ਮੁਲਾਜ਼ਮ ਜਥੇਬੰਦੀਆਂ ਵਲੋਂ ਸਰਕਾਰ ਵਿਰੁੱਧ ਰੋਸ ਰੈਲੀ
ਮੁਹਾਲੀ, 10 ਸਤੰਬਰ:- ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਸੰਚਾਲਤ ਸਾਂਝੀ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ ਤੇ ਮਿਤੀ 8 ਸਤੰਬਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਮੁਹਾਲੀ ਅੰਦਰ ਸਮੁੱਚੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਫੈਸਲਿਆਂ ਵਿਰੁੱਧ ਵਿਸ਼ਾਲ ਰੋਸ ਰੈਲੀ ਕੀਤੀ ਗਈ।
ਜਿਸ ਵਿੱਚ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਸ ਸਰਕਾਰ ਵਲੋਂ ਜਿਥੇ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਵਾਅਦੇ ਕੀਤੇ ਉਥੇ ਮੁਲਾਜ਼ਮ ਵਰਗ ਨਾਲ ਵੀ ਗਰੰਟੀਆ ਕੀਤੀਆਂ ਗਈਆਂ। ਜਿਸ ਵਿੱਚ ਪ੍ਰਮੁੱਖ ਤੌਰ ਤੇ ਪੰਜਾਬ ਅੰਦਰ ਮਾਣ ਭੱਤਾ ਵਰਕਰਾਂ ਚਾਹੇ ਉਹ ਮਿੱਡ ਡੇ ਮੀਲ ਵਰਕਰਾਂ, ਆਸਾਂ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ ਵਧਾਕੇ ਮਾਣ ਭੱਤਾ ਦੇਣ ਦੀ ਗਰੰਟੀ ਦਿੱਤੀ ਜੋ ਕਿ ਅੱਜ ਤੱਕ ਪੂਰੀ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਕੱਚੇ ਤੌਰ ਤੇ ਕੰਮ ਕਰਦੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਗਿਆ, ਪੁਰਾਣੀ ਪੈਨਸ਼ਨ ਲਾਗੂ ਕਰਨ, ਪੈਨਸ਼ਨਰਾਂ ਨੂੰ 2.59 ਦਾ ਗੁਣਾਕ ਲਾਗੂ ਕਰਨ, ਕੇਂਦਰ ਦੇ ਸਕੇਲ ਲਾਗੂ ਕਰਨ ਦਾ ਪੱਤਰ ਰੱਦ ਕਰਨ, ਤਿੰਨ ਸਾਲ ਦਾ ਪ੍ਰੋਬੇਸਨ ਪੀਰੀਅਡ ਰੱਦ ਕਰਨ ਅਤੇ ਹੋਰ ਕਈ ਗਰੰਟੀਆ ਕੀਤੀਆਂ ਗਈਆਂ ਸਨ।
ਪ੍ਰੰਤੂ ਸੱਤਾ ਵਿੱਚ ਆਉਣ ਤੇ ਇਸ ਸਰਕਾਰ ਵਲੋਂ ਹੱਕ ਮੰਗਦੇ ਮੁਲਾਜ਼ਮਾਂ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਚਾਹੇ ਬਿਜਲੀ ਬੋਰਡ ਦੇ ਲਾਈਨ ਮੈਨ ਹੋਣ, ਮਨਰੇਗਾ ਦੇ ਕਾਮੇ, ਬਰਨਾਲੇ ਸਫਾਈ ਸੇਵਕਾਂ ਦੇ ਉੱਤੇ ਅਤੇ ਸਤੌਜ ਮੁੱਖ ਮੰਤਰੀ ਦੇ ਪਿੰਡ ਪੁਰਾਣੀ ਪੈਨਸ਼ਨ ਬਹਾਲੀ ਮੋਰਚੇ ਉੱਤੇ ਪਾਣੀ ਦੀਆਂ ਬੁਛਾੜਾਂ, ਲਾਠੀ ਚਾਰਜ ਕੀਤਾ ਗਿਆ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਖੇ ਲਾ ਮਿਸਾਲ ਰੈਲੀ ਕਰਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਸਰਕਾਰ ਮਹਿੰਗਾਈ ਭੱਤਾ ਦੇ ਕੇਸ ਵਿੱਚ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਵੀ ਲਾਗੂ ਕਰਨ ਤੋਂ ਇਨਕਾਰੀ ਹੋ ਗਈ ਹੈ। ਹੁਣ ਲੜਾਈ ਫੈਸਲਾ ਕੁਨ ਦੌਰ ਵਿੱਚ ਦਾਖਲ ਹੋ ਗਈ ਹੈ।
ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਧ ਤਨਖਾਹਾਂ ਦੇਣ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ ਅਤੇ ਸੁਸ਼ੀਲ ਕੁਮਾਰ ਫੌਜੀ ਦੀ ਬਦਲਾ ਲਉ ਭਾਵਨਾ ਨਾਲ ਬਦਲੀ ਕੀਤੀ ਗਈ ਹੈ ਜਿਸ ਕਾਰਨ ਮੁਲਾਜ਼ਮਾਂ ਅੰਦਰ ਰੋਸ ਭੜਕ ਗਿਆ ਹੈ।
ਸਰਕਾਰ ਦੇ ਵਿਰੁੱਧ ਸੱਚ ਝੂਠ ਦੀ ਲੜਾਈ ਪਿੰਡ ਪਿੰਡ, ਗਲ਼ੀ ਗਲੀ, ਮੁਹੱਲੇ ਮਹੱਲੇ ਲੜੀ ਜਾਵੇਗੀ। ਰੈਲੀ ਨੂੰ ਪ੍ਰਧਾਨ ਜਸਵੀਰ ਸਿੰਘ ਟੌਹੜਾ, ਮਨਪ੍ਰੀਤ ਕੌਰ, ਗੌਰਵ ਧੀਮਾਨ, ਨਵਤੇਜ ਸਿੰਘ, ਫਰੰਟ ਦੇ ਆਗੂ ਹਰਨੇਕ ਸਿੰਘ ਮਾਵੀ, ਗੁਰਪ੍ਰੀਤ ਸਿੰਘ ਬਾਠ ਅਤੇ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ।
