰ ਤੇ ਹੋਰ ਕਾਮਿਆਂ ਦੇ ਹੱਕਾਂ ਦੀ ਰਾਖੀ ਵਾਸੀ ਸਰਕਾਰਾਂ ਵਲੋਂ ਸਮੇਂ ਸਮੇਂ ਤੇ ਕਈ ਕਾਨੂੰਨੇ ਬਣਾਏ ਗਏ ਹਨ ਪਰੰਤੂ ਅੱਜ ਵੀ ਕਾਮਗਰ ਵਰਗਾਂ ਦਾ ਸ਼ੋਸ਼ਣ ਸਾਡੇ ਦੇਸ਼ ਦੀ ਇਕ ਗੰਭੀਰ ਸਮੱਸਿਆ ਹੈ। 
ਮਜ਼ਦੂਰ ਆਮਤੌਰ ਤੇ ਗਰੀਬ ਤੇ ਦਲਿਤ ਵਰਗਾ ਨਾਲ ਸਬੰਧਿਤ ਹੁੰਦੇ ਹਨ। ਉਨਾਂ ਨੂੰ ਬਹੁਤ ਵਾਰ ਘੱਟ ਉਜ਼ਰਤਾਂ, ਮਾੜੀਆਂ ਤੇ ਜੋਖਿਮ ਭਰੀਆਂ ਕੰਮ ਦੀਆਂ ਸਥਿਤੀਆਂ ਤੇ ਹੋਰ ਕਈਂ ਤਰਾਂ ਦੇ ਵਿਤਰਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਦੀ ਆਰਥਿਕ ਹਾਲਤ ਤਕਰੀਬਨ ਇਹੋ ਜਹੀ ਹੁੰਦੀ ਹੈ ਕਿ ਜੇ ਉਨਾਂ ਦਾ ਰੁਜ਼ਗਾਰ ਖੁਮ ਜਾਵੇ ਤਾਂ ਉਹ ਬੇਘਰ ਹੋ ਜਾਂਦੇ ਹਨ ਤੇ ਪਰਿਵਾਰ ਭੁੱਖਮਰੀ ਦੇ ਕਿਨਾਰੇ ਤੇ ਆ ਜਾਂਦਾ ਹੈ। ਅੱਜ ਹਰ ਸ਼ਹਿਰ ਤੇ ਕਸਬੇ ਵਿਚ "ਲੇਬਰ ਚੌਂਕ" ਨਜ਼ਰ ਆਉਂਦੇ ਹਨ। ਅਗਰ ਇਨਾਂ ਦੇ ਕੋਲ ਕੋਈ ਇਕ ਕਾਰ ਸਵਾਰ ਜਾਂ ਮੋਟਰ ਸਾਈਕਲ ਉਪਰ ਰੁਕਦਾ ਹੈ ਤਾਂ 20 ਬੰਦੇ ਉਸ ਨੂੰ ਘੇਰ ਲੈਂਦੇ ਹਨ। ਕੁਝ ਇਕ ਨੂੰ ਕੰਮ ਮਿਲ ਜਾਂਦਾ ਹੈ ਪਰ ਬਹੁਤ ਸਾਰੇ ਮਜ਼ਦੂਰ ਦੁਪਹਿਰ ਤੋਂ ਬਾਦ ਰੋਟੀ ਦੇ ਡੱਬੇ ਲੈ ਕੇ ਵਾਪਸ ਘਰ ਪਰਤ ਜਾਂਦੇ ਹਨ। ਇਹ ਇਨਸਾਨੀ ਬੇਕਦਰੀ ਦੀ ਇਕ ਨਿਰਾਸ਼ਜਨਕ ਤਸਵੀਰ ਹੈ। ਅੱਜ ਵੀ ਬਹੁਤ ਸਾਰੇ ਮਜ਼ਦੂਰ ਖੇਤੀ ਖੇਤਰ ਵਿਚ ਅਤੇ ਵੱਡੇ ਕਾਰੋਬਾਰੀਆਂ ਦੇ ਅਧੀਨ ਬੰਧੂਆ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਹਨ।
ਅੱਜ ਦੇ ਮਹਿੰਗਾਈ ਦੇ ਦੌਰ ਵਿਚ ਪਛੜੇ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਇਕ ਹੋਰ ਗੰਭੀਰ ਸਮੱਸਿਆ ਹੈ "ਬਾਲ ਮਜ਼ਦੂਰੀ"। ਦੁਨੀਆਂ ਭਰ ਦੇ ਗਰੀਬ ਦੇਸ਼ਾਂ ਵਿਚ ਬਹੁਤੇ ਪਰਿਵਾਰਾਂ ਦੇ 5 ਤੋਂ 14 ਸਾਲ ਤੱਕ ਦੇ ਬੱਚੇ ਮਜ਼ਦੂਰੀ ਕਰ ਰਹੇ ਹਨ। ਇਹ ਬੱਚੇ ਮੁਖ ਤੌਰ ਰੇ ਘਰਾਂ, ਖੇਤੀਬਾੜੀ, ਘਰੇਲੂ ਉਦਯੋਗਾਂ, ਕਾਰਖਾਨਿਆਂ, ਖਾਣਾ ਅਤੇ ਅਖਬਾਰਾਂ ਵੰਡਣ ਦਾ ਕੰਮ ਕਰਦੇ ਹਨ। ਕੁਝ ਇਕ ਤਾਂ ਰਾਤ ਦੀਆਂ ਸ਼ਿਫਟਾਂ ਵਿਚ 12 ਘੰਟੇ ਤੱਕ ਵੀ ਕੰਮ ਕਰਦੇ ਹਨ। ਜੇ ਅਸੀ ਆਪਣੇ ਦੇਸ਼ ਦੀ ਗਲ ਕਰੀਏ ਤਾਂ ਘਰੇਲੂ ਆਮਦਨ ਵਧਣ, ਸਿਖਿਆ ਪ੍ਰਤੀ ਲੋਕਾਂ ਦੀ ਜਾਗਰੂਕਤਾ ਅਤੇ ਸਰਕਾਰੀ ਚੌਕਸੀ ਕਾਰਨ ਬਾਲ ਮਜ਼ਦੂਰਾਂ ਦੀ ਗਿਣਤੀ ਵਿਚ ਕਮੀ ਆਈ ਹੈ। ਆਮ ਮਜ਼ਦੂਰਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਈ ਸਰਕਾਰ ਵੱਲੋ ਮਨਰੇਗਾ ਤੇ ਨਰੇਗਾ ਜਹੀਆਂ, ਲਾਹੇਵੰਦ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪੱਛਮੀ ਦੇਸ਼ਾਂ ਵਿਰ ਹੱਥੀ ਕੰਮ ਕਰਨ ਵਾਲੇ ਕਾਰੀਗਰਾਂ ਤੇ ਮਜ਼ਦੂਰਾਂ ਨੂੰ ਸਨਮਾਨ ਦੀ ਨਜ਼ਰ ਨਾਲ ਵੇਖੀਆ ਜਾਂਦਾ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਆਮ ਨਾਗਰਿਕਾਂ ਨੂੰ ਵੀ ਮਜ਼ਦੂਰਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਹ ਸਾਡੇ ਇਜ਼ਤਦਾਰ ਸਹਾਇਕ ਹਨ। ਸਾਡੇ ਦੇਸ਼ ਦੇ ਨਿਰਮਾਣ ਵਿਚ ਵੱਡੇ ਹਿੱਸੇਦਾਰ ਹਨ।

-ਦਵਿੰਦਰ ਕੁਮਾਰ

- ਦਵਿੰਦਰ ਕੁਮਾਰ