ਲੁੱਟਖੋਹ ਦੀਆਂ ਵਾਰਦਾਤਾਂ ਤੋਂ ਜਨਤਾ ਸਹਿਮੀ ਸੋਨੀ
ਗੜ੍ਹਸ਼ੰਕਰ:- ਦਿਨੋ-ਦਿਨ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਆਮ ਜਨਤਾ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਵਾਰਤਾ ਦੌਰਾਨ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਆਏ ਦਿਨ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਰਾਹਗੀਰਾਂ ਕੋਲੋਂ ਪਰਸ ਅਤੇ ਮੋਬਾਈਲ ਫੋਨ ਖੋਹੇ ਜਾ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋਏ ਪਏ ਹਨ। ਇਸ ਦਾ ਮੁੱਖ ਕਾਰਨ ਪੁਲਿਸ ਥਾਣਿਆਂ ’ਚ ਮੁਲਾਜ਼ਮਾਂ ਦੀ ਘਾਟ ਕਾਰਨ ਪੁਲਿਸੀਆ ਕਾਰਵਾਈ ਨਾਮਾਤਰ ਹੀ ਹੋ ਰਹੀ ਹੈ ਅਤੇ ਆਮ ਪਬਲਿਕ ਦੀ ਸੁਰੱਖਿਆ ਛਿੱਕੇ ਟੰਗੀ ਹੋਈ ਹੈ।
ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਅਤੇ ਦਾਅਵਿਆਂ ਦੇ ਬਾਵਜੂਦ ਸੂਬੇ ਦੇ ਥਾਣਿਆਂ ’ਚ ਨਾ ਤਾਂ ਮੁਲਾਜ਼ਮਾਂ ਦੀ ਨਫ਼ਰੀ ਪੂਰੀ ਕੀਤੀ ਜਾ ਰਹੀ ਹੈ, ਨਾ ਹੀ ਨਸ਼ਿਆਂ ’ਤੇ ਰੋਕ ਲੱਗ ਸਕੀ ਹੈ। ਨਸ਼ਾ ਕਰਨ ਵਾਲੇ ਨੌਜਵਾਨ ਹੀ ਇਹਨਾਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਉਹਨਾਂ ਕਿਹਾ, “ਅਸੀਂ ਪ੍ਰੈਸ ਮਾਧਿਅਮ ਰਾਹੀਂ ਸੂਬਾ ਸਰਕਾਰ ਕੋਲੋਂ ਪੁਲਿਸ ਥਾਣਿਆਂ ’ਚ ਮੁਲਾਜ਼ਮਾਂ ਦੀ ਕਮੀ ਪੂਰੀ ਕਰਨ ਅਤੇ ਗੜ੍ਹਸ਼ੰਕਰ ਸ਼ਹਿਰ ਦੀਆਂ ਆਮ ਜਨਤਕ ਥਾਵਾਂ ’ਤੇ ਪੁਲਿਸ ਮੁਲਾਜ਼ਮਾਂ ਦੀ ਗਸ਼ਤ ਵਧਾਈ ਜਾਵੇ, ਤਾਂ ਜੋ ਲੁੱਟ-ਖੋਹ ਕਰਨ ਵਾਲੇ ਲੁਟੇਰਿਆਂ ਅਤੇ ਨਸ਼ਾ ਤਸਕਰਾਂ ਨੂੰ ਪਕੜਿਆ ਜਾ ਸਕੇ ਅਤੇ ਆਮ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।”
