ਐੱਸਆਈਆਰ2026 ਖਰੜ ਵਿਧਾਨ ਸਭਾ ਹਲਕੇ ਵਿੱਚ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਜਾਰੀ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 14 ਸਤੰਬਰ 2026:- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ, ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖਰੜ ਵਿਧਾਨ ਸਭਾ ਚੋਣ ਹਲਕੇ ਵਿੱਚ ਸਪੈਸ਼ਲ ਇੰਨਟੈਂਸਿਵ ਰਿਵੀਜ਼ਨ-2026 ਦੇ ਤੀਜੇ ਪੜਾਅ ਤਹਿਤ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ  ਨਾਲ ਸਬੰਧਤ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਇਸ ਪੜਾਅ ਤਹਿਤ 13 ਅਗਸਤ 2026 ਤੋਂ 12 ਸਤੰਬਰ 2026 ਤੱਕ ਆਮ ਜਨਤਾ ਵੱਲੋਂ ਦਾਅਵੇ ਅਤੇ ਇਤਰਾਜ਼ ਪੇਸ਼ ਕੀਤੇ ਗਏ।
ਐੱਸ.ਡੀ.ਐੱਮ.-ਕਮ-ਈ.ਆਰ.ਓ. ਖਰੜ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸਮਾਂ-ਸਾਰਣੀ ਅਨੁਸਾਰ 8 ਅਕਤੂਬਰ 2026 ਤੱਕ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਅਤੇ ਸਿਆਸੀ ਪਾਰਟੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਨਿਯਮਤ ਤੌਰ ’ਤੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਖਰੜ ਵਿਧਾਨ ਸਭਾ ਚੋਣ ਹਲਕੇ ਲਈ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਜਾਣਕਾਰੀ ਲਈ ਫਾਰਮ ਨੰਬਰ 6, 7 ਅਤੇ 8 ਨਾਲ ਸਬੰਧਤ ਅਖੀਰਲੇ ਹਫ਼ਤੇ ਦੀਆਂ ਸੂਚੀਆਂ ਫਾਰਮ ਨੰਬਰ 9, 10, 11 ਅਤੇ 11-ਏ ਵਿੱਚ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀਆਂ ਵੱਲੋਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਹਫਤਾਵਾਰੀ ਮੀਟਿੰਗਾਂ ਕਰਕੇ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।
ਸ੍ਰੀ ਗੁਰਮੀਤ ਸਿੰਘ ਨੇ ਕਿਹਾ ਕਿ ਐਸ ਆਈ ਆਰ-2026 ਦੀ ਪ੍ਰਕਿਰਿਆ ਨੂੰ ਨਿਰਧਾਰਤ ਨਿਯਮਾਂ ਅਤੇ ਸਮਾਂ-ਸਾਰਣੀ ਅਨੁਸਾਰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੋਗ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਅਤੇ ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਯਮਾਂ ਅਨੁਸਾਰ ਨਿਰਪੱਖ ਢੰਗ ਨਾਲ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।