ਦਾ ਰੈਨਸਾਂ ਸਕੂਲ ਮਾਨਸਾ ਵਿਖੇ ਸਕਾਊਟਿੰਗ ਦਾ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਸਫ਼ਲਤਾਪੂਰਵਕ ਸੰਪੰਨ

ਮਾਨਸਾ, 2 ਸਤੰਬਰ:- ਸਥਾਨਕ ਦਾ ਰੈਨਸਾਂ ਸਕੂਲ, ਮਾਨਸਾ ਵਿਖੇ ਭਾਰਤ ਸਕਾਊਟਸ ਐਂਡ ਗਾਈਡਜ਼ ਪੰਜਾਬ ਵੱਲੋਂ ਚਾਰ ਰੋਜ਼ਾ ਤ੍ਰਿਤੀਆ ਸੋਪਾਨ ਸਕਾਊਟ ਅਤੇ ਗਾਈਡ ਟੈਸਟਿੰਗ ਕੈਂਪ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਸਟੇਟ ਆਰਗਨਾਈਜ਼ਿੰਗ ਕਮਿਸ਼ਨਰ ਪੰਜਾਬ ਓਂਕਾਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਲਗਾਏ ਗਏ ਇਸ ਕੈਂਪ ਵਿੱਚ ਜ਼ਿਲ੍ਹਾ ਆਰਗਨਾਈਜ਼ਿੰਗ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ, ਸੀਨੀਅਰ ਸਕਾਊਟ ਮਾਸਟਰ ਨਵੀਨ ਕੁਮਾਰ ਅਤੇ ਡੀ.ਓ.ਸੀ. ਨਿਰਲੇਪ ਕੌਰ ਨੇ ਵਲੰਟੀਅਰਾਂ ਨੂੰ ਸਕਾਊਟਿੰਗ ਦੇ ਫੰਡਾਮੈਂਟਲਜ਼, ਪੈਟਰੋਲ ਸਿਸਟਮ, ਪਾਇਨੀਅਰਿੰਗ, ਮੁੱਢਲੀ ਸਹਾਇਤਾ, ਖੋਜ ਦੇ ਚਿੰਨ੍ਹ, ਬੀ.ਪੀ. ਸਿਕਸ, ਟ੍ਰੈਕਿੰਗ, ਐਸਟੀਮੇਸ਼ਨ, ਮਾਰਚ ਪਾਸਟ ਆਦਿ ਦੀ ਪ੍ਰਯੋਗਿਕ ਅਤੇ ਮੌਖਿਕ ਟ੍ਰੇਨਿੰਗ ਕਰਵਾਉਂਦਿਆਂ ਆਪਸੀ ਸਦਭਾਵਨਾ, ਸਾਥੀਆਂ ਦਾ ਸਹਿਯੋਗ ਕਰਨਾ ਅਤੇ ਔਖੇ ਹਾਲਾਤਾਂ ਨਾਲ ਜੂਝਣਾ ਆਦਿ ਬਾਰੇ ਵਿਸਥਾਰ ਨਾਲ ਸਿਖਾਇਆ ਗਿਆ।
ਕੈਂਪ ਦੌਰਾਨ OYMS ਪੋਰਟਲ ਦੇ ਸਟੇਟ ਨੋਡਲ ਅਫ਼ਸਰ ਅਤੇ ਸੀਨੀਅਰ ਸਕਾਊਟ ਮਾਸਟਰ ਸ਼੍ਰੀ ਦੇਸ ਰਾਜ ਸਿੰਘ ਕੁਲਰੀਆਂ ਵੱਲੋਂ ਕੈਂਪਰਾਂ ਨੂੰ ਵੱਖ-ਵੱਖ ਕਿਸਮਾਂ ਦੀਆਂ ਗੰਢਾਂ (Knots) ਬੰਨ੍ਹਣ ਦੇ ਢੰਗਾਂ ਬਾਰੇ ਵਿਵਹਾਰਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਕਾਊਟਿੰਗ ਦੀ ਸਿਖਲਾਈ ਨੌਜਵਾਨਾਂ ਵਿੱਚ ਹਿੰਮਤ, ਅਨੁਸ਼ਾਸਨ, ਸਹਿਯੋਗ ਅਤੇ ਮੁਸ਼ਕਿਲ ਹਾਲਾਤਾਂ ਵਿੱਚ ਫ਼ੈਸਲਾ ਲੈਣ ਦੀ ਸਮਰੱਥਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਵਲੰਟੀਅਰਾਂ ਦੇ ਪੰਦਰਾਂ ਪੈਟਰੋਲ ਬਣਾ ਕੇ ਵਾਈਡ ਗੇਮਜ਼ ਅਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਪੈਟਰੋਲ ਇਨ ਕੌਂਸਲ, ਟਰੁੱਪ ਇਨ ਕੌਂਸਲ, ਕੋਰਟ ਆਫ਼ ਆਨਰ, ਇੰਸਪੈਕਸ਼ਨ ਪ੍ਰਕਿਰਿਆ, ਲਾਗ ਬੁੱਕ ਦੀ ਮਹੱਤਤਾ, ਕੈਂਪ ਫਾਇਰ ਦੀ ਤਿਆਰੀ, ਬੀ.ਪੀ. ਸਿਕਸ, ਸਰਵਿਸ ਅਤੇ ਅਨੁਸ਼ਾਸਨ ਵਰਗੇ ਵਿਸ਼ਿਆਂ ’ਤੇ ਪ੍ਰਯੋਗਾਤਮਕ ਕਿਰਿਆਵਾਂ ਰਾਹੀਂ ਸਿਖਲਾਈ ਦਿੱਤੀ ਗਈ।
ਕੈਂਪ ਨੂੰ ਰੁਚੀ ਭਰਪੂਰ ਬਣਾਉਂਦਿਆਂ ਗਤੀਵਿਧੀਆਂ ਵਿੱਚ ਅੰਤਰ-ਪੈਟਰੋਲ ਖੇਡਾਂ ਅਤੇ ਐਡਵੈਂਚਰ ਟ੍ਰੇਨਿੰਗ ਨਾਲ ਵਲੰਟੀਅਰਾਂ ਲਈ ਟੀਮ ਵਰਕ, ਆਤਮ-ਵਿਸ਼ਵਾਸ ਅਤੇ ਨੇਤ੍ਰਿਤਵ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਿੱਖਣਾ ਸੌਖਾ ਹੋ ਗਿਆ। ਕੈਂਪ ਦੌਰਾਨ ਤ੍ਰਿਤੀਆ ਸੋਪਾਨ ਦੀ ਟੈਸਟਿੰਗ ਦਾ ਕੰਮ ਨਾਲੋ-ਨਾਲ ਚਲਦਾ ਰਿਹਾ।
ਅਖੀਰਲੇ ਦਿਨ ਕੈਂਪਰਾਂ ਵੱਲੋਂ ਬਣਾਈਆਂ ਝੌਂਪੜੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਸਮਾਪਤੀ ਸਮਾਰੋਹ ਦੌਰਾਨ ਛੇ ਕੈਂਪਰਾਂ ਵੱਲੋਂ ਕੈਂਪ ਰਿਪੋਰਟ ਪੇਸ਼ ਕੀਤੀ ਗਈ। ਚਾਰ ਕੈਂਪਰਾਂ ਨੇ ਜੱਜਮੈਂਟ ਦੀ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਸੰਸਥਾ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਇੰਦਰਜੀਤ ਸਿੰਘ ਬਰਾੜ ਨੇ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਲੈਕਚਰਾਰ ਮੋਹਿਤ ਕੁਮਾਰ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਅਖ਼ੀਰ ਵਿੱਚ ਸਕੂਲ ਦੇ ਚੇਅਰਮੈਨ ਡਾ. ਅਵਤਾਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਭਦਾਇਕ ਕੈਂਪ ਦੇ ਆਯੋਜਨ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿੱਚ ਅਜਿਹੇ ਕੈਂਪਾਂ ਦਾ ਆਯੋਜਨ ਕਰਦੇ ਰਹਿਣ ਦੀ ਤਾਕੀਦ ਕੀਤੀ।