ਡਾ: ਬੀ. ਆਰ. ਅੰਬੇਦਕਰ: ਯੋਗਦਾਨ ਅਤੇ ਵਿਰਾਸਤ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੇ ਸਥਾਪਿਤ ਬੁੱਤਾਂ ਦੀ ਬੇਅਦਬੀ ਅਤੇ ਉਨਾਂ ਦੇ ਆਸ ਪਾਸ ਭੜਕਾਊ ਨਾਹਰੇ ਲਿਖਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਸ਼ਰਾਰਤੀ ਅਤੇ ਸਿਰਫਿਰੇ ਲੋਕਾਂ ਦੀਆਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਅਤੇ ਫਿਰਕੂ ਸੱਦਭਾਵਨਾ ਨੂੰ ਨੁਕਸਾਨ ਪਹੁਚਾਉਣ ਦੀਆਂ ਗਿਰੀਆਂ ਹੋਈਆਂ ਹਰਕਤਾਂ ਹਨ। ਵਿਦੇਸ਼ਾਂ ਵਿਚ ਬੈਠੇ ਕੁਝ ਦੇਸ਼ ਵਿਰੋਧੀ ਅਨਸਰ ਆਪਣੇ ਘਟੀਆਂ ਮਨਸੂਬਿਆਂ ਲਈ ਇਹੋ ਜਹੇ ਲੋਕਾਂ ਨੂੰ ਸ਼ਹਿ ਦੇ ਰਹੇ ਹਨ। ਜੋ ਲੋਕ ਇਹੋ ਜਿਹੀਆਂ ਹਰਕਤਾਂ ਕਰ ਰਹੇ ਹਨ ਜਾਂ ਕਰਨ ਦੀ ਸੋਚ ਰਹੇ ਹਨ, ਉਨਾਂ ਨੂੰ ਇਸ ਦੇ ਅੰਜਾਮ ਬਾਰੇ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ।

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਜੀ ਦੇ ਸਥਾਪਿਤ ਬੁੱਤਾਂ ਦੀ ਬੇਅਦਬੀ ਅਤੇ ਉਨਾਂ ਦੇ ਆਸ ਪਾਸ ਭੜਕਾਊ ਨਾਹਰੇ ਲਿਖਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਸ਼ਰਾਰਤੀ ਅਤੇ ਸਿਰਫਿਰੇ ਲੋਕਾਂ ਦੀਆਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਅਤੇ ਫਿਰਕੂ ਸੱਦਭਾਵਨਾ ਨੂੰ ਨੁਕਸਾਨ ਪਹੁਚਾਉਣ ਦੀਆਂ ਗਿਰੀਆਂ ਹੋਈਆਂ ਹਰਕਤਾਂ ਹਨ। ਵਿਦੇਸ਼ਾਂ ਵਿਚ ਬੈਠੇ ਕੁਝ ਦੇਸ਼ ਵਿਰੋਧੀ ਅਨਸਰ ਆਪਣੇ ਘਟੀਆਂ ਮਨਸੂਬਿਆਂ ਲਈ ਇਹੋ ਜਹੇ ਲੋਕਾਂ ਨੂੰ ਸ਼ਹਿ ਦੇ ਰਹੇ ਹਨ। ਜੋ ਲੋਕ ਇਹੋ ਜਿਹੀਆਂ ਹਰਕਤਾਂ ਕਰ ਰਹੇ ਹਨ ਜਾਂ ਕਰਨ ਦੀ ਸੋਚ ਰਹੇ ਹਨ, ਉਨਾਂ ਨੂੰ ਇਸ ਦੇ ਅੰਜਾਮ ਬਾਰੇ ਵੀ ਵਿਚਾਰ ਕਰ ਲੈਣਾ ਚਾਹੀਦਾ ਹੈ। ਇਨਾਂ ਘਟਨਾਵਾਂ ਬਾਰੇ ਬਹੁਤ ਲੋਕਾਂ ਦੀ ਪ੍ਰਤੀਕ੍ਰਿਆ ਵੱਖ ਵੱਖ ਸੋਸ਼ਲ ਮਾਧਿਅਮਾਂ ਉਪਰ ਵੇਖਣ ਸੁਣਨ ਨੂੰ ਮਿਲਦੀ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਇਕ ਐਮ.ਐਲ.ਏ ਦਾ ਬਿਆਨ ਆਇਆ ਕਿ 14 ਅਪ੍ਰੈਲ ਨੂੰ ਸਾਰੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਾਜ ਵਿਚ ਵੱਖ ਵੱਖ ਥਾਵਾਂ ਉੱਪਰ ਬੁੱਤਾਂ ਦੀ ਰਾਖੀ ਕਰਨਗੇ। ਵੈਸੇ ਤਾਂ ਸਾਡਾ ਪੁਲਿਸ ਪ੍ਰਸ਼ਾਸਨ ਹਰ ਤਰਾਂ ਚੌਕੰਨਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰਾਂ ਸਮਰੱਥ ਹੈ। ਪਰ ਐਮ.ਐਲ.ਏ ਸਾਹਿਬ ਦੀ ਆਪਣੀ ਸੋਚ ਹੈ। ਮੇਰਾ ਆਪਣਾ ਨਿੱਜੀ ਵਿਚਾਰ ਹੈ ਕਿ ਸਾਨੂੰ ਬਾਬਾ ਸਾਹਿਬ ਦੀ ਵਿਰਾਸਤ ਅਤੇ ਉਨਾਂ ਦੀ ਵਿਚਾਰਧਾਰਾ ਦੀ ਰਾਖੀ ਲਈ ਸੁਚੇਤ ਹੋਣ ਦੀ ਲੋੜ ਹੈ। ਡਾਕਟਰ ਬੀ. ਆਰ. ਅੰਬੇਦਕਰ ਜੀ ਨੇ ਦੇਸ਼ ਦੇ ਸੰਵਿਧਾਨ ਦੀ ਰਚਨਾ ਕਿਸੇ ਵਰਗ ਵਿਸ਼ੇਸ਼ ਲਈ ਨਹੀਂ ਕੀਤੀ ਸੀ। ਇਸ ਵਿਚ ਹਰ ਭਾਰਤੀ ਨਾਗਰਿਕ ਦੇ ਹੱਕਾਂ ਅਤੇ ਫਰਜ਼ਾਂ ਦਾ ਜ਼ਿਕਰ ਹੈ।
ਹਰ ਸਾਲ ਸਮੁੱਚਾ ਦੇਸ਼ 14 ਅਪ੍ਰੈਲ ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਮਨਾਉਂਦਾ ਹੈ। ਭਾਰਤ ਤੇ ਇਤਿਹਾਸ ਵਿਚ ਉਹ ਇਕ ਨਾਮਵਰ ਅਤੇ ਯਾਦਗਾਰੀ ਹਸਤੀ ਹਨ। ਭਾਰਤੀ ਸੰਵਿਧਾਨ, ਜਿਸ ਵਿਚ ਦੱਬੇ ਕੁਚਲੇ ਲੋਕਾਂ ਲਈ ਸਮਾਨਤਾ ਅਤੇ ਸਮਾਜਿਕ ਨਿਆਂ, ਔਰਤਾਂ ਲਈ ਬਰਾਬਰ ਦੇ ਹੱਕ ਪ੍ਰਦਾਨ ਕੀਤੇ ਗਏ ਹਨ, ਬਾਬਾ ਸਾਹਿਬ ਉਸ ਦੇ ਮੁੱਖ ਆਰਕੀਟੈਕਟ ਸਨ। ਉਨਾਂ ਦਾ ਜਨਮ 14 ਅਪ੍ਰੈਲ ਮਹੂ, (ਮੱਧ ਪ੍ਰਦੇਸ਼) ਵਿਚ ਹੋਇਆ। ਉਹ ਮਹਾਰ ਜਾਤੀ ਵਿਚ ਪੈਦਾ ਹੋਏ, ਜਿਸ ਨੂੰ ਪੇਂਡੂ ਸੇਵਕਾਂ ਤੋਂ ਘਟੀਆ ਅਤੇ ਅਛੂਤ ਸਮਝਿਆ ਜਾਂਦਾ ਸੀ। ਉਨਾਂ ਦਾ ਬਚਪਨ ਜਾਤੀ ਵਿਤਰਕੇ ਦੀਆਂ ਕੌੜੀਆਂ ਹਕੀਕਤਾਂ ਅਤੇ ਸਮਾਜਿਕ ਅਪਮਾਨ ਸਹਿੰਦਿਆਂ ਗੁਜ਼ਰਿਆ। ਇਸ ਕਸੈਲੇ ਅਨੁਭਵ ਨੇ ਉਨਾਂ ਅੰਦਰ ਸਥਾਪਿਤ ਜਾਤ ਪ੍ਰਣਾਲੀ ਦੇ ਅਨਿਆਂ ਵਿਰੁੱਧ ਲੜਨ ਦਾ ਇਕ ਦ੍ਰਿੜ ਇਰਾਦਾ ਪੈਦਾ ਕਰ ਦਿਤਾ। ਉਨਾਂ ਨੂੰ ਸਕੂਲ ਦੇ ਦਿਨਾਂ ਵਿਚ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਦੇ ਬਾਵਜੂਦ ਉਨਾਂ ਨੇ ਮੁੰਬਈ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ (ਨਿਊਯਾਰਕ), ਗੇਲਜ਼ ਇੰਨ (ਲੰਡਨ), ਅਤੇ ਲੰਡਨ ਸਕੂਲ ਆਫ਼ ਇਕਨੋਮਿਕਸ ਤੋਂ ਉਚੇਰੀ ਵਿਦਿਆ ਪ੍ਰਾਪਤ ਕੀਤੀ। ਆਪਣੀ ਕਾਬਲੀਅਤ ਤੇ ਸਿਰ 'ਤੇ, ਸੰਵਿਧਾਨ ਦੀ ਡਰਾਫਟ ਕਮੇਟੀ ਦੇ ਚੇਅਰਮੈਨ, ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਵਿਚ ਕਿਰਤ ਮੰਤਰੀ ਬਣੇ। ਡਾ: ਬੀ. ਆਰ. ਅੰਬੇਦਕਰ ਇਕ ਸੁਚੇਤ ਸਮਾਜ ਸੁਧਾਰਕ, ਕਾਨੂੰਨਦਾਨ, ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਹਾਸ਼ੀਏ 'ਤੇ ਰੱਖੇ ਹੋਏ ਲੋਕਾਂ ਦੇ ਹੱਕਾਂ ਲਈ ਇਕ ਚੈੰਪਿਅਨ ਬਣ ਕੇ ਉਭਰੇ। ਉਨਾਂ ਨੇ ਆਪਣਾ ਜੀਵਨ ਜਾਤੀ ਵਿਤਰਕੇ ਵਿਰੁੱਧ ਲੜਨ, ਦਲਿਤਾਂ ਦੇ ਹੱਕਾਂ ਦੀ ਪੈਰਵੀ ਕਰਨ ਅਤੇ ਸਮਾਜਿਕ ਨਿਆਂ ਲਈ ਸਮਰਪਿਤ ਕੀਤਾ। ਉਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਵਿਚ ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਦੇ ਸਿਧਾਂਤਾਂ ਨੂੰ ਸ਼ਾਮਿਲ ਕੀਤਾ। 1956 ਵਿਚ ਉਨਾਂ ਨੇ ਜਾਤੀ ਭੇਦਭਾਵ ਨੂੰ ਨਕਾਰਦੇ ਹੋਏ ਬੁੱਧ ਧਰਮ ਅਪਣਾਇਆ। ਉਨਾਂ ਦੇ ਇਸ ਕਦਮ ਤੋਂ ਪ੍ਰੇਰਿਤ ਹੋ ਕੇ, ਲੱਖਾਂ ਲੋਕਾਂ ਨੇ ਉਨਾਂ ਦੇ ਦੱਸੇ ਰਾਹ ਉਪਰ ਚਲਣ ਦਾ ਫ਼ੈਸਲਾ ਕੀਤਾ। ਉਨਾਂ ਦੀ ਵਿਰਾਸਤ ਭਾਰਤ ਵਿਚ ਸਸ਼ਕਤੀਕਰਣ ਅਤੇ ਸਮਾਜਿਕ ਸੁਧਾਰ ਤੇ ਇਕ ਰਾਹ ਦਸੇਰੇ ਵਜੋਂ ਕਾਇਮ ਹੈ। ਉਚੇਰੀ ਸਿੱਖਿਆ ਪ੍ਰਾਪਤ ਕਰਨ ਉਪਰੰਤ, ਬਾਬਾ ਸਾਹਿਬ 1920 ਦੇ ਦਹਾਕੇ ਦੇ ਸ਼ੁਰੂ ਵਿਚ ਭਾਰਤ ਵਾਪਸ ਆ ਗਏ। ਇੱਥੇ ਆਕੇ ਉਨਾਂ ਸਮਾਜਿਕ ਕੁਰੀਤੀਆਂ, ਜਾਤੀ ਭੇਦ ਭਾਵ ਅਤੇ ਹੋਰ ਬੇਇੰਨਸਾਫੀਆਂ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ। 1924 ਵਿਚ ਬਾਬਾ ਸਾਹਿਬ ਨੇ ਬਹਿਸ਼ਕ੍ਰਿਤ ਹਿਤਕਾਰਰਿਨੀ ਸਭਾ (ਬਾਹਰ ਕੱਢੇ ਗਏ ਲੋਕਾਂ ਦੀ ਭਲਾਈ ਲਈ ਸੰਸਥਾ) ਦੀ ਸਥਾਪਨਾ ਕੀਤੀ, ਜਿਸ ਦਾ ਉਦੇਸ਼ ਉਸ ਸਮੇਂ ਐਲਾਨੇ ਅਛੂਤਾਂ ਤੇ ਦਲਿਤਾਂ ਵਿਚ ਵਿਦਿਆ ਦਾ ਪ੍ਰਸਾਰ ਕਰਨਾ ਅਤੇ ਉਨਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਕਰਨਾ ਸੀ। ਸਮਾਜਿਕ ਸੁਧਾਰ ਲਈ ਕਾਨੂੰਨੀ ਤਰੀਕਿਆਂ ਦੇ ਮਹੱਤਵ ਨੂੰ ਪਛਾਣਦੇ ਹੋਏ, ਡਾ: ਬੀ. ਆਰ. ਅੰਬੇਦਕਰ ਨੇ ਅੰਗਰੇਜ਼ ਅਧਿਕਾਰੀਆਂ ਸਾਹਮਣੇ ਦਲਿਤ ਵਰਗ ਦੀ ਨੁਮਾਇੰਦਗੀ ਵੀ ਕੀਤੀ। ਉਨਾਂ ਨੇ ਲੰਡਨ ਵਿਚ ਹੋਈਆਂ ਗੋਲਮੇਜ਼ ਕਨਫਰੰਸਾਂ ਵਿਚ ਦਲਿਤਾਂ ਦੇ ਪ੍ਰਤੀਨਿਧ ਵਜੋਂ ਹਿੱਸਾ ਲਿਆ, ਉਨਾਂ ਲਈ ਅਲੱਗ ਚੋਣ ਹਲਕਿਆਂ ਦੀ ਵਕਾਲਤ ਕੀਤੀ, ਤਾਂ ਜੋ ਸੱਤਾ ਵਿਚ ਉਨਾਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਾ ਸਕੇ। ਬਾਬਾ ਸਾਹਿਬ ਦੇ ਯਤਨਾਂ ਦਾ ਸਿੱਟਾ 1932 ਦੇ ਪੂਨਾ ਪੈਕਟ ਦੇ ਰੂਪ ਵਿਚ ਸਾਹਮਣੇ ਆਇਆ, ਜਿਸ ਵਿਚ ਆਮ ਚੋਣ ਖੇਤਰਾਂ ਵਿਚ ਦਲਿਤਾਂ ਲਈ ਰਾਖਵੀਆਂ ਸੀਟਾਂ ਦੀ ਵਿਵਸਥਾ ਕੀਤੀ ਗਈ। 1936 ਵਿਚ ਉਨਾਂ ਨੇ ਦਲਿਤਾਂ ਅਤੇ ਮਜ਼ਦੂਰਾਂ ਵਰਗਾਂ ਦੇ ਹਿੱਤਾਂ ਦੀ ਪ੍ਰਤਿਨਿਧਤਾ ਕਰਨ ਲਈ ਸੁਤੰਤਰ ਲੇਬਰ ਪਾਰਟੀ ਦੀ ਸਥਾਪਨਾ ਕੀਤੀ। 