ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 13 ਸਤੰਬਰ ਐਤਵਾਰ ਨੂੰ

ਪਟਿਆਲਾ, 10 ਸਤੰਬਰ:-ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਸਵੇਰੇ ਠੀਕ 9 ਵਜੇ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀਂ ਨੂੰ ਦੱਸਿਆ ਕਿ ਮਿੰਨੀ ਕਹਾਣੀ ਨੂੰ ਸਮਰਪਿਤ ਇਸ ਸਮਾਗਮ ਦੇ ਮੁਖ ਮਹਿਮਾਨ ਭਾਸ਼ਾ ਵਿਭਾਗ, ਪੰਜਾਬ ਦੇ ਸਾਬਕਾ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਹੋਣਗੇ ਅਤੇ ਪ੍ਰਧਾਨਗੀ ‘ਅਜੀਤ’ ਦਫ਼ਤਰ ਸੰਗਰੂਰ ਦੇ ਜ਼ਿਲ੍ਹਾ ਇੰਚਾਰਜ ਅਤੇ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਸ. ਸੁਖਵਿੰਦਰ ਸਿੰਘ ਫੁੱਲ ਕਰਨਗੇ। ਇਸ ਦੌਰਾਨ ਦੂਜਾ ਅੱਵਲ ਸਰਹੱਦੀ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ-2026 ਉੱਘੇ ਮਿੰਨੀ ਕਹਾਣੀ ਲੇਖਕ ਸ੍ਰੀ ਮੋਹਨ ਸ਼ਰਮਾ (ਸੰਗਰੂਰ) ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਸਨਮਾਨ ਵਿਚ ਉਨ੍ਹਾਂ ਨੂੰ ਨਗਦ ਰਾਸ਼ੀ ਅਤੇ ਸ਼ਾਲ ਤੋਂ ਇਲਾਵਾ ਸਨਮਾਨ ਪੱਤਰ ਵੀ ਭੇਂਟ ਕੀਤਾ ਜਾਵੇਗਾ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਗੁਰਪ੍ਰੀਤ ਕੌਰ ਅਤੇ ਪਰਵਿੰਦਰ ਸਡਾਨਾ ਹੋਣਗੇ। ਅੱਵਲ ਸਰਹੱਦੀ ਦੇ ਵਿਅਕਤਿੱਤਵ ਅਤੇ ਕਰਤਿੱਤਵ ਬਾਰੇ ਕਰਮਵੀਰ ਸਿੰਘ ਸੂਰੀ ਵੱਲੋਂ ਲਿਖਿਆ ਪੇਪਰ ਸਕੂਲ ਆਫ਼ ਐਮੀਨੈਂਸ ਫ਼ੀਲਖਾਨਾ, ਪਟਿਆਲਾ ਦੀ ਅਧਿਆਪਕਾ ਮਨਪ੍ਰੀਤ ਕੌਰ ਪੜ੍ਹਨਗੇ ਜਦੋਂ ਕਿ ਮੋਹਨ ਸ਼ਰਮਾ ਦੇ ਮਿੰਨੀ ਕਹਾਣੀ ਨੂੰ ਯੋਗਦਾਨ ਸੰਬੰਧੀ ਪੇਪਰ ਸਰਬਾਂਗੀ ਲੇਖਕ ਰਣਜੀਤ ਆਜ਼ਾਦ ਕਾਂਝਲਾ (ਧੂਰੀ) ਪੜ੍ਹਨਗੇ। ਸਨਮਾਨ ਪੱਤਰ ਪੜ੍ਹਨ ਦੀ ਰਸਮ ਫ਼ਿਲਮ-ਨਿਰਦੇਸ਼ਕ ਅੰਗਦ ਸਡਾਨਾ ਨਿਭਾਉਣਗੇ। ਇਸ ਸਮਾਗਮ ਵਿਚ ਸੀਮਾ ਵਰਮਾ (ਲੁਧਿਆਣਾ) ਅਤੇ ਗੁਰਵਿੰਦਰ ਅਮਨ (ਰਾਜਪੁਰਾ) ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਹਨ।