ਪਟਿਆਲਾ (ਕਾਕਾ ਰਾਮ ਵਰਮਾ):- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਅਪ੍ਰੈਲ ਅਤੇ ਮੁੜ 27 ਨਵੰਬਰ ਨੂੰ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ-ਕਮ-ਕੰਟਰੋਲਰ ਸਿਵਲ ਡਿਫੈਂਸ ਦੀ ਅਗਵਾਈ ਹੇਠ ਸਿਵਲ ਡਿਫੈਂਸ ਅਤੇ ਬਲੈਕਆਊਟ ਮੌਕ ਡਰਿੱਲਾਂ ਕਰਵਾਈਆਂ ਗਈਆਂ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰ ਬਣਾਇਆ ਜਾ ਸਕੇ। ਪਰ ਇਨ੍ਹਾਂ ਮੌਕ ਡਰਿੱਲਾਂ ਦੌਰਾਨ ਆਮ ਲੋਕਾਂ, ਵਿਦਿਆਰਥੀਆਂ, ਅਧਿਆਪਕਾਂ, ਐਨਸੀਸੀ ਕੈਡਿਟਾਂ ਅਤੇ ਐਨਐਸਐਸ ਵਲੰਟੀਅਰਾਂ ਦੀ ਸ਼ਮੂਲੀਅਤ ਬਹੁਤ ਘੱਟ ਦੇਖਣ ਨੂੰ ਮਿਲੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਅਤੇ ਫਸਟ ਏਡ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਮੌਕ ਡਰਿੱਲਾਂ ਦਾ ਉਦੇਸ਼ ਦੇਸ਼, ਸਮਾਜ, ਘਰਾਂ, ਪਰਿਵਾਰਾਂ, ਹਸਪਤਾਲਾਂ, ਹੋਟਲਾਂ, ਫੈਕਟਰੀਆਂ ਅਤੇ ਜਨਤਕ ਥਾਵਾਂ ’ਤੇ ਵਾਪਰਨ ਵਾਲੀਆਂ ਕੁਦਰਤੀ, ਮੌਸਮੀ ਅਤੇ ਮਨੁੱਖੀ ਆਫ਼ਤਾਂ, ਜੰਗਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ ਅਤੇ ਸਦਮੇ ਵਰਗੀਆਂ ਸਥਿਤੀਆਂ ਦੌਰਾਨ ਕੀਮਤੀ ਜਾਨਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਸਿਵਲ ਡਿਫੈਂਸ ਯੋਧੇ ਤਿਆਰ ਕਰਨਾ ਹੈ।

ਸ੍ਰੀ ਵਰਮਾ ਨੇ ਦੱਸਿਆ ਕਿ ਕਰਵਾਈਆਂ ਗਈਆਂ ਮੌਕ ਡਰਿੱਲਾਂ 1962, 1965 ਅਤੇ 1971 ਦੀਆਂ ਜੰਗਾਂ ’ਤੇ ਆਧਾਰਿਤ ਸਨ, ਜਦਕਿ ਮੌਜੂਦਾ ਸਮੇਂ ਵਿੱਚ ਜਹਾਜ਼ਾਂ ਦੀ ਥਾਂ ਗਾਈਡਡ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਹਮਲੇ ਕੀਤੇ ਜਾ ਰਹੇ ਹਨ। ਗਾਈਡਡ ਮਿਜ਼ਾਈਲਾਂ ਰਾਹੀਂ ਨਿਰਧਾਰਤ ਟੀਚਿਆਂ ’ਤੇ ਕੁਝ ਹੀ ਮਿੰਟਾਂ ਵਿੱਚ ਬੰਬ ਅਤੇ ਵਿਸਫੋਟਕ ਸੁੱਟੇ ਜਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਮੁਲਾਜ਼ਮਾਂ, ਫੈਕਟਰੀ ਕਰਮਚਾਰੀਆਂ, ਐਨਸੀਸੀ ਕੈਡਿਟਾਂ ਅਤੇ ਐਨਐਸਐਸ ਵਲੰਟੀਅਰਾਂ ਨੂੰ ਜੰਗਾਂ, ਆਫ਼ਤਾਂ ਅਤੇ ਘਰੇਲੂ ਹਾਦਸਿਆਂ ਦੌਰਾਨ ਆਪਣੀ ਸੁਰੱਖਿਆ ਕਰਨ ਅਤੇ ਪੀੜਤਾਂ ਨੂੰ ਬਚਾਉਣ ਲਈ ਸਿਖਲਾਈ ਦੇਣੀ ਜ਼ਰੂਰੀ ਹੈ। ਉਨ੍ਹਾਂ ਨੂੰ ਬਚਾਅ ਕਾਰਜਾਂ, ਫਸਟ ਏਡ, ਸੀਪੀਆਰ, ਰਿਕਵਰੀ ਪੁਜ਼ੀਸ਼ਨ ਅਤੇ ਅੱਗ, ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ, ਰਸਾਇਣਕ ਅਤੇ ਪ੍ਰਮਾਣੂ ਪਦਾਰਥਾਂ ਦੀ ਸੁਰੱਖਿਅਤ ਵਰਤੋਂ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਜਾਇਦਾਦ ਬਚਾਉਣ ਲਈ ਸਿਖਲਾਈ, ਅਭਿਆਸ ਅਤੇ ਮੌਕ ਡਰਿੱਲਾਂ ਕਰਵਾ ਕੇ ਲੋਕਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜੰਗਾਂ ਅਤੇ ਆਫ਼ਤਾਂ ਦੌਰਾਨ ਰੈੱਡ ਕਰਾਸ ਸੁਸਾਇਟੀ, ਸਿਹਤ ਸੇਵਾਵਾਂ, ਸੁਰੱਖਿਆ ਏਜੰਸੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਪੀੜਤਾਂ ਦੀ ਮਦਦ ਕਰਨਾ ਮਹੱਤਵਪੂਰਨ ਗਤੀਵਿਧੀਆਂ ਵਿੱਚ ਸ਼ਾਮਲ ਹੈ। ਇਸ ਲਈ ਸਾਲ ਵਿੱਚ ਸਿਰਫ਼ ਦੋ ਦਿਨ ਨਹੀਂ, ਸਗੋਂ ਹਰੇਕ ਸੰਸਥਾ ਅਤੇ ਅਦਾਰੇ ਵਿੱਚ ਸਾਲ ਵਿੱਚ ਦੋ ਵਾਰ ਇਹ ਸਿਖਲਾਈਆਂ ਅਤੇ ਅਭਿਆਸ ਕਰਵਾਏ ਜਾਣੇ ਚਾਹੀਦੇ ਹਨ, ਤਾਂ ਹੀ ਹਰ ਘਰ, ਮੁਹੱਲੇ ਅਤੇ ਸੰਸਥਾ ਵਿੱਚ ਕੀਮਤੀ ਜਾਨਾਂ ਬਚਾਉਣ ਵਾਲੇ ਮਦਦਗਾਰ ਫ਼ਰਿਸ਼ਤੇ ਤਿਆਰ ਹੋ ਸਕਦੇ ਹਨ।