1942 ਵਿਚ ਇਸ ਪਾਰਟੀ ਨੂੰ ਅਨੁਸੂਚਿਤ ਜਾਤੀ ਫੈਡਰੇਸ਼ਨ ਵਿਚ ਬਦਲ ਦਿਤਾ। ਵਾਇਸਰਾਏ ਦੀ ਕਾਰਜਕਾਰੀ ਕਾਉਂਸਲ ਵਿਚ ਕਿਰਤ ਮੰਤਰੀ ਵਜੋਂ ਸੇਵਾ ਨਿਭਾਉਂਦਿਆਂ, ਬਾਬਾ ਸਾਹਿਬ ਨੇ ਕਈ ਕਿਰਤ ਸੁਧਾਰ ਅਮਲ ਵਿਚ ਲਿਆਂਦੇ, ਜਿਨ੍ਹਾਂ ਵਿਚ 1946 ਦਾ ਫੈਕਟਰੀ ਐਕਟ ਤੇ 1947 ਦਾ ਟ੍ਰੇਡ ਯੂਨੀਅਨ ਐਕਟ ਸ਼ਾਮਿਲ ਹਨ। ਉਨਾਂ ਨੇ ਕਾਮਿਆਂ ਲਈ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨ ਲਈ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨਾਂ ਨੇ ਕਰਮਚਾਰੀ ਰਾਜ ਬੀਮਾ (ESI) ਕਾਰਪੋਰੇਸ਼ਨ ਅਤੇ ਕਰਮਚਾਰੀ ਭਵਿੱਖ ਨਿਧੀ ਯੋਜਨਾ (EPF) ਦੀ ਸਿਰਜਣਾ ਦਾ ਸਰਗਰਮੀ ਨਾਲ ਸਮਰਥਨ ਕੀਤਾ।
ਡਾਕਟਰ ਅੰਬੇਦਕਰ ਔਰਤਾਂ ਦੇ ਅਧਿਕਾਰਾਂ ਦੇ ਇਕ ਮਜਬੂਤ ਸਮਰਥਕ ਸਨ। ਉਨਾਂ ਨੇ ਇਸਤਰੀਆਂ ਨਾਲ ਵਿਤਰਕਾ ਕਰਨ ਵਾਲੇ ਹਿੰਦੂ ਨਿੱਜੀ ਕਾਨੂੰਨਾਂ ਵਿਚ ਸੁਧਾਰ ਕਰਨ ਲਈ ਅਹਿਮ ਭੂਮਿਕਾ ਨਿਭਾਈ। ਉਨਾਂ ਨੇ ਹਿੰਦੂ ਕੋਡ ਬਿਲ ਪੇਸ਼ ਕੀਤਾ, ਜਿਸ ਵਿਚ ਵਿਰਾਸਤ, ਵਿਆਹ ਅਤੇ ਤਲਾਕ ਦੇ ਮਾਮਲਿਆਂ ਵਿਚ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੰਮ ਕਾਜੀ ਔਰਤਾਂ ਲਈ ਪ੍ਰਸੂਤੀ ਛੁੱਟੀ ਨੂੰ ਉਨਾਂ ਦੀ ਸ਼ਲਾਘਾਯੋਗ ਦੇਣ ਮੰਨਿਆ ਜਾ ਸਕਦਾ ਹੈ। ਇਕ ਮਹਾਨ ਸਮਾਜ ਸੁਧਾਰਕ ਵਜੋਂ ਜਾਣੇ ਜਾਂਦੇ ਡਾ: ਬੀ. ਆਰ. ਅੰਬੇਦਕਰ 6 ਦਸੰਬਰ 1956 ਨੂੰ ਇਹ ਸੰਸਾਰ ਨੂੰ ਅਲਵਿਦਾ ਕਹਿ ਗਏ। 1990 ਵਿਚ ਉਨਾਂ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ, ਪ੍ਰਦਾਨ ਕੀਤਾ ਗਿਆ। ਅੱਜ ਸਮੇਂ ਦੀ ਜ਼ਰੂਰਤ ਹੈ ਕਿ ਉਨਾਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਸਮਝਿਆ ਤੇ ਅਪਣਾਇਆ ਜਾਵੇ।

-           ਦਵਿੰਦਰ ਕੁਮਾਰ

- ਦਵਿੰਦਰ ਕੁਮਾਰ