ਵੈਟਨਰੀ ਅਤੇ ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਡੇਅਰੀ ਵਿੱਚ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਕਰਨ ਲਈ ਕੀਤੇ ਸਮਝੌਤੇ ਤੇ ਦਸਤਖ਼ਤ
ਲੁਧਿਆਣਾ 02 ਸਤੰਬਰ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਫਰੰਟਰਨਰ ਫਾਰਮਜ਼ ਇੰਡੀਆ ਪ੍ਰਾ. ਲਿਮ. ਅਤੇ ਇੰਸਟੀਚਿਊਟ ਆਫ਼ ਲਾਈਫ ਸਾਇੰਸਜ਼, ਭੁਵਨੇਸ਼ਵਰ ਨੂੰ ਇੱਕ ਰਣਨੀਤਕ ਸਹਿਯੋਗ ਲਈ ਸਾਂਝ ਵਿੱਚ ਲਿਆਂਦਾ ਹੈ। ਇਸ ਸਾਂਝ ਅਧੀਨ ਡੇਅਰੀ ਫੀਡ ਅਤੇ ਦੁੱਧ ਵਿੱਚ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਹਿਤ ਖੋਜ ਕਾਰਜ ਕੀਤਾ ਜਾਵੇਗਾ।
ਡਾ. ਦੇਬਾਸਿਸ ਦਾਸ਼, ਨਿਰਦੇਸ਼ਕ, ਇੰਸਟੀਚਿਊਟ ਆਫ਼ ਲਾਈਫ ਸਾਇੰਸਜ਼ ਅਤੇ ਸ਼੍ਰੀ ਪੰਕਜ ਨਵਾਨੀ, ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਫਰੰਟਰਨਰ ਫਾਰਮਜ਼ ਨੇ ਡਾ. ਰਾਮ ਸਰਨ ਸੇਠੀ ਨਿਰਦੇਸ਼ਕ, ਵੈਟਨਰੀ ਫਾਊਂਡੇਸ਼ਨ, ਡਾ. ਨਿਕੋਲਸ ਟੌਮਕਿੰਸ ਅਤੇ ਟੀਮ ਦੀ ਮੌਜੂਦਗੀ ਵਿੱਚ ਇੱਕ ਸਮਝੌਤਾ ਪੱਤਰ `ਤੇ ਹਸਤਾਖਰ ਕੀਤੇ। ਇਸ ਸਹਿਯੋਗ ਤਹਿਤ ਜ਼ਹਿਰੀਲੇ ਪਦਾਰਥਾਂ ਦੇ ਗਠਨ ਤੋਂ ਪਹਿਲਾਂ ਫੀਡ ਅਤੇ ਸਟੋਰ ਕੀਤੇ ਅਨਾਜ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਉਤਪਾਦਨ ਵਾਲੇ ਤੱਤਾਂ ਨੂੰ ਨਜਿੱਠਣ ਲਈ ਸਵਦੇਸ਼ੀ, ਗੈਰ-ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਕਰਦਾ ਹੈ। ਇਸ ਅਧੀਨ ਪੰਜਾਬ ਡੇਅਰੀ ਨੈੱਟਵਰਕ ਵਿੱਚ ਖੋਜ ਕੀਤੀ ਜਾਵੇਗੀ ਅਤੇ ਦੁੱਧ-ਗੁਣਵੱਤਾ ਦੇ ਨਤੀਜਿਆਂ ਰਾਹੀਂ ਇਸ ਖੋਜ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕੀਤਾ ਜਾਏਗਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੋਨਾਂ ਧਿਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲ ਅਕਾਦਮਿਕ ਖੋਜ, ਬਾਇਓਤਕਨਾਲੋਜੀ, ਉੱਦਮਤਾ ਅਤੇ ਫੀਲਡ-ਪੱਧਰੀ ਡੇਅਰੀ ਨਵੀਨਤਾ ਲਈ ਇਕ ਮਹੱਤਵਪੂਰਣ ਕਦਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਹਿਯੋਗ ਪਸ਼ੂਧਨ ਅਤੇ ਡੇਅਰੀ ਖੇਤਰ ਲਈ ਵਿਗਿਆਨਕ ਨਵੀਨਤਾਵਾਂ ਨੂੰ ਵਿਹਾਰਕ ਹੱਲਾਂ ਵਿੱਚ ਤਬਦੀਲ ਕਰਨ ਲਈ ਜ਼ਰੂਰੀ ਹਨ।
ਡਾ. ਸੇਠੀ ਨੇ ਕਿਹਾ ਕਿ ਸਾਂਝੇਦਾਰੀ ਰਾਹੀਂ ਵਪਾਰਕ ਖੇਤੀ ਸਥਿਤੀਆਂ ਦੇ ਅਧੀਨ ਇਹਨਾਂ ਤਕਨਾਲੋਜੀਆਂ ਨੂੰ ਪ੍ਰਮਾਣਿਤ ਕਰਨ ਨਾਲ ਸਟਾਰਟਅੱਪ ਢਾਂਚੇ ਅਤੇ ਸੁਰੱਖਿਅਤ ਫੀਡ ਤੇ ਦੁੱਧ ਲਈ ਨਵੀਂ ਖੋਜ ਸੰਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਦ੍ਰਿੜ ਹੁੰਦੀ ਹੈ।
ਡਾ. ਦੇਬਾਸਿਸ ਦਾਸ਼ ਨੇ ਕਿਹਾ ਕਿ ਇਸ ਸਮਝੌਤੇ ਦੇ ਤਹਿਤ ਅਫਲਾਟੌਕਸਿਨ ਜ਼ਹਿਰ ਤੋਂ ਬਚਾਅ ਸੰਬੰਧੀ ਨਵੇਂ ਨਿਰਣੇ ਸਾਹਮਣੇ ਆਉਣਗੇ, ਜਿਸ ਨਾਲ ਫੀਡ ਅਤੇ ਦੁੱਧ ਦੀ ਗੁਣਵੱਤਾ ਬਿਹਤਰ ਹੋ ਸਕੇਗੀ।